ਜਾਜਾ/ਟਾਂਡਾ(ਸ਼ਰਮਾ, ਸਮੀਰ, ਖੱਖ, ਜੌੜਾ, ਪੱਪੂ)-22 ਅਗਸਤ---ਅੱਜ ਸਵੇਰੇ ਕਰੀਬ 3.30 ਵਜੇ ਜਲੰਧਰ-ਪਠਾਨਕੋਟ ਰਾਜ ਮਾਰਗ 'ਤੇ ਵਿਸ਼ਾਲ ਧਰਮ ਕੰਡਾ ਐੱਫ. ਸੀ. ਆਈ. ਗੋਦਾਮ ਟਾਂਡਾ ਸਾਹਮਣੇ ਹੋਏ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮਾਂ-ਬੇਟੇ ਦੀ ਮੌਤ ਅਤੇ  6 ਹੋਰਨਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਉਸ ਵੇਲੇ ਹੋਇਆ ਜਦੋਂ ਛੋਟਾ ਹਾਥੀ (ਟੈਂਪੂ) ਜਿਹੜਾ ਪਿੰਡ ਕਲਾਂ, ਥਾਣਾ ਪਲਾਹ ਬਾਲਾ, ਤਹਿਸੀਲ ਅਖਨੂਰ ਜ਼ਿਲਾ ਜੰਮੂ ਤੋਂ ਜਲੰਧਰ ਜਾ ਰਿਹਾ ਸੀ ਤਾਂ ਉਸ ਟੈਂਪੂ ਦੀ ਉਕਤ ਥਾਂ 'ਤੇ ਇਕ ਟਰੱਕ ਨਾਲ ਜ਼ੋਰ ਦੀ ਟੱਕਰ ਹੋ ਗਈ ਜਿਸ ਕਾਰਨ ਉਸ ਟੈਂਪੂ ਵਿਚ ਸਵਾਰ ਆਸ਼ੂ ਦੇਵੀ (26) ਪਤਨੀ ਸੁਰਿੰਦਰ ਕੁਮਾਰ,  ਉਸ ਦੇ ਬੇਟੇ ਮਲਿਕ (2 ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੇ ਬਾਕੀ ਸਾਥੀ ਸਤੀਸ਼ ਕੁਮਾਰ ਪੁੱਤਰ ਮਹਿੰਦਰਪਾਲ, ਸੁਰੇਸ਼ ਪੁੱਤਰ ਸਤਪਾਲ, ਸੁਸ਼ੀਲ ਪੁੱਤਰ ਤੀਰਥ ਰਾਮ, ਵਿੱਕੀ ਸ਼ਰਮਾ ਪੁੱਤਰ ਪ੍ਰਕਾਸ਼ ਚੰਦ, ਜੀਆ ਲਾਲ ਪੁੱਤਰ ਦੀਵਾਨ ਚੰਦ ਅਤੇ ਆਸ਼ਿਮ ਪੁੱਤਰ ਸੁਰਿੰਦਰ ਕੁਮਾਰ ਸਾਰੇ ਵਾਸੀ ਜੰਮੂ ਗੰਭੀਰ ਜ਼ਖ਼ਮੀ ਹੋ ਗਏ। ਜਿਸ ਵਾਹਨ ਵਿਚ ਇਹ ਸਾਰੇ ਬੈਠੇ ਸਨ, ਉਹ ਵਾਹਨ ਅੱਗੇ ਤੋਂ ਇਨ੍ਹਾਂ ਬੁਰੀ ਤਰ੍ਹਾਂ ਟੁੱਟ ਗਿਆ ਕਿ ਏ. ਐੱਸ. ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਅਤੇ 108 ਐਂਬੂਲੈਂਸ ਦੇ ਈ. ਐੱਮ. ਟੀ. ਦਲਜੀਤ ਸਿੰਘ ਅਤੇ ਪਾਇਲਟ ਰਾਜਾ ਨੇ ਬਹੁਤ ਹੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਟੈਂਪੂ ਵਿਚੋਂ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਜਿਥੇ ਸਤੀਸ਼ ਸ਼ਰਮਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਂ ਤੇ ਭਰਾ ਦੇ ਵਿਛੋੜੇ ਦੇ ਦਰਦ ਨੂੰ ਨਹੀਂ ਸਹਾਰ ਰਿਹਾ ਅਸ਼ਮ ਸ਼ਰਮਾ
ਟਾਂਡਾ, (ਸਤੀਸ਼ ਜੌੜਾ)-ਪੰਜ ਸਾਲ ਦੀ ਮਾਸੂਮ ਜਿੰਦੜੀ ਅਸ਼ਮ ਸ਼ਰਮਾ ਨੂੰ ਕੀ ਪਤਾ ਸੀ ਕਿ ਅੱਜ ਸੂਰਜ ਦੀ ਲਾਈਟ ਹੋਣ ਤੋਂ ਪਹਿਲਾਂ ਹੀ ਉਸ ਦੀ ਮਾਂ ਆਸ਼ੂ ਦੇਵੀ ਤੇ ਉਸ ਦਾ ਛੋਟਾ ਭਰਾ ਮਣਕ (2) ਉਸ ਤੋਂ ਸਦਾ ਲਈ ਖੋਹੇ ਜਾਣਗੇ।
ਜ਼ਿਕਰਯੋਗ ਹੈ ਕਿ ਮ੍ਰਿਤਕ ਆਸ਼ੂ ਦੇਵੀ ਜੋ ਕਿ ਹਾਦਸਾ ਵਾਪਰਨ ਤੋਂ ਕੁਝ ਹੀ ਮਿੰਟ ਪਹਿਲਾਂ ਆਪਣੇ ਦੋ ਸਾਲਾਂ ਦੇ ਬੱਚੇ ਮਣਕ ਨੂੰ ਦੁੱਧ ਚੁੰਘਾ ਰਹੀ ਸੀ ਕਿ ਅਚਾਨਕ ਹਾਦਸਾ ਵਾਪਰਨ ਸਮੇਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 108 ਐਂਬੂਲੈਂਸ ਦੇ ਡਰਾਈਵਰ ਵਲੋਂ ਹਾਦਸੇ 'ਚੋਂ ਮ੍ਰਿਤਕਾਂ ਨੂੰ ਬਾਹਰ ਕਢਦੇ ਸਮੇਂ ਮ੍ਰਿਤਕ ਔਰਤ ਦੀਆਂ ਛਾਤੀਆਂ ਮ੍ਰਿਤਕ ਦੋ ਸਾਲਾ ਦੇ ਬੱਚੇ ਦੇ ਮੂੰਹ ਵਿਚੋਂ ਛੁਡਵਾਈਆਂ ਗਈਆਂ। ਅਸ਼ਮ ਆਪਣੀ ਮ੍ਰਿਤਕ ਮਾਂ ਤੇ ਮ੍ਰਿਤਕ ਭਰਾ ਨੂੰ ਦੇਖ ਕੇ ਵਿਰਲਾਪ ਕਰ ਰਿਹਾ ਸੀ।