jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 20 August 2013

ਕੇਂਦਰ ਸਰਕਾਰ ਸ਼ਹੀਦਾਂ ਪ੍ਰਤੀ ਸਰਕਾਰੀ ਰਿਕਾਰਡ ਦਰੁਸਤ ਕਰੇ

www.sabblok.blogspot.com
ਪ੍ਰੋ. ਕਰਮਜੀਤ ਕੌਰ ਕਿਸ਼ਾਵਲ
ਸਰਕਾਰੀ ਰਿਕਾਰਡ 'ਚ ਭਗਤ ਸਿੰਘ ਹਾਲੇ ਵੀ ਬਾਗੀ
ਵਿਰੋਧੀ ਧਿਰ ਦਾ ਦਬਾਅ ਪੈਣ 'ਤੇ ਕੇਂਦਰ ਸਰਕਾਰ
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਨੂੰ ਤਿਆਰ
ਗਾਂਧੀ ਦੇ ਵਿਰੋਧ ਦੇ ਬਾਵਜੂਦ ਕਾਂਗਰਸੀ ਸਨ
ਭਗਤ ਸਿੰਘ ਦੀ ਸੋਚ ਨਾਲ ਸਹਿਮਤ 
ਗ਼ਦਰ ਲਹਿਰ ਦੀ ਯਾਦਗਾਰ ਬਣਾਉਣ ਤੋਂ ਕੇਂਦਰ ਸਰਕਾਰ ਦੀ ਕੋਰੀ ਨਾਂਹ

ਪ੍ਰੋ. ਕਰਮਜੀਤ ਕੌਰ ਕਿਸ਼ਾਵਲ
 ਮੋਬਾਇਲ : 94176-74013

ਜਿਨ੍ਹਾਂ ਸ਼ਹੀਦਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ, ਚਾਹੇ ਉਹ ਗਦਰੀ ਬਾਬੇ ਸਨ, ਚਾਹੇ ਬੱਬਰ ਅਕਾਲੀ ਜਾਂ ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਅਜ਼ਾਦ, ਭਗਤ ਸਿੰਘ, ਊਧਮ ਸਿੰਘ ਵਰਗੇ ਯੋਧੇ, ਪਰ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਹਾਲੇ ਤੱਕ ਭਾਰਤ ਸਰਕਾਰ ਨਹੀਂ ਦੇ ਸਕੀ। ਅੰਗਰੇਜ਼ ਸਰਕਾਰ ਤਾਂ ਉਨ੍ਹਾਂ ਨੂੰ ਬਾਗੀ ਮੰਨਦੀ ਸੀ। ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ ਹਕੂਮਤ ਨੇ ਸਰਕਾਰੀ ਰਿਕਾਰਡ 'ਚ ਸਰਦਾਰ ਭਗਤ ਸਿੰਘ ਲਈ 'ਟੈਰੇਰਿਸਟ', ਬਾਗੀ ਸ਼ਬਦ ਦਾ ਪ੍ਰਯੋਗ ਕੀਤਾ  ਸੀ। ਇਹ ਮਹੱਤਵਪੂਰਨ ਗੱਲ ਹੈ ਕਿ ਸੁਤੰਤਰਤਾ ਸੰਗਰਾਮ ਦੌਰਾਨ ਭਾਰਤੀ ਲੋਕ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕ੍ਰਾਂਤੀਕਾਰੀ ਮੰਨਦੇ ਸਨ ਅਤੇ ਅੱਜ ਵੀ ਉਨ੍ਹਾਂ ਨੂੰ ਕ੍ਰਾਂਤੀਕਾਰੀ ਹੋਣ ਦਾ ਮਾਣ ਪ੍ਰਾਪਤ ਹੈ, ਪਰ ਕੇਂਦਰ ਸਰਕਾਰ ਨੇ ਆਜ਼ਾਦੀ ਨਾਇਕਾਂ ਬਾਰੇ ਹਾਲੇ ਤੱਕ ਸਰਕਾਰੀ ਰਿਕਾਰਡ ਠੀਕ ਨਹੀਂ ਕੀਤਾ।

ਸਰਕਾਰੀ ਰਿਕਾਰਡ 'ਚ ਭਗਤ ਸਿੰਘ ਸ਼ਹੀਦ ਨਹੀਂ

ਹੁਣੇ ਜਿਹੇ ਮੀਡੀਆ ਦੇ ਵਿੱਚ ਖਬਰ ਆਈ ਹੈ ਕਿ ਅਮਰ ਸ਼ਹੀਦ ਭਗਤ ਸਿੰਘ ਦਾ ਨਾਮ ਸਰਕਾਰੀ ਰਿਕਾਰਡ ਵਿਚ ਸ਼ਹੀਦ ਵਜੋਂ ਦਰਜ ਨਹੀਂ। ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਮੁਤਾਬਿਕ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਉਸ ਕੋਲ ਇਹ ਸਾਬਤ ਕਰਨ ਲਈ ਕੋਈ ਰਿਕਾਰਡ ਮੌਜੂਦ ਨਹੀਂ ਕਿ ਭਗਤ ਸਿੰਘ ਨੂੰ ਸ਼ਹੀਦ ਐਲਾਨਿਆ ਗਿਆ ਹੈ। ਗ੍ਰਹਿ ਮੰਤਰਾਲੇ ਦਾ ਇਹ ਵੀ ਮੰਨਣਾ ਹੈ ਕਿ ਆਜ਼ਾਦੀ ਸੰਘਰਸ਼ ਵਿਚ ਮਰਨ ਵਾਲੇ ਵਿਅਕਤੀਆਂ ਨੂੰ ਸ਼ਹੀਦ ਐਲਾਨਣ ਦੀ ਕੋਈ ਨੀਤੀ ਮੌਜੂਦ ਨਹੀਂ ਹੈ। ਕੇਵਲ ਰੱਖਿਆ ਮੰਤਰਾਲਾ ਹਥਿਆਰਬੰਦ ਸੈਨਾਵਾਂ ਦੇ ਮੁਲਾਜ਼ਮਾਂ ਨੂੰ ਸ਼ਹੀਦ ਕਰਾਰ ਦਿੰਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਇਸ ਸੰਬੰਧੀ ਅਜੀਬ ਤਰਕ ਸੀ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀ ਪਾਈ ਸੀ। ਉਹ ਇਸ ਲਈ ਕਿਸੇ ਰਿਕਾਰਡ ਦੇ ਹੋਣ ਜਾਂ ਨਾ ਹੋਣ ਦੇ ਮੁਥਾਜ ਨਹੀਂ। ਇਹ ਕਿੱਡੀ ਹਾਸੋਹੀਣੀ ਤੇ ਦੇਸ਼ ਦੇ ਲਈ ਦੁਖਦਾਈ ਗੱਲ ਹੈ ਕਿ ਜਿਸ ਆਜ਼ਾਦੀ ਦਾ ਅਸੀਂ ਆਨੰਦ ਮਾਣ ਰਹੇ ਹਾਂ, ਉਸ ਲਈ ਕੁਰਬਾਨ ਹੋਣ ਵਾਲੇ ਨਾਇਕਾਂ ਨੂੰ ਅਸੀਂ ਸ਼ਹੀਦ ਦਾ ਦਰਜਾ ਦੇਣ ਨੂੰ ਤਿਆਰ ਨਹੀਂ। ਇਸ ਸੰਬੰਧੀ ਬੀਤੇ ਦਿਨੀਂ ਭਗਤ ਸਿੰਘ ਦੇ ਭਤੀਜੇ ਦੇ ਲੜਕੇ ਯਾਦਵਿੰਦਰ ਸਿੰਘ ਨੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਗ੍ਰਹਿ ਮੰਤਰਾਲਾ ਤੱਕ ਪਹੁੰਚ ਕੀਤੀ, ਪਰ ਗ੍ਰਹਿ ਮੰਤਰਾਲੇ ਨੇ ਕੋਈ ਸਾਰਥਕ ਜੁਆਬ ਨਹੀਂ ਦਿੱਤਾ। ਹੁਣ  ਸੰਸਦ 'ਚ ਸਿਫ਼ਰ ਕਾਲ ਦੌਰਾਨ ਰਾਜ ਸਭਾ 'ਚ ਜੇ.ਡੀ.ਯੂ. ਦੇ ਮੈਂਬਰ ਕੇ.ਸੀ. ਤਿਆਗੀ ਨੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਮਾਮਲਾ ਉਠਾਇਆ ਤੇ ਉਨ੍ਹਾਂ ਸੰਬੰਧੀ ਤੁਰੰਤ ਸਰਕਾਰੀ ਰਿਕਾਰਡ ਦਰੁੱਸਤ ਕਰਨ ਦੀ ਮੰਗ ਕੀਤੀ। ਭਾਜਪਾ ਦੇ ਸਾਬਕਾ ਪ੍ਰਧਾਨ ਵੈਂਕਈਆ ਨਾਇਡੂ ਤੇ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਨੇ ਵੀ ਇਸ ਮਾਮਲੇ ਨੂੰ ਬੇਹੱਦ ਅਹਿਮ ਦੱਸਦਿਆਂ ਸਰਕਾਰ ਤੋਂ ਜਵਾਬ ਮੰਗਿਆ। ਇਸ 'ਤੇ ਕੇਂਦਰੀ ਸੰਸਦੀ ਰਾਜ ਮੰਤਰੀ ਰਾਜੀਵ ਸ਼ੁਕਲਾ ਨੇ ਬੀਤੇ ਦਿਨੀਂ ਸੰਸਦ 'ਚ ਭਰੋਸਾ ਦਿੱਤਾ ਹੈ ਕਿ ਜੇਕਰ ਸਰਕਾਰੀ ਰਿਕਾਰਡ 'ਚ ਭਗਤ ਸਿੰਘ ਨੂੰ ਸ਼ਹੀਦ ਨਹੀਂ ਦੱਸਿਆ ਗਿਆ ਹੈ, ਤਾਂ ਇਸ ਨੂੰ ਠੀਕ ਕੀਤਾ ਜਾਵੇਗਾ।

ਗਦਰੀ ਬਾਬਿਆਂ ਬਾਰੇ ਕੇਂਦਰ ਦਾ ਨਾਂਹ ਪੱਖੀ ਵਰਤਾਰਾ

ਭਾਰਤ ਦੇ ਸਿਆਸਤਦਾਨਾਂ ਦੀ ਸ਼ਹੀਦਾਂ ਪ੍ਰਤੀ ਕਿੰਨੀ ਕੁ ਸ਼ਰਧਾ ਹੈ, ਉਪਰੋਕਤ ਖਬਰ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸਰਕਾਰੀ ਰਿਕਾਰਡ ਵਿੱਚ ਭਗਤ ਸਿੰਘ ਹਾਲੇ ਤੱਕ ਬਾਗੀ ਨੇ। ਇਸ ਦੇ ਨਾਲ ਜੁੜਦੀ ਖਬਰ ਇਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਗ਼ਦਰ ਲਹਿਰ ਦੀ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਗ਼ਦਰੀ ਬਾਬਿਆਂ ਦੀ ਪੰਜਾਬ ਵਿੱਚ ਢੁਕਵੀਂ ਯਾਦਗਾਰ ਬਣਾਉਣ ਤੋਂ ਕੇਂਦਰ ਸਰਕਾਰ ਨੇ ਕੋਰਾ ਜਵਾਬ ਦੇ ਦਿੱਤਾ ਹੈ। ਇਸ ਤੋਂ ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਖਾਸੇ ਨਿਰਾਸ਼ ਹਨ। ਉਨ੍ਹਾਂ ਨੇ ਗ਼ਦਰ ਲਹਿਰ ਨੂੰ ਦੇਸ਼ ਦੀ ਆਜ਼ਾਦੀ ਲਈ ਅਹਿਮ ਸੰਘਰਸ਼ ਦੱਸਦੇ ਹੋਏ ਪ੍ਰਧਾਨ ਮੰਤਰੀ ਨੂੰ 2012 ਵਿੱਚ ਬੇਨਤੀ ਕੀਤੀ ਸੀ ਕਿ ਇਸ ਦੀ 100ਵੀਂ ਵਰ੍ਹੇਗੰਢ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇ।
ਚਿੱਠੀ ਦੇ ਜਵਾਬ ਵਿੱਚ ਕੇਂਦਰੀ ਸੱਭਿਆਚਾਰ ਮੰਤਰਾਲਾ ਦੀ ਮੰਤਰੀ ਨੇ ਡਾ. ਗਿੱਲ ਨੂੰ ਜਵਾਬ ਭੇਜਿਆ ਹੈ ਕਿ ਪੰਜਾਬ ਵਿੱਚ ਗ਼ਦਰ ਲਹਿਰ ਦੀ ਢੁਕਵੀਂ ਯਾਦਗਾਰ ਬਣਾਉਣ ਜਾਂ ਇਨ੍ਹਾਂ ਦੇਸ਼ ਭਗਤਾਂ ਦੀ ਯਾਦ ਵਿੱਚ ਕੋਈ ਸੰਸਥਾ ਬਣਾਉਣ ਲਈ ਲੋੜੀਂਦੇ ਫੰਡ ਹੀ ਨਹੀਂ ਹਨ ਅਤੇ ਦਿੱਲੀ ਤੋਂ ਬਾਹਰ ਅਜਿਹੀ ਯਾਦਗਾਰ ਬਣਾਉਣਾ ਸੂਬਾ ਸਰਕਾਰ ਨਾਲ ਸਬੰਧਤ ਮਾਮਲਾ ਹੈ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਸ਼ਹੀਦਾਂ ਤੇ ਦੇਸ ਭਗਤਾਂ ਬਾਰੇ ਵਰਤਾਰਾ ਨਾਂਹ ਪੱਖੀ ਹੈ। ਕੇਂਦਰ ਸਰਕਾਰ ਹੋਰ ਕਾਰਜਾਂ ਵਿੱਚ ਫਜ਼ੂਲ ਖਰਚਾ ਤਾਂ ਕਰ ਲੈਂਦੀ ਹੈ, ਪਰ ਦੇਸ ਭਗਤਾਂ ਦੀ ਯਾਦਗਾਰ ਦੇ ਲਈ ਫੰਡ ਪੱਖੋਂ ਹੱਥ ਖੜੇ ਕਰ ਦਿੰਦੀ ਹੈ। ਜਦ ਕਿ ਜਿਸ ਆਜ਼ਾਦੀ ਕਾਰਨ ਸਾਡੇ ਸਿਆਸਤਦਾਨ ਅੰਗਰੇਜ਼ ਹਾਕਮਾਂ ਦੀ ਥਾਂ ਹਾਕਮ ਬਣੇ ਹੋਏ ਹਨ, ਉਹ ਦੇਸ ਭਗਤਾਂ ਤੇ ਸ਼ਹੀਦਾਂ ਦੀ ਕਰਾਮਾਤ ਹੈ, ਜਿਨ੍ਹਾਂ ਨੇ ਆਪਣੇ ਖੂਨ ਨਾਲ ਦੇਸ ਦੀ ਆਜ਼ਾਦੀ ਸਿੰਜੀ ਹੈ।
ਯਾਦ ਰਹੇ 20ਵੀਂ ਸਦੀ ਦੇ ਤੀਜੇ ਅਤੇ ਚੌਥੇ ਦਹਾਕੇ 'ਚ ਕ੍ਰਾਂਤੀਕਾਰੀਆਂ ਨੇ ਕਈ ਜ਼ਾਲਮ ਸੀਨੀਅਰ ਅੰਗਰੇਜ਼ ਅਧਿਕਾਰੀਆਂ 'ਤੇ ਹਮਲੇ ਕੀਤੇ ਅਤੇ ਇਹ ਕ੍ਰਾਂਤੀਕਾਰੀ ਅੰਦੋਲਨ ਪੂਰੇ ਦੇਸ 'ਚ ਫੈਲ ਗਿਆ ਸੀ। ਕ੍ਰਾਂਤੀਕਾਰੀ ਸੂਰਜਸੇਨ, ਜਤਿਨਦਾਸ, ਭਗਤ ਸਿੰਘ ਅਤੇ ਚੰਦਰਸ਼ੇਖਰ ਪੂਰੇ ਦੇਸ 'ਚ ਬਹਾਦਰੀ ਤੇ ਦੇਸ਼ਭਗਤੀ ਲਈ ਸਨਮਾਨਿਤ ਕੀਤੇ ਜਾਣ ਲੱਗੇ। ਉਸ ਸਮੇਂ ਅਰਵਿੰਦ ਘੋਸ਼, ਪੀ.ਸੀ. ਰੇ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਸੀ. ਆਰ. ਦਾਸ ਨੇ ਪ੍ਰਤੱਖ ਤੌਰ 'ਤੇ ਇਨ੍ਹਾਂ ਕ੍ਰਾਂਤੀਕਾਰੀ ਨਾਇਕਾਂ ਦੀਆਂ ਨੀਤੀਆਂ ਦਾ ਸਮੱਰਥਨ ਕੀਤਾ ਸੀ। ਇੱਥੇ ਇਹ ਧਿਆਨ ਦੇਣ ਦੀ ਗੱਲ ਹੈ ਕਿ ਕਾਂਗਰਸ ਨੇ ਬੰਗਾਲ ਪ੍ਰਾਂਤ ਸੰਮੇਲਨ ਰਾਹੀਂ ਭਗਤ ਸਿੰਘ ਦੇ ਕੰਮ ਦੀ ਸ਼ਲਾਘਾ ਦਾ ਮਤਾ ਪਾਸ ਕੀਤਾ ਸੀ। ਉਦੋਂ ਇਸ ਮਤੇ ਨੂੰ ਮਹਾਤਮਾ ਗਾਂਧੀ ਨੇ ਸਵੀਕਾਰ ਨਹੀਂ ਕੀਤਾ ਸੀ, ਪਰੰਤੂ ਬਾਅਦ 'ਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਮੌਜੂਦਗੀ 'ਚ ਇਸ ਮਤੇ ਨੂੰ ਪਾਸ ਕੀਤਾ ਸੀ। ਭਾਵੇਂ ਭਗਤ ਸਿੰਘ ਦੀ ਹਿੰਸਾ ਦੀ ਧਾਰਨਾ ਨੂੰ ਮਹਾਤਮਾ ਗਾਂਧੀ ਦੀ ਅਗਵਾਈ 'ਚ ਚੱਲ ਰਹੇ ਅਹਿੰਸਾ ਦੇ ਸਿਧਾਂਤ 'ਤੇ ਆਧਾਰਿਤ ਸੁਤੰਤਰਤਾ ਸੰਗਰਾਮ 'ਚ ਹਿੰਸਾ ਦੀ ਵਿਚਾਰਧਾਰਾ, ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਇੱਕ ਅਲੱਗ ਧਾਰਾ ਦੇ ਰੂਪ 'ਚ ਦੇਖਿਆ ਗਿਆ ਪਰ  ਸੱਚ ਇਹ ਹੈ ਕਿ ਪੂਰੇ ਭਾਰਤ ਦਾ ਨੌਜਵਾਨ ਵਰਗ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣਾ ਨਾਇਕ ਤੇ ਸ਼ਹੀਦ ਮੰਨਦਾ ਹੈ।
ਇਨ੍ਹਾਂ ਕ੍ਰਾਂਤੀਕਾਰੀਆਂ ਦੇ ਉਦਮ ਤੇ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਹੈ। ਸਵਾਲ ਤਾਂ ਇਹ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਬਾਗੀ ਜਾਂ ਅੱਤਵਾਦੀ ਮੰਨਾਂਗੇ? ਉਹ ਉਸ ਸਮੇਂ ਦੀ ਹਕੂਮਤ ਲਈ ਕੁਝ ਵੀ ਹੋਣ, ਪਰ ਪੂਰੇ ਭਾਰਤ ਦੇ ਆਵਾਮ ਦੇ ਲਈ ਉਹ ਦੇਸ਼ ਦੇ ਨਾਇਕ ਹਨ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਦਿਵਾਈ।

ਕ੍ਰਾਂਤੀਕਾਰੀਆਂ ਦੀ ਭੂਮਿਕਾ

ਇਹ ਸਪੱਸ਼ਟ ਹੈ ਕਿ ਕ੍ਰਾਂਤੀਕਾਰੀ ਅੰਦੋਲਨ ਭਾਰਤੀ ਆਜ਼ਾਦੀ ਲਈ ਇੱਕ ਉਸਾਰੂ ਪੱਖ ਰਿਹਾ ਹੈ। ਇਹ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਦੇ ਸਮਾਨਾਂਤਰ ਚੱਲਦਾ ਰਿਹਾ। ਇਸ ਲਈ ਇਹ ਧਿਆਨ ਦੇਣ ਦੀ ਗੱਲ ਹੈ ਕਿ ਦੋਵਾਂ ਹੀ ਅੰਦੋਲਨਾਂ ਨੇ ਇੱਕ-ਦੂਜੇ ਨੂੰ ਪ੍ਰਭਾਵਿਤ ਕੀਤਾ ਸੀ। ਇਸ ਲਈ ਦੋਹਾਂ ਅੰਦੋਲਨਾਂ ਦੀ ਭਾਰਤ ਦੀ ਆਜ਼ਾਦੀ ਲਈ ਅਹਿਮ ਭੂਮਿਕਾ ਸੀ।

ਭਗਤ ਸਿੰਘ ਦੀ ਸੋਚ

ਕ੍ਰਾਂਤੀਕਾਰੀਆਂ ਨੇ ਆਪਣੇ ਵਿਚਾਰ ਬੜੇ ਸਪੱਸ਼ਟ ਢੰਗ ਨਾਲ ਅਤੇ ਬੜੇ ਵਿਸਥਾਰ ਨਾਲ ਜਨਤਾ ਦੇ ਸਾਹਮਣੇ ਰੱਖੇ ਸਨ। ਇਸ ਸੰਬੰਧ 'ਚ ਭਗਤ ਸਿੰਘ ਦਾ ਅਸੈਂਬਲੀ ਬੰਬ ਕਾਂਡ ਸੁਣਵਾਈ ਦੌਰਾਨ ਦਿੱਤਾ ਗਿਆ ਬਿਆਨ ਜ਼ਿਕਰਯੋਗ ਹੈ। ਉਸ ਦਾ ਕਹਿਣਾ ਸੀ-'ਸ਼ਕਤੀ ਨੂੰ ਜਦੋਂ ਨਾਜਾਇਜ਼ ਕਾਰਜ ਲਈ ਵਰਤਿਆ ਜਾਂਦਾ ਹੈ, ਤਦ ਉਹ ਹਿੰਸਾ ਹੁੰਦੀ ਹੈ ਅਤੇ ਇਸ ਲਈ ਉਹ ਨੈਤਿਕ ਤੌਰ 'ਤੇ ਪੂਰੀ ਤਰ੍ਹਾਂ ਗਲਤ ਹੈ ਪਰੰਤੂ ਜਦੋਂ ਇਹ ਸ਼ਕਤੀ ਕਿਸੇ ਜਾਇਜ਼ ਉਦੇਸ਼ ਦੀ ਪ੍ਰਾਪਤੀ ਲਈ ਕੰਮ 'ਚ ਲਿਆਈ ਜਾਂਦੀ ਹੈ, ਤਾਂ ਉਹ ਜਾਇਜ਼ ਤੇ ਨੈਤਿਕ ਹੁੰਦੀ ਹੈ। ਸਾਡੇ ਸਮਾਜ ਵਿਚੋਂ ਸ਼ਕਤੀ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗੀ, ਇਹ ਸੋਚਣਾ ਇਕ ਕਲਪਨਾ ਹੈ। ਆਪਣੇ ਦੇਸ 'ਚ ਜੋ ਨਵਾਂ ਅੰਦੋਲਨ ਚੱਲਿਆ ਹੈ, ਜਿਸ ਲਈ ਅਸੀਂ ਪਹਿਲਾਂ ਤੋਂ ਹੀ ਸਾਵਧਾਨ ਕੀਤਾ ਸੀ, ਉਹ ਗੁਰੂ ਗੋਬਿੰਦ ਸਿੰਘ ਅਤੇ ਸ਼ਿਵਾਜੀ, ਕਮਾਲ ਪਾਸ਼ਾ, ਵਾਸ਼ਿੰਗਟਨ ਅਤੇ ਲੈਨਿਨ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦੇਸ਼ੀ ਸੱਤਾ ਵਲੋਂ ਕੀਤੀ ਜਾ ਰਹੀ ਜ਼ਾਲਮਾਨਾ ਤੇ ਸ਼ੋਸ਼ਣ ਭਰਪੂਰ ਕਾਰਵਾਈ ਅਤੇ ਵਿਦੇਸ਼ੀ ਸੱਤਾ ਵਲੋਂ ਲਿਆਂਦੇ ਗਏ ਬਿਲ ਅਤੇ ਸੁਰੱਖਿਆ ਬਿਲ ਭਾਰਤ ਦੀ ਆਜ਼ਾਦੀ ਦੀ ਜੋਤ ਨੂੰ ਬੁਝਾ ਨਹੀਂ ਸਕਦੇ।''
ਭਗਤ ਸਿੰਘ ਤੇ ਹੋਰ ਸ਼ਹੀਦਾਂ ਦਾ ਸੰਘਰਸ਼ ਦੇਸ ਦੀ ਅਜ਼ਾਦੀ ਤੇ ਇਕ ਬਿਹਤਰ ਸਮਾਜ ਦੀ ਸਿਰਜਣਾ ਦੇ ਲਈ ਸੀ। ਅਸੀਂ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਭਗਤ ਸਿੰਘ ਦੀ ਸ਼ਖਸ਼ੀਅਤ ਦਾ ਅਰਥ ਤੇ ਮਹੱਤਵ ਜਾਣਦੇ ਹਾਂ। ਇਸ ਵਿਸ਼ਲੇਸ਼ਣ ਦੇ ਲਈ ਭਗਤ ਸਿੰਘ ਦੀ ਸ਼ਹਾਦਤ ਦੇ ਬਾਅਦ ਏਨੇ ਸਾਲਾਂ ਵਿੱਚ ਕੀ ਤਬਦੀਲੀ ਆਈ ਹੈ, ਇਸ 'ਤੇ ਵਿਚਾਰ ਕਰਨ ਦੀ ਲੋੜ ਹੈ। ਅਸੀਂ ਬੁਰੀ ਤਰ੍ਹਾਂ ਨਿਘਾਰ ਵੱਲ ਜਾ ਰਹੇ ਹਾਂ। ਸਾਡੀ ਜਮਹੂਰੀਅਤ ਦਾ ਚਿਹਰਾ ਬਦਲਿਆ ਜਾ ਰਿਹਾ ਹੈ ਤੇ ਸਿਆਸਤਦਾਨਾਂ ਦਾ ਤਾਨਾਸ਼ਾਹੀ ਰੂਪ ਪ੍ਰਗਟ ਹੋ ਰਿਹਾ ਹੈ, ਜਿਸ ਵਿੱਚ ਭ੍ਰਿਸ਼ਟਾਚਾਰ, ਕਾਲਾ ਧਨ, ਕਾਲੇ ਕਾਨੂੰਨ ਸਭ ਸ਼ਾਮਲ ਹਨ, ਜੋ ਦੇਸ਼ ਤੇ ਆਵਾਮ ਲਈ ਘਾਤਕ ਹਨ। ਇਨ੍ਹਾਂ ਵਿਰੁੱਧ ਤਾਂ ਭਗਤ ਸਿੰਘ ਤੇ ਉਸ ਦੇ ਸਾਥੀ ਜੂਝੇ ਸਨ।
ਸਾਨੂੰ ਭਗਤ ਸਿੰਘ ਤੇ ਗਦਰੀ ਬਾਬਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਮੁੱਚੇ ਸ਼ਹੀਦ ਦੇਸ ਭਗਤਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਲੋਕ ਜਾਗ੍ਰਿਤੀ ਪੈਦਾ ਕਰਨੀ ਚਾਹੀਦੀ ਹੈ ਤੇ ਉਸ ਉਪਰੰਤ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ ਸਿਰਜਣ ਦੇ ਲਈ ਸਾਨੂੰ ਜਾਤਿ, ਧਰਮ ਤੋਂ ਉੱਪਰ ਉੱਠ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ। 

No comments: