jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 22 August 2013

ਮੁੱਖ ਮੰਤਰੀ ਵੱਲੋਂ ਰਾਵੀ ਦਰਿਆ ਨੇੜਲੇ ਪ੍ਰਭਾਵਿਤ ਇਲਾਕੇ ਦਾ ਦੌਰਾ

www.sabblok.blogspot.com
ਕਮਲ ਕਾਹਲੋਂ, ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ
ਬਟਾਲਾ. ਡੇਰਾ ਬਾਬਾ ਨਾਨਕ, 21 ਅਗਸਤ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਨੇੜਿਓਾ ਲੰਘਦੇ ਰਾਵੀ ਦਰਿਆ 'ਚ ਆਏ ਡੈਮਾਂ, ਪਹਾੜਾਂ ਤੇ ਬਰਸਾਤਾਂ ਦੇ ਭਾਰੀ ਪਾਣੀ ਕਾਰਨ ਬਣੀ ਹੜ੍ਹ ਵਰਗੀ ਸਥਿਤੀ 'ਚ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਪੁੱਜੇ | ਜਿਥੇ ਉਨ੍ਹਾਂ ਦਰਿਆ ਕੰਢੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ ਤੇ ਹੋਏ ਨੁਕਸਾਨ ਸਬੰਧੀ ਡੀ. ਸੀ. ਗੁਰਦਾਸਪੁਰ ਡਾ: ਅਭਿਨਵ ਤਿ੍ਖਾ ਨੂੰ ਗਿਰਦਾਵਰੀ ਦੇ ਆਦੇਸ਼ ਦਿੱਤੇ | ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦਰਿਆ ਪਾਰਲੇ ਪਿੰਡਾਂ ਨੂੰ ਅਜਿਹੀ ਸਥਿਤੀ 'ਚ ਕੇਂਦਰ ਵੱਲੋਂ ਦਿੱਤੇ ਜਾਂਦੇ 2000 ਰੁਪਏ ਪ੍ਰਤੀ ਏਕੜ 'ਚ 1500 ਰੁਪਏ ਸੂਬਾ ਸਰਕਾਰ ਪਾ ਕੇ 3500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ 25000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਕਰ ਰਹੇ ਹਨ, ਜੇਕਰ ਉਹ ਕੇਂਦਰ ਤੋਂ ਇਹ ਰਾਸ਼ੀ ਪੀੜ੍ਹਤ ਕਿਸਾਨਾਂ ਨੂੰ ਦਿਵਾਉਂਦੇ ਹਨ ਤਾਂ ਮੈਂ ਉਨ੍ਹਾਂ ਦੇ ਘਰ ਜਾ ਕੇ ਧੰਨਵਾਦ ਕਰਾਂਗਾ | ਹੋਰ ਸਵਾਲਾਂ ਦੇ ਜਵਾਬ 'ਚ ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਅਨਾਜ ਮੁਹੱਈਆ ਕਰਵਾਉਣ ਤਹਿਤ ਫੂਡ ਸੁਰੱਖਿਆ ਬਿੱਲ ਪੂਰੇ ਦੇਸ਼ 'ਚ ਹੁਣ ਲਾਗੂ ਕਰ
ਰਹੀ ਹੈ, ਜਦਕਿ ਸਾਡੀ ਸਰਕਾਰ ਤਾਂ ਆਟਾ-ਦਾਲ ਸਕੀਮ ਯੋਜਨਾ ਤਹਿਤ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਨੂੰ ਸਸਤੀਆਂ ਦਰਾਂ 'ਤੇ ਅਨਾਜ ਮੁਹੱਈਆ ਕਰਵਾ ਰਹੀ ਹੈ ਤੇ ਹੁਣ ਇਸ ਯੋਜਨਾ ਦਾ ਦਾਇਰਾ ਵਧਾ ਕੇ 30 ਲੱਖ ਲੋਕਾਂ ਨੂੰ ਇਸ ਅਧੀਨ ਲਿਆਂਦਾ ਜਾ ਰਿਹਾ ਹੈ | ਸ: ਬਾਦਲ ਨੇ ਕਿਹਾ ਕਿ ਅਸਲ 'ਚ ਫੂਡ ਸੁਰੱਖਿਆ ਬਿੱਲ ਕੇਂਦਰ ਦੀ ਕਾਂਗਰਸ ਸਰਕਾਰ ਦਾ ਇਕ ਚੋਣ ਸਟੰਟ ਹੈ ਤੇ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਲਾਹਾ ਲੈਣ ਦੇ ਲਾਲਚ 'ਚ ਹੀ ਕੇਂਦਰ ਸਰਕਾਰ ਇਹ ਬਿੱਲ ਲਾਗੂ ਕਰਨ 'ਚ ਜਲਦਬਾਜ਼ੀ ਕਰ ਰਹੀ ਹੈ | ਪੰਜਾਬ ਅੰਦਰੋਂ ਉਦਯੋਗ ਦੀ ਹੋ ਰਹੀ ਹਿਜ਼ਰਤ, ਦੀਆਂ ਚਰਚਾਵਾਂ ਸਬੰਧੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਪੱਖਪਾਤ ਕਰਕੇ ਕਾਂਗਰਸ ਸ਼ਾਸਤ ਰਾਜਾਂ ਨੂੰ ਵਧੇਰੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਪੰਜਾਬ ਸਰਕਾਰ ਉਦਯੋਗਪਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ | ਸ: ਬਾਦਲ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਆਪਣੇ ਰਵਾਇਤੀ ਅੰਦਾਜ਼ ਅਨੁਸਾਰ ਸਾਰੀ ਗੱਲਬਾਤ ਦਾ ਰੁਖ ਬਦਲਣ ਲਈ ਕਿਹਾ ਕਿ ਕੇਂਦਰ ਸਰਕਾਰ ਨੂੰ ਸਰਹੱਦ ਉੱਪਰ ਰਹਿੰਦੇ ਲੋਕਾਂ ਨੂੰ ਸੁਤੰਤਰਤਾ ਸੈਨਾਨੀਆਂ ਦਾ ਦਰਜਾ ਦੇਣਾ ਚਾਹੀਦਾ ਹੈ, ਕਿਉਂਕਿ ਦੇਸ਼ ਦੀ ਆਜ਼ਾਦੀ ਤੇ ਤਰੱਕੀ 'ਚ ਵੱਡਾ ਯੋਗਦਾਨ ਪਾਉਂਦਿਆਂ ਪੰਜਾਬੀਆਂ ਤੇ ਖਾਸਕਰ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਨੇ ਸਭ ਤੋਂ ਵੱਧ ਸੰਤਾਪ ਹੰਢਾਇਆ ਹੈ |
ਜ਼ਿਲ੍ਹਾ ਲੀਡਰਸ਼ਿਪ ਗਾਇਬ
ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਆਮਦ ਮੌਕੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਗਾਇਬ ਰਹੀ ਅਤੇ ਕੇਵਲ ਚੇਅਰਮੈਨ ਸ਼ੂਗਰਫੈੱਡ ਪੰਜਾਬ ਸੁਖਬੀਰ ਸਿੰਘ ਵਾਹਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ਼ੋ੍ਰਮਣੀ ਕਮੇਟੀ ਮੈਂਬਰ ਸ: ਗੁਰਿੰਦਰਪਾਲ ਸਿੰਘ ਗੋਰਾ ਆਦਿ ਹੀ ਨਜ਼ਰ ਆਏ | ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਮੁੱਖ ਮੰਤਰੀ ਦੀ ਆਮਦ ਮੌਕੇ ਗਾਇਬ ਹੋਣਾ ਜਿਥੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਤੀਜੀ-ਚੌਥੀ ਕਤਾਰ ਦੇ ਆਗੂਆਂ ਤੇ ਵਰਕਰਾਂ ਦੀ ਘੜਮੱਸ ਨੇ ਸ: ਬਾਦਲ ਦੀ ਆਮਦ ਨੂੰ ਫਲਾਪ ਸ਼ੋਅ ਹੀ ਬਣਾ ਕੇ ਰੱਖ ਦਿੱਤਾ, ਕਿਉਂਕਿ ਉਹ ਚੰਗੀ ਤਰ੍ਹਾਂ ਸਮੁੱਚੇ ਹਾਲਾਤ ਦਾ ਜਾਇਜ਼ਾ ਹੀ ਨਹੀਂ ਲੈ ਸਕੇ ਤੇ ਉਨ੍ਹਾਂ ਨਾਲ ਪੀੜ੍ਹਤ ਲੋਕਾਂ ਦੀ ਗੱਲਬਾਤ ਵੀ ਨਾ ਹੋ ਸਕੀ |
ਬਰਸਾਤੀ ਡੱਡੂ ਵਾਂਗ ਨਿਕਲਿਆ ਪ੍ਰਸ਼ਾਸਨ
ਅੱਜ ਮੁੱਖ ਮੰਤਰੀ ਦੀ ਆਮਦ ਮੌਕੇ ਬਰਸਾਤੀ ਡੱਡੂ ਵਾਂਗ ਨਿਕਲਿਆ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਨਜ਼ਰ ਆਇਆ | ਲੋਕਾਂ ਦੀ ਸਹੂਲਤ ਲਈ ਬੇੜਾ ਤੇ ਮੋਟਰਬੋਟ ਦਰਿਆ 'ਚ ਖੜੇ੍ਹ ਨਜ਼ਰ ਆਏ ਤੇ ਲੋਕਾਂ ਤੇ ਪਸ਼ੂਆਂ ਦੀ ਸਹੂਲਤ ਲਈ ਦਵਾਈਆਂ ਦੇ ਸਟਾਲ ਵੀ ਲੱਗੇ | ਇਥੇ ਇਹ ਵੀ ਵਰਨਣਯੋਗ ਹੈ ਕਿ ਭਾਵੇਂ ਅੱਜ ਮੁੱਖ ਮੰਤਰੀ ਦੀ ਆਮਦ ਮੌਕੇ ਪਿਛਲੇ ਦਿਨਾਂ ਨਾਲੋਂ ਪਾਣੀ ਦਾ ਚੜਾਅ ਕਾਫੀ ਘੱਟ ਹੋ ਚੁੱਕਾ ਸੀ, ਪਰ ਐਸੀ ਹੀ ਸਥਿਤੀ ਪਿੰਡ ਰਣਸੀਕੇ ਤੱਲਾ ਤੇ ਆਸ-ਪਾਸ ਦੇ ਖੇਤਰ 'ਚ ਅਜੇ ਵੀ ਬਰਕਰਾਰ ਹੈ ਪਰ ਸਥਾਨਕ ਲੀਡਰਸ਼ਿਪ ਤੇ ਪ੍ਰਸ਼ਾਸਨ ਨੇ ਇਹ ਤ੍ਰਾਸਦੀ ਮੁੱਖ ਮੰਤਰੀ ਨੂੰ ਵਿਖਾਉਣੀ ਜ਼ਰੂਰੀ ਨਹੀਂ ਸਮਝੀ |
ਪ੍ਰਸ਼ਾਸਨ ਤੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਸਾਹਮਣੇ ਆਈ
ਮੁੱਖ ਮੰਤਰੀ ਦੀ ਆਮਦ ਮੌਕੇ ਜਿਥੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਗਾਇਬ ਰਹੀ, ਉਥੇ ਵਰਕਰਾਂ ਦਾ ਘੜਮੱਸ ਜ਼ਰੂਰ ਵੇਖਣ ਨੂੰ ਮਿਲਿਆ, ਜੋ ਪ੍ਰਸ਼ਾਸਨ ਤੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਕਾਰਨ ਮੌਕਾ ਸਥਾਨ ਤੱਕ ਇਸ ਕਦਰ ਪੁੱਜ ਗਿਆ ਕਿ ਮੁੱਖ ਮੰਤਰੀ ਚੰਗੀ ਤਰ੍ਹਾਂ ਪਾਣੀ ਦੇ ਵਹਾਅ ਵੱਲ ਨੇੜਿਓਾ ਝਾਤੀ ਹੀ ਨਹੀਂ ਮਾਰ ਸਕੇ ਤੇ ਉਨ੍ਹਾਂ ਵੀ ਲੋਕਾਂ ਨੂੰ ਫੋਟੋ ਖਿਚਾਉਣ ਦੇ ਚਾਅ ਤੋਂ ਜ਼ਰੂਰ ਟੋਕਿਆ | ਜਿਥੇ ਪੁਲਿਸ ਵਰਕਰਾਂ ਨੂੰ ਕਾਬੂ ਕਰਨ 'ਚ ਅਸਫਲ ਰਹੀ, ਉਥੇ ਪੀੜ੍ਹਤ ਲੋਕ ਮੁੱਖ ਮੰਤਰੀ ਨੂੰ ਆਪਣਾ ਦੁੱਖੜਾ ਵੀ ਨਾ ਸੁਣਾ ਸਕੇ | ਦਰਿਆ ਪਾਰਲੇ ਇਕ ਪਿੰਡ ਦਾ ਪੀੜਤ ਕਿਸਾਨ ਇਹੋ ਦੁਹਾਈ ਪਾਉਂਦਾ ਰਿਹਾ ਕਿ ਮੇਰੀਆਂ 17 ਮੱਝਾਂ ਰੁੜ ਗਈਆਂ, ਮੈਨੂੰ ਗੱਲ ਕਰ ਲੈਣ ਦਿਓ, ਪਰ ਉਸਦੀ ਆਵਾਜ਼ ਧੱਕਿਆਂ ਤੇ ਰੌਲੇ-ਗੌਲੇ 'ਚ ਗੁਆਚ ਕੇ ਰਹਿ ਗਈ ਤੇ ਲੋਕ ਇਹ ਕਹਿੰਦੇ ਸੁਣੇ ਗਏ ਕਿ ਏਨੀ ਲਾਮਡੋਰ ਇਕੱਠੀ ਕਰਨ ਨਾਲੋਂ ਪੀੜਤ ਪਿੰਡਾਂ ਦੇ 10-20 ਲੋਕ ਬੁਲਾ ਕੇ ਉਨ੍ਹਾਂ ਦੀ ਗੱਲਬਾਤ ਸੁਣਨੀ ਚਾਹੀਦੀ ਸੀ, ਪਰ ਉਨ੍ਹਾਂ ਨੇ ਬੜੇ ਬੁਝੇ ਮਨ ਨਾਲ ਕਿਹਾ ਕਿ ਦਹਾਕਿਆਂ ਤੋਂ ਰਾਵੀ ਪਾਰਲੇ ਪਿੰਡਾਂ ਦੀ ਕਿਸਮਤ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਤ ਰਹੀ ਹੈ |

No comments: