www.sabblok.blogspot.com
ਆਜ਼ਾਦੀ : ਹਮਲਾ ਵੀ ਸਿੱਖਾਂ ’ਤੇ ਪਰਚੇ ਵੀ ਸਿੱਖਾਂ ’ਤੇ
ਨਵੀਂ ਦਿੱਲੀ, 17 ਅਗੱਸਤ (ਸੁਖਰਾਜ ਸਿੰਘ) : ਦਿੱਲੀ ਦੇ ਤਿਲਕ ਵਿਹਾਰ ਵਿਖੇ ਬੀਤੀ 15 ਅਗੱਸਤ ਨੂੰ ਵਾਪਰੀ ਹਿੰਸਾ ਨੂੰ ਵੇਖਦਿਆਂ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ ਜਦਕਿ ਪੁਲਿਸ ਦੀ ਮੌਜੂਦਗੀ ਵਿਚ ਦੋਹਾਂ ਧਿਰਾਂ ਦੇ ਆਗੂਆਂ ਦਰਮਿਆਨ ਮੀਟਿੰਗ ਹੋਣ ਦੀ ਵੀ ਜਾਣਕਾਰੀ ਮਿਲੀ ਹੈ।
ਇਸੇ ਦਰਮਿਆਨ ਹਿੰਸਾ ਲਈ ਜ਼ਿੰਮੇਵਾਰ ਕਾਰਨਾਂ ਦਾ ਵੀ ਪਤਾ ਲਗਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਨੇ ਦਸਿਆ ਕਿ ਚੰਦਰ ਵਿਹਾਰ ਦਾ ਰਹਿਣ ਵਾਲਾ ਇਕ ਸਿੱਖ ਨੌਜਵਾਨ ਅਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਬਾਲਮੀਕੀ ਬਰਾਦਰੀ ਨਾਲ ਸਬੰਧਤ ਇਕ ਵਿਅਕਤੀ ਨਾਲ ਟੱਕਰ ਵੱਜਣ ‘ਤੇ ਉਹ ਡਿਗ ਪਿਆ। ਇਸ ‘ਤੇ ਗੁੱਸਾ ਖਾ ਕੇ ਬਾਲਮੀਕੀ ਬਰਾਦਰੀ ਦੇ ਵਿਅਕਤੀ ਨੇ ਸਿੱਖ ਨੌਜਵਾਨ ਨੂੰ ਕੇਸਾਂ ਤੋ ਫ਼ੜ ਕੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਇਹ ਮਾਰਕੁਟਾਈ ਸਿੱਖ-ਹਿੰਦੂ ਦੰਗਿਆਂ ਦਾ ਰੂਪ ਧਾਰਨ ਕਰ ਗਈ। ਬੀਬੀ ਨਿਰਪ੍ਰੀਤ ਕੌਰ ਨੇ ਸਪੋਕਸਮੈਨ ਨੂੰ ਫ਼ੋਨ ‘ਤੇ ਦਸਿਆ ਕਿ ਉਹ ਫੱਟੜ ਹੋਏ ਸਿੱਖਾਂ ਨੂੰ ਲੈ ਕੇ ਜਦ ਸਰਕਾਰੀ ਹਸਪਤਾਲ ਪਹੁੰਚੀ ਤਾਂ ਹਸਪਤਾਲ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਦਾਖਲ ਨਾ ਕਰਨ ‘ਤੇ ਉਸ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫੱਟੜ ਹੋਏ ਸਿੱਖਾਂ ਨੂੰ ਮਾਤਾ ਚੰਨਣ ਦੇਵੀ ਹਸਪਤਾਲ ਵਿਚ ਇਲਾਜ ਕਰਵਾਇਆ। ਇਨ੍ਹਾਂ ਵਿਚੋਂ 40 ਵਿਅਕਤੀਆਂ ਨੂੰ ਛੁੱਟੀ ਮਿਲ ਚੁਕੀ ਹੈ ਜਦਕਿ 2 ਅਜੇ ਵੀ ਜ਼ੇਰੇ ਇਲਾਜ ਹਨ ਜਿਨ੍ਹਾਂ ਵਿਚੋਂ ਇਕ ਦਾ ਅੱਜ ਅਪ੍ਰੇਸ਼ਨ ਹੋਇਆ ਹੈ । ਬੀਬੀ ਭਾਗੀ ਕੌਰ ਵਲੋਂ ਦੱਸੇ ਮੁਤਾਬਕ ਪੁਲਿਸ ਵਲੋਂ ਸਿੱਖਾਂ ਉਪਰ ਜਾਨੀ ਤੇ ਮਾਲੀ ਨੁਕਸਾਨ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ ਹੈ । ਬੀਬੀ ਰਜਨੀ ਕੌਰ ਜੋ ਘਟਨਾ ਵਿਚ ਸਖ਼ਤ ਫੱਟੜ ਹੋਏ ਹਨ ਮੁਤਾਬਕ ਕਾਲੋਨੀ ਦੇ ਸਿੱਖ ਵਸੋਂ ਉਪਰ ਕਿਸੇ ਵੀ ਸਮੇਂ ਮੁੜ ਹਮਲਾ ਹੋ ਸਕਦਾ ਹੈ ਕਿÀੁਂਕਿ ਬਾਲਮੀਕੀ ਹਿੰਦੂਆਂ ਕੋਲ ਹਰ ਤਰ੍ਹਾਂ ਦੇ ਹਥਿਆਰ ਉਨ੍ਹਾਂ ਦੇ ਘਰਾਂ ਅੰਦਰ ਮੌਜੂਦ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਨੂੰ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲੈ ਕੇ ਗ਼ੈਰ ਕਾਨੂੰਨੀ ਹਥਿਆਰ ਜ਼ਬਤ ਕਰਨੇ ਚਾਹੀਦੇ ਹਨ । ਜਾਣਕਾਰੀ ਮੁਤਾਬਕ ਇਲਾਕੇ ਵਿਚ ਅੱਜ ਚੌਥੇ ਦਿਨ ਵੀ ਭਾਰੀ ਸੁਰੱਖਿਆ ਬਲ ਤੈਨਾਤ ਰਹੇ ਅਤੇ ਦੋਹਾਂ ਧਿਰਾਂ ਦਰਮਿਆਨ ਪੁਲਿਸ ਦੇ ਆਹਲਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਮੀਟਿੰਗ ਕੀਤੀ ਗਈ।
No comments:
Post a Comment