jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 21 August 2013

ਅੱਜ ਤੋਂ ਪੰਜਾਬ ਭਰ 'ਚ ਚੱਲੇਗਾ ਗ਼ਦਰ ਸ਼ਤਾਬਦੀ ਕਾਫ਼ਲਾ

www.sabblok.blogspot.com


ਜਲੰਧਰ, 21 ਅਗਸਤ :     ਅੱਜ ਤੋਂ 100 ਵਰੇ• ਪਹਿਲਾਂ ਬਦੇਸ਼ਾਂ ਦੀ ਧਰਤੀ ਤੋਂ ਆਪਣੀ ਮਾਂ ਧਰਤੀ ਦੀ ਅਜ਼ਾਦੀ ਲਈ ਗ਼ਦਰ ਪਾਰਟੀ ਦੀ ਸਥਾਪਨਾ ਕਰਨ ਵਾਲੇ ਸੰਗਰਾਮੀਆਂ ਦੀ ਯਾਦ 'ਚ ਦੁਨੀਆਂ ਭਰ 'ਚ ਮਨਾਈ ਜਾ ਰਹੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ 22 ਅਗਸਤ ਸਵੇਰੇ 7 ਵਜੇ ਦੇਸ਼ ਭਗਤ ਯਾਦਗਾਰ ਹਾਲ ਤੋਂ 'ਗ਼ਦਰ ਸ਼ਤਾਬਦੀ ਕਾਫ਼ਲਾ' ਆਰੰਭ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਦੇ ਮੀਤ ਪ੍ਰਧਾਨ ਅਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ ਅਤੇ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਚੱਲਣ ਵਾਲਾ ਇਹ ਕਾਫ਼ਲਾ ਪਹਿਲੇ ਪੜਾਅ ਵਜੋਂ ਗ਼ਦਰੀ ਦੇਸ਼ ਭਗਤਾਂ ਦੇ ਪਿੰਡ ਸੰਗਤਪੁਰਾ, ਬੰਗਸੀਪੁਰਾ, ਲੀਲ਼, ਸ਼ੇਰਪੁਰ, ਕੋਕਰੀ ਫੂਲਾ ਸਿੰਘ, ਕੋਕਰੀ ਕਲਾਂ, ਤਲਵੰਡੀ ਭੁੰਗੇਰੀਆਂ, ਤਲਵੰਡੀ ਦੁਸਾਂਝ, ਅਜਿਤਵਾਲ, ਜਗਰਾਓਂ, ਚੂਹੜ ਚੱਕ, ਢੁੱਡੀਕੇ ਹੁੰਦਾ ਹੋਇਆ ਪਿੰਡ ਮੱਦੋਕੇ ਰਾਤ ਰੁਕੇਗਾ।
ਇਸ ਰਾਤ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਇਕਾਈ ਚੇਤਨਾ ਕਲਾ ਕੇਂਦਰ ਬਰਨਾਲਾ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਗ਼ਦਰੀ ਸੰਗਰਾਮੀਆਂ ਨੂੰ ਸਮਰਪਤ ਨਾਟਕ 'ਵੰਗਾਰ' ਪੇਸ਼ ਕਰੇਗੀ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੂਜੇ ਦਿਨ 23 ਅਗਸਤ ਨੂੰ ਮੱਦੋਕੇ ਤੋਂ ਚੱਲਕੇ, ਰੂਮੀਂ, ਹਾਂਸ, ਬਿੰਜਲ, ਲੰਮਾ ਜੱਟਪੁਰਾ, ਝੋਰੜਾਂ, ਅੱਚਰਵਾਲ, ਮੂਮਾਂ, ਵਜ਼ੀਦਕੇ ਹੁੰਦਾ ਹੋਇਆ ਕਾਫ਼ਲਾ ਰਾਤ ਨੂੰ ਗ਼ਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪਿੰਡ ਠਹਿਰੇਗਾ।  ਇਥੇ ਵੀ ਰਾਤ ਨੂੰ ਹਰਵਿੰਦਰ ਦੀਵਾਨਾ ਦੀ ਰੰਗ ਟੋਲੀ ਵੱਲੋਂ 'ਵੰਗਾਰ' ਨਾਟਕ ਹੋਏਗਾ।  ਦੋਵੇਂ ਦਿਨ ਕਾਫ਼ਲੇ ਨਾਲ ਅਮਰਜੀਤ ਪ੍ਰਦੇਸੀ ਅਤੇ ਸਾਥੀਆਂ ਦਾ ਰਸੂਲਪੁਰ ਤੋਂ ਕਵੀਸ਼ਰੀ ਜੱਥਾ ਮਾਰਚ ਕਰੇਗਾ ਅਤੇ ਆਪਣੀਆਂ ਕਲਾ ਕਿਰਤਾਂ ਰਾਹੀਂ ਗ਼ਦਰੀਆਂ ਨੂੰ ਸ਼ਰਧਾਂਜ਼ਲੀ ਭੇਂਟ ਕਰੇਗਾ।  ਇਸ ਕਾਫ਼ਲੇ ਨਾਲ ਗ਼ਦਰੀ ਕਮੇਟੀਆਂ ਅਤੇ ਲੋਕ-ਜਥੇਬੰਦੀਆਂ ਭਰਵਾਂ ਸਹਿਯੋਗ ਦੇਣਗੀਆਂ।
ਕਾਫ਼ਲੇ ਦੀ ਨਿਰੰਤਰ ਲੜੀ ਵਜੋਂ ਅਗਲੇ ਦਿਨਾਂ 'ਚ ਮਾਲਵੇ ਦੇ ਹੋਰ ਪਿੰਡਾਂ 'ਚ ਮਾਰਚ ਕਰਨ ਉਪਰੰਤ ਦੁਆਬਾ ਅਤੇ ਮਾਝਾ ਖੇਤਰ ਦੇ ਪਿੰਡਾਂ ਵਿੱਚ ਵੀ ਗ਼ਦਰ ਲਹਿਰ ਦੇ ਆਦਰਸ਼ਾਂ ਦਾ ਹੋਕਾ ਦੇਣ ਲਈ ਇਹ ਕਾਫ਼ਲਾ ਮਾਰਚ ਕਰੇਗਾ।
ਜ਼ਿਕਰਯੋਗ ਹੈ ਕਿ ਕਾਫ਼ਲੇ ਅਤੇ ਹੋਰਨਾਂ ਢੁੱਕਵੀਆਂ ਪ੍ਰਚਾਰ-ਵਿਧੀਆਂ ਰਾਹੀਂ ਇਹ ਯਤਨ ਪਹਿਲੀ ਨਵੰਬਰ ਨੂੰ ਮਨਾਏ ਜਾ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਤੱਕ ਜਾਰੀ ਰਹਿਣਗੇ।  ਇਸ ਦੀ ਅਗਲੀ ਕੜੀ ਕਾਮਾਗਾਟਾ ਮਾਰੂ (2014), ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ (2015), ਬਰ•ਮਾ ਸਾਜ਼ਸ਼ ਕੇਸ (2016) ਅਤੇ ਰੂਸੀ ਕ੍ਰਾਂਤੀ (2017) ਸ਼ਤਾਬਦੀਆਂ ਤੱਕ ਜਾਰੀ ਰੱਖਣ ਦਾ ਪਹਿਲੀ ਨਵੰਬਰ ਮੇਲੇ ਦੇ ਸਿਖਰ 'ਤੇ ਅਹਿਦ ਲਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਕਾਫ਼ਲਾ ਲੋਕਾਂ ਨੂੰ ਸੁਨੇਹਾ ਦੇਵੇਗਾ ਕਿ ਸਾਮਰਾਜਵਾਦ, ਜਾਗੀਰੂ ਦਾਬਾ, ਕਾਰਪੋਰੇਟ ਜਗਤ ਦਾ ਸ਼ਿਕੰਜਾ, ਜਾਤ-ਪਾਤ, ਫ਼ਿਰਕਾਪ੍ਰਸਤੀ, ਜ਼ਬਰ ਜੁਲਮ ਆਦਿ 'ਚ ਲੋਕਾਂ ਨੂੰ ਜਕੜਨ ਵਾਲੇ ਸਮੁੱਚੇ ਆਰਥਕ, ਸਮਾਜਕ ਰਾਜਨੀਤਕ ਢਾਂਚੇ ਨੂੰ ਮੂਲੋਂ ਬਦਲਣ ਲਈ ਗ਼ਦਰੀ ਸੰਗਰਾਮ ਜਾਰੀ ਰੱਖਣ ਦੀ ਲੋੜ ਹੈ ਤਾਂ ਜੋ ਸਹੀ ਅਰਥਾਂ ਵਿੱਚ ਅਜ਼ਾਦੀ, ਜਮਹੂਰੀਅਤ, ਸਮਾਜਕ ਬਰਾਬਰੀ ਭਰੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

No comments: