ਜਲੰਧਰ - ਪੰਜਾਬੀ ਸਿਨੇਮਾ ਨੂੰ ਹੋਰ ਤਰੱਕੀ ਵੱਲ ਲਿਜਾਣ ਲਈ ਫ਼ਿਲਮ ਪ੍ਰੋਡਕਸ਼ਨ ਦੇ ਖੇਤਰ ਵਿਚ ਨਿੱਤਰੇ ਪ੍ਰਸਿੱਧ ਉਦਯੋਗਪਤੀ ਸ. ਸੁਖਬੀਰ ਸਿੰਘ ਸੰਧਰ ਨੇ ਇਕ ਮਿਲਣੀ ਦੌਰਾਨ 'ਜਗ ਬਾਣੀ' ਨੂੰ ਦੱਸਿਆ ਕਿ 23 ਅਗਸਤ ਨੂੰ ਉਨ੍ਹਾਂ ਦੀ ਰਿਲੀਜ਼ ਹੋ ਰਹੀ ਪਲੇਠੀ ਫ਼ਿਲਮ 'ਜੱਟ ਬੁਆਏਜ਼-ਪੁੱਤ ਜੱਟਾਂ ਦੇ' ਪੰਜਾਬੀ ਸਿਨੇਮਾ ਵਿਚ ਨਵਾਂ ਕੀਰਤੀਮਾਨ ਸਥਾਪਤ ਕਰੇਗੀ।
ਸ. ਸੰਧਰ ਨੇ ਕਿਹਾ ਕਿ 'ਜੱਟ ਬੁਆਏਜ਼-ਪੁੱਤ ਜੱਟਾਂ ਦੇ' ਅਜਿਹੀ ਫਿਲਮ ਹੈ, ਜੋ ਜੱਟ ਆਧਾਰਤ ਅੱਜ ਤੱਕ ਰਿਲੀਜ਼ ਹੋਈਆਂ ਸਭ ਫ਼ਿਲਮਾਂ ਨਾਲੋਂ ਹਟਵੀਂ ਹੋਏਗੀ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਫ਼ਿਲਮ ਦੀ ਪੂਰੀ ਟੀਮ ਪਿਛਲੇ ਦੋ ਹਫ਼ਤਿਆਂ ਤੋਂ ਪੰਜਾਬ ਸਮੇਤ ਦਿੱਲੀ, ਹਰਿਆਣਾ, ਹਿਮਾਚਲ ਵਿਚ ਵੀ ਪ੍ਰਚਾਰ ਕਰਕੇ ਆਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਬਾਲੀਵੁੱਡ ਤੇ ਪਾਲੀਵੁੱਡ ਦੇ ਅਦਾਕਾਰਾਂ ਦਾ ਅਜਿਹਾ ਸੁਮੇਲ ਹੋਏਗੀ, ਜੋ ਤਿੰਨ ਪੀੜ੍ਹੀਆਂ ਦੀ ਗਾਥਾ ਤਾਂ ਬਿਆਨ ਕਰਨਗੇ ਹੀ, ਸਾਡੀਆਂ ਇਖਲਾਕੀ ਕਦਰਾਂ ਕੀਮਤਾਂ ਬਾਰੇ ਵੀ ਚਾਨਣਾ ਪਾਉਣਗੇ।
ਸ. ਸੰਧਰ ਨੇ ਅੱਗੇ ਕਿਹਾ ਕਿ ਕੁਝ ਸਾਲ ਪਹਿਲਾਂ ਜਿਸ ਤਰ੍ਹਾਂ 'ਪੁੱਤ ਜੱਟਾਂ ਦੇ' ਫ਼ਿਲਮ ਨੂੰ ਬੇਹੱਦ ਪਿਆਰ ਮਿਲਿਆ ਸੀ, ਓਸੇ ਤਰ੍ਹਾਂ 'ਜੱਟ ਬੁਆਏਜ਼-ਪੁੱਤ ਜੱਟਾਂ ਦੇ' ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਬਾਲੀਵੁੱਡ ਕਲਾਕਾਰ ਓਮ ਪੁਰੀ ਤੇ ਰਾਹੁਲ ਦੇਵ, ਸਿੱਪੀ ਗਿੱਲ, ਅਮਨ ਧਾਲੀਵਾਲ, ਈਸ਼ਾ ਰਿਖੀ, ਗੁੱਗੂ ਗਿੱਲ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਸਰਦਾਰ ਸੋਹੀ ਤੇ ਹੋਰ ਕਲਾਕਾਰ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣਗੇ।
'ਕੀ ਫ਼ਿਲਮ ਵਿਦੇਸ਼ਾਂ ਵਿਚ ਵੀ 23 ਅਗਸਤ ਨੂੰ ਹੀ ਰਿਲੀਜ਼ ਹੋ ਰਹੀ ਹੈ?' ਦੇ ਜਵਾਬ ਵਿਚ ਸੁਖਬੀਰ ਸੰਧਰ ਨੇ ਕਿਹਾ ਕਿ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚ ਵੀ ਫ਼ਿਲਮ ਇਕੋ ਵੇਲ਼ੇ ਰਿਲੀਜ਼ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ 'ਜੱਟ ਬੁਆਏਜ਼' ਤੋਂ ਬਾਅਦ 'ਸੰਧਰ ਪ੍ਰੋਡਕਸ਼ਨ' ਦੀਆਂ ਅਗਲੀਆਂ ਫ਼ਿਲਮਾਂ ਵੀ ਜਲਦ ਰਿਲੀਜ਼ ਹੋਣਗੀਆਂ, ਪਰ ਫ਼ਿਲਹਾਲ ਸਾਡਾ ਸਾਰਾ ਧਿਆਨ 'ਜੱਟ ਬੁਆਏਜ਼-ਪੁੱਤ ਜੱਟਾਂ ਦੇ' ਉਤੇ ਹੀ ਕੇਂਦਰਤ ਹੈ।