www.sabblok.blogspot.com
ਲੁਧਿਆਣਾ, 18 ਅਗਸਤ-ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਖਤਰਨਾਕ ਝਪਟਮਾਰ ਅਤੇ ਚੋਰ ਗਿਰੋਹ ਦੇ ਅੱਧੀ ਦਰਜ਼ਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਚੋਰੀ ਕੀਤੇ ਹੋਏ 17 ਮੋਟਰ ਸਾਈਕਲ, 4 ਸਕੂਟਰ, 45 ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ | ਸਟਾਫ਼ ਦੇ ਇੰਚਾਰਜ ਏ.ਸੀ.ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਵਰਧਮਾਨ ਚੌਾਕ ਨੇੜੇ ਨਾਕੇਬੰਦੀ ਦੌਰਾਨ ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿਚ ਈ.ਡਬਲਿਊ.ਐਸ. ਕਾਲੋਨੀ ਤਾਜਪੁਰ ਰੋਡ ਦੇ ਰਹਿਣ ਵਾਲੇ ਅੰਕਿਤ, ਵਿਕਾਸ ਕੋਚਰ, ਕ੍ਰਿਸ਼ਨ ਕੁਮਾਰ, ਗਾਂਧੀ ਕਲੋਨੀ ਤਾਜਪੁਰ ਰੋਡ ਦਾ ਸਾਹਿਲ ਮਸੀਹ, ਇਸੇ ਇਲਾਕੇ ਦਾ ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਆਜ਼ਾਦ ਨਗਰ ਬਹਾਦਰ ਕੇ ਰੋਡ ਦਾ ਹਨੀ ਨਾਹਰ ਸ਼ਾਮਿਲ ਹਨ | ਪੁਲਿਸ ਪਾਰਟੀ ਨੇ ਜਦੋਂ ਇਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੜਤਾਲ ਕੀਤੀ ਤਾਂ ਇਹ ਘਬਰਾ ਗਏ ਤੇ ਵੱਖੋ-ਵੱਖਰੀ ਬਿਆਨਬਾਜ਼ੀ ਕਾਰਨ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਇਨ੍ਹਾਂ ਨੇ ਜਮਾਲਪੁਰ, ਜੋਧੇਵਾਲ, ਤਾਜਪੁਰ ਰੋਡ, ਸਿਵਲ ਲਾਈਨਜ਼ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿਚ 50 ਤੋਂ ਵੀ ਵੱਧ ਵਾਰਦਾਤਾਂ ਕੀਤੇ ਹੋਣ ਬਾਰੇ ਕਬੂਲ ਕੀਤਾ | ਇਹ ਸਾਰੇ ਨਸ਼ੇ ਕਰਨ ਦੇ ਵੀ ਆਦੀ ਹਨ ਤੇ ਨਸ਼ੇ ਖਰੀਦਣ ਲਈ ਹੀ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ | ਇਨ੍ਹਾਂ ਨੇ ਸਕੂਟਰ ਮੋਟਰ ਸਾਈਕਲ ਚੋਰੀ ਕਰਨ ਤੋਂ ਇਲਾਵਾ ਝਪਟਮਾਰੀ ਦੀਆਂ ਦਰਜ਼ਨ ਦੇ ਕਰੀਬ ਵਾਰਦਾਤਾਂ ਕੀਤੀਆਂ ਹਨ ਜਿਨ੍ਹਾਂ ਵਿਚ ਇਨ੍ਹਾਂ ਨੇ ਔਰਤਾਂ ਪਾਸੋਂ ਪਰਸ ਅਤੇ ਸੋਨੇ ਦੀਆਂ ਚੇਨੀਆਂ ਝਪਟੀਆਂ ਸਨ | ਇਨ੍ਹਾਂ ਪਾਸੋਂ ਸੋਨੇ ਦੀਆਂ 4 ਚੇਨੀਆਂ ਵੀ ਬਰਾਮਦ ਹੋਈਆਂ ਹਨ | ਬੈਂਸ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਵਿਰੁਧ ਧਾਰਾ 379, 382 ਅਤੇ 411 ਅਧੀਨ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ | ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ 'ਚੋਂ ਵਰਿੰਦਰ ਸਿੰਘ ਉਰਫ਼ ਵਿੱਕੀ ਵਿਰੁਧ ਪਹਿਲਾਂ ਵੀ ਥਾਣਾ ਸਰਾਭਾ ਨਗਰ ਵਿਖੇ ਝਪਟਮਾਰੀ ਦਾ ਪਰਚਾ ਦਰਜ ਹੈ ਅਤੇ ਬਾਕੀ ਮੁਲਜ਼ਮਾਂ ਦੇ ਅਪਰਾਧਕ ਪਿਛੋਕੜ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ |
No comments:
Post a Comment