www.sabblok.blogspot.com
ਮੋਗਾ (ਆਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਰਾਜੇਆਣਾ ਵਿਖੇ ਬੁੱਧਵਾਰ ਨੂੰ ਇਕ ਵਿਆਹੁਤਾ ਕੁਲਵਿੰਦਰ ਕੌਰ (23) ਦੀ ਲਾਸ਼ ਪਿੰਡ ਦੇ ਛੱਪੜ 'ਚੋਂ ਤੈਰਦੀ ਹੋਈ ਮਿਲਣ ਨਾਲ ਪਿੰਡ 'ਚ ਹਲਚਲ ਮਚ ਗਈ। ਮ੍ਰਿਤਕਾ ਕੁਲਵਿੰਦਰ ਕੌਰ ਦੇ ਪਰਿਵਾਰ ਵਲੋਂ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਇਸ ਸੰਬੰਧ ਵਿਚ ਪਿੰਡ ਨਿਹਾਲ ਸਿੰਘ ਵਾਲਾ ਪੁਲਸ ਵੱਲੋਂ ਮ੍ਰਿਤਕਾ ਦੇ ਮਾਸੜ ਗੁਰਸੇਵਕ ਸਿੰਘ ਨਿਵਾਸੀ ਲੰਢੇ ਕੇ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੇ ਪਤੀ ਸਰਬਜੀਤ ਸਿੰਘ, ਦਿਓਰ ਕਰਮਜੀਤ ਸਿੰਘ, ਸਹੁਰੇ ਹਾਕਮ ਸਿੰਘ ਅਤੇ ਸੱਸ ਮਨਜੀਤ ਕੌਰ ਨਿਵਾਸੀ ਰਾਜੇਆਣਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਗੁਰਨਾਮ ਸਿੰਘ ਵਲੋਂ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਮਾਸੜ ਗੁਰਸੇਵਕ ਸਿੰਘ ਨੇ ਕਿਹਾ ਕਿ ਕੁਲਵਿੰਦਰ ਕੌਰ ਨਿਵਾਸੀ ਦਾਇਆ ਦੀ ਸ਼ਾਦੀ ਕਰੀਬ 4 ਸਾਲ ਪਹਿਲਾਂ ਸਰਬਜੀਤ ਸਿੰਘ ਨਿਵਾਸੀ ਗਾਜੇਆਣਾ ਦੇ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਈ ਸੀ। ਕੁਲਵਿੰਦਰ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਦੀ ਖਾਤਰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਸੰਬੰਧ ਵਿਚ ਕੁਲਵਿੰਦਰ ਦੇ ਪਰਿਵਾਰ ਵਾਲਿਆਂ ਨੇ ਕਈ ਵਾਰ ਪੰਚਾਇਤ ਰਾਹੀਂ ਉਸ ਦੇ ਸਹੁਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਨੂੰ ਸੂਚਨਾ ਮਿਲੀ ਕਿ ਕੁਲਵਿੰਦਰ ਕੌਰ ਦੀ ਲਾਸ਼ ਛੱਪੜ ਵਿਚ ਤੈਰ ਰਹੀ ਹੈ, ਜਿਸ 'ਤੇ ਉਹ ਤੁਰੰਤ ਪਿੰਡ ਰਾਜੇਆਣਾ ਪਹੁੰਚੇ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ 'ਤੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਕਿਹਾ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਲਵਿੰਦਰ ਕੌਰ ਦੀ ਮੌਤ ਦੇ ਕਾਰਣਾਂ ਦਾ ਪਤਾ ਲੱਗ ਸਕੇਗਾ।
No comments:
Post a Comment