ਜਲੰਧਰ  (ਮਹੇਸ਼) - ਸੈਣੀ ਸੁਪਰ ਮਾਰਕੀਟ ਦੇ ਪਿੱਛੇ ਸਥਿਤ ਗੁਲਮਰਗ ਐਵੇਨਿਊ ਨੇੜੇ ਛੱਜਾ ਸਿੰਘ ਗੇਟ (ਲੱਧੇਵਾਲੀ ਰੋਡ) ਵਿਖੇ ਮੰਗਲਵਾਰ ਨੂੰ ਦਿਨ-ਦਿਹਾੜੇ ਹੀ ਇਕ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹਤਿਆਰੇ ਨੇ ਔਰਤ ਦੀ ਹੱਤਿਆ ਕਰਨ ਲਈ ਉਸਦੇ ਗਲੇ 'ਤੇ ਚਾਕੂ ਨਾਲ ਕਈ ਵਾਰ ਕੀਤੇ। ਸਾਊਦੀ ਅਰਬ ਵਿਚ ਰਹਿੰਦੇ ਨਿਰਮਲ ਸਿੰਘ ਦੀ ਪਤਨੀ ਸਤਵਿੰਦਰ ਕੌਰ (50) ਦੀ ਹੱਤਿਆ ਦੀ ਖਬਰ ਸੁਣਦੇ ਸਾਰ ਹੀ ਪੂਰੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਹਿਮੇ ਹੋਏ ਲੋਕ ਵੱਡੀ ਗਿਣਤੀ ਵਿਚ ਮ੍ਰਿਤਕਾ ਦੇ ਘਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਸੀ ਹੋ ਰਿਹੈ ਕਿ ਜਿਸ ਸਤਵਿੰਦਰ ਕੌਰ ਨੂੰ ਉਨ੍ਹਾਂ ਨੇ ਅੱਜ ਸਵੇਰ ਵੇਲੇ ਹੀ ਪੂਰੀ ਤਰ੍ਹਾਂ ਠੀਕ-ਠਾਕ ਦੇਖਿਆ ਸੀ, ਉਸਦੀ ਹੱਤਿਆ ਕਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ (ਪੁਲਸ) ਜਸਪ੍ਰੀਤ ਸਿੰਘ ਸਿੱਧੂ, ਏ.ਡੀ.ਸੀ.ਪੀ. ਕ੍ਰਾਈਮ ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. ਸਿਟੀ-1 ਨਰੇਸ਼ ਕੁਮਾਰ ਡੋਗਰਾ, ਏ.ਸੀ.ਪੀ. ਕੇਂਦਰੀ ਦਲਬੀਰ ਸਿੰਘ ਬੁੱਟਰ ਤੇ ਸੰਬੰਧਤ ਪੁਲਸ ਸਟੇਸ਼ਨ ਰਾਮਾ ਮੰਡੀ ਦੇ ਮੁੱਖ ਅਫਸਰ ਇੰਸ. ਬਿਮਲਕਾਂਤ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜ ਗਏ। ਮੋਬਾਈਲ ਫਰਾਂਸਿਕ ਸਾਇੰਸ ਲੈਬਾਰਟਰੀ ਜਲੰਧਰ ਰੇਂਜ ਅਤੇ ਡਾਗ ਸਕੁਐਡ ਟੀਮਾਂ ਵੀ ਮੌਕੇ 'ਤੇ ਪੁੱਜੀਆਂ ਹੋਈਆਂ ਸਨ। ਪੁਲਸ ਅਫਸਰਾਂ ਵਲੋਂ ਔਰਤ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕਾ ਦੇ ਘਰ ਦੇ ਨੇੜੇ ਹੀ ਸਕੂਟਰ-ਮੋਟਰਸਾਈਕਲਾਂ ਦੀ ਰਿਪੇਅਰ ਕਰਨ ਦੀ ਦੁਕਾਨ ਕਰਦੇ ਉਸਦੇ ਭਰਾ ਬਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਦੀ ਹੱਤਿਆ ਦੀ ਖਬਰ ਸੁਣਦੇ ਸਾਰ ਹੀ ਉਸਦੇ ਘਰ ਪੁੱਜ ਗਿਆ ਅਤੇ ਦੇਖਿਆ ਕਿ ਉਸ ਦੀ ਭੈਣ ਖੂਨ ਨਾਲ ਲਥਪਥ ਹਾਲਤ ਵਿਚ ਘਰ ਦੇ ਡਰਾਇੰਗ ਰੂਮ ਦੇ ਫਰਸ਼ 'ਤੇ ਪਈ ਹੋਈ ਸੀ ਅਤੇ ਨੇੜੇ ਹੀ ਉਸਦਾ ਪੁੱਤਰ ਦਿਲਪ੍ਰੀਤ ਸਿੰਘ ਬੈਠਾ ਹੋਇਆ ਸੀ। ਬਲਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਜੀਜਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਘਰ ਵਿਚ ਇਥੇ ਉਸ ਦੀ ਭੈਣ ਤੇ ਭਾਣਜਾ ਹੀ ਰਹਿੰਦੇ ਸਨ। ਪੁਲਸ ਨੇ ਬਲਜੀਤ ਸਿੰਘ ਤੋਂ ਪੁਛ-ਗਿੱਛ ਕੀਤੇ ਜਾਣ ਮਗਰੋਂ ਮ੍ਰਿਤਕਾ ਦੇ ਪੁੱਤਰ ਦਿਲਪ੍ਰੀਤ ਸਿੰਘ ਤੋਂ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਉਸਨੇ ਪੁਲਸ ਨੂੰ ਦੱਸਿਆ ਕਿ ਉਹ ਦੁਪਹਿਰ ਵੇਲੇ 15-20 ਮਿੰਟ ਲਈ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਸੀ ਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਬਾਥਰੂਮ ਦੀ ਬੈਕ ਸਾਈਡ 'ਤੇ ਘਰ ਦੀ ਰੌਸ਼ਨੀ ਵਾਸਤੇ ਛੱਡੇ ਹੋਏ ਝਰਨੇ ਵਾਲੀ ਜਗ੍ਹਾ 'ਤੇ ਲੱਗੀ ਹੋਈ ਟੂਟੀ ਦੇ ਨਾਲ ਉਸਦੀ ਮਾਂ ਸਤਵਿੰਦਰ ਕੌਰ ਦੀ ਖੂਨ ਨਾਲ ਲਥਪਥ ਲਾਸ਼ ਬੰਨ੍ਹੀ ਪਈ ਹੋਈ ਸੀ। ਉਸਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਲਾਸ਼ ਨੂੰ ਦੇਖ ਕੇ ਹੈਰਾਨ ਰਹਿ ਗਿਆ ਅਤੇ ਟੂਟੀ ਨਾਲੋਂ ਮਾਂ ਦੀ ਲਾਸ਼ ਖੋਲ੍ਹ ਕੇ ਘਰ ਦੇ ਡਰਾਇੰਗ ਰੂਮ ਵਿਚ ਲੈ ਗਿਆ। ਉਸਨੇ ਦੱਸਿਆ ਕਿ ਉਸਦੇ ਘਰੋਂ ਜਾਂਦੇ ਸਾਰ ਹੀ ਕੁਝ ਮਿੰਟਾਂ ਵਿਚ ਹੀ ਕਿਸੇ ਨੇ ਉਸਦੀ ਮਾਂ ਦੀ ਜਾਨ ਲੈ ਲਈ। ਉਸਨੇ ਪੁਲਸ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਹ ਮਾਂ-ਪੁੱਤਰ ਹੀ ਕੇਵਲ ਇਸ ਘਰ ਵਿਚ ਰਹਿੰਦੇ ਸਨ। ਉਸਨੇ ਦੱਸਿਆ ਕਿ ਉਸਦਾ ਪਿਤਾ ਵਿਦੇਸ਼ ਵਿਚ ਕੰਮ ਕਰਦਾ ਹੈ। ਕਾਫੀ ਦੇਰ ਤਕ ਪੁਲਸ ਹਾਦਸੇ ਵਾਲੀ ਜਗ੍ਹਾ 'ਤੇ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਦੀ ਰਹੀ ਤੇ ਉਸ ਤੋਂ ਬਾਅਦ ਮ੍ਰਿਤਕਾ ਦੀ ਹੱਤਿਆ ਨੂੰ ਲੈ ਕੇ ਥਾਣਾ ਰਾਮਾ ਮੰਡੀ ਵਿਚ ਆਈ.ਪੀ.ਸੀ. ਦੀ ਧਾਰਾ 302 ਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ। ਮੌਕੇ 'ਤੇ ਲੰਮੀ ਜਾਂਚ ਕਰਨ ਮਗਰੋਂ ਡੀ.ਸੀ.ਪੀ. ਸਿੱਧੂ, ਮੰਡੇਰ ਤੇ ਨਰੇਸ਼ ਡੋਗਰਾ ਮ੍ਰਿਤਕਾ ਦੇ ਪੁੱਤਰ 'ਤੇ ਹੱਤਿਆ ਦੀ ਜਾ ਰਹੀ ਸ਼ੱਕ ਦੀ ਸੂਈ ਦੇ ਕਾਰਨ ਉਸ ਨੂੰ ਹੋਰ ਪੁੱਛਗਿੱਛ ਕਰਨ ਵਾਸਤੇ ਆਪਣੇ ਨਾਲ ਲੈ ਗਏ। ਪੁਲਸ ਦੇਰ ਰਾਤ ਤਕ ਉਸ ਤੋਂ ਪੁੱਛਗਿੱਛ ਕਰਦੀ ਰਹੀ। ਪੁਲਸ ਦੀ ਸ਼ੱਕ ਦੀ ਸੂਈ ਵੀ ਯਕੀਨ ਵਿਚ ਬਦਲਦੀ ਜਾ ਰਹੀ ਸੀ ਪਰ ਪੁਲਸ ਨੇ ਇਸ ਬਾਰੇ ਮੀਡੀਆ ਕੋਲ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ।