www.sabblok.blogspot.com
ਨਵੀਂ ਦੱਲੀ, 18 ਅਗਸਤ (ਏਜੰਸੀ)-ਦੇਸ਼ ਦੇ ਕਈ ਸ਼ਹਿਰਾਂ ਵਿਚ ਬੰਬ ਧਮਾਕੇ ਕਰਨ ਵਾਲਾ 70 ਸਾਲਾ ਲਸ਼ਕਰ-ਏ-ਤਾਇਬਾ ਦਾ ਖਤਰਨਾਕ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੇ ਦਿੱਲੀ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ | ਟੁੰਡਾ ਨੂੰ ਦਿੱਲੀ ਪੁਲਿਸ ਨੇ ਭਾਰਤ-ਨਿਪਾਲ ਸਰਹੱਦ ਨੇੜਿਓਾ ਗਿ੍ਫਤਾਰ ਕੀਤਾ ਸੀ | ਸੂਤਰਾਂ ਮੁਤਾਬਕ ਉਸ ਤੋਂ ਪੁੱਛਗਿੱਛ ਦੌਰਾਨ ਜੋ ਗੱਲਾਂ ਸਾਹਮਣੇ ਆਈਆਂ ਹਨ ਉਨ੍ਹਾਂ ਨਾਲ ਪਾਕਿਸਤਾਨ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ | ਟੁੰਡਾ ਜਿਸ ਨੂੰ ਸੁਰੱਖਿਆ ਏਜੰਸੀਆਂ ਲਸ਼ਕਰ-ਏ-ਤਾਇਬਾ ਦੀਆਂ ਪੂਰੇ ਭਾਰਤ ਵਿਚ ਕਾਰਵਾਈਆਂ ਲਈ ਚਲਦਾ ਫਿਰਦਾ ਇਨਸਾਈਕਲੋਪੀਡੀਆ ਕਹਿੰਦੀਆਂ ਹਨ ਤੋਂ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਕਲ੍ਹ ਦੇਰ ਰਾਤ ਤਕ ਪੁੱਛਗਿੱਛ ਕੀਤੀ ਜਿਸ ਵਿਚ ਉਸ ਨੇ ਦੱਸਿਆ ਕਿ ਲਸ਼ਕਰ-ਏ-ਤਾਇਬਾ ਦਾ ਬਾਨੀ ਅਤੇ ਮੁੰਬਈ 26/11 ਹਮਲੇ ਦਾ ਮੁੱਖ ਦੋਸ਼ੀ ਹਾਫਿਜ ਮੁਹੰਮਦ ਸਈਦ ਅਕਸਰ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀਆਂ ਦੇ ਸਿਖਲਾਈ ਕੈਂਪਾਂ 'ਚ ਜਾਂਦਾ ਰਹਿੰਦਾ ਹੈ | ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਅਪਰਾਧ ਜਗਤ ਦਾ ਸਰਗਨਾ ਦਾਊਦ ਇਬਰਾਹੀਮ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐਸ. ਆਈ. ਦੇ ਸਖਤ ਪਹਿਰੇ ਹੇਠ ਰਹਿੰਦਾ ਹੈ ਅਤੇ ਉਹ ਹਮੇਸ਼ਾ ਅੱਤਵਾਦੀਆਂ ਨੂੰ ਭਾਰਤ 'ਤੇ ਹਮਲੇ ਕਰਨ ਲਈ ਭੜਕਾਉਂਦਾ ਰਹਿੰਦਾ ਹੈ | ਟੁੰਡਾ ਨੇ ਇਹ ਵੀ ਦੱਸਿਆ ਕਿ ਉਸ ਨੂੰ ਅਤੇ ਦਾਊਦ ਨੂੰ 26/11 ਹਮਲੇ ਦੀ ਜਾਣਕਾਰੀ ਸੀ ਪਰ ਦਾਊਦ ਹਮਲਿਆਂ ਵਿਚ ਸ਼ਾਮਿਲ ਨਹੀਂ ਸੀ | ਅੱਤਵਾਦੀ ਆਮਿਰ ਰਾਜਾ ਨਾਲ ਵੀ ਟੁੰਡਾ ਦੀ ਮੁਲਾਕਾਤ ਹੋਈ ਸੀ ਅਤੇ ਉਹ ਪਾਕਿਸਤਾਨ ਵਿਚ ਰਹਿੰਦਾ ਹੈ | ਉਸ ਨੇ ਇਹ ਦੱਸਿਆ ਕਿ ਹਾਫਿਜ਼ ਸਈਦ ਦੀ ਦਾਊਦ ਇਬਰਾਹੀਮ ਨਾਲ ਉਸ ਨੇ ਹੀ ਮੁਲਾਕਾਤ ਕਰਵਾਈ ਸੀ | ਟੁੰਡਾ ਨੇ ਦਾਅਵਾ ਕੀਤਾ ਕਿ ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਾਰ ਜਕੀਉਰ ਰਹਿਮਾਨ ਲਖਵੀ ਹੀ ਸੰਗਠਨ ਦੀ ਕਮਾਨ ਸੰਭਾਲ ਰਿਹਾ ਹੈ | ਪੁੱਛਗਿੱਛ ਦੌਰਾਨ ਟੁੰਡਾ ਨੇ ਲਖਵੀ ਨਾਲ ਆਪਣੇ ਮਤਭੇਦਾਂ ਬਾਰੇ ਦੱਸਿਆ ਅਤੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਈ ਗੱਲਬਾਤਾਂ ਵਿਚ ਉਸ ਨਾਲ ਕਿਵੇਂ ਮਤਭੇਦ ਉਭਰੇ | ਟੁੰਡਾ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਅੱਤਵਾਦੀ ਸੰਗਠਨ ਦੇ ਉੱਚੇ ਅਹੁਦੇ 'ਤੇ ਨਹੀਂ ਪਹੁੰਚ ਸਕਿਆ ਕਿਉਂਕਿ 2000 ਵਿਚ ਬੰਗਲਾਦੇਸ਼ ਤੋਂ ਪਾਕਿਸਤਾਨ ਪਹੁੰਚਣ ਸਮੇਂ ਉਸ ਨੂੰ ਸਮਰਥਾ ਗੁਆ ਚੁੱਕੀ ਤਾਕਤ ਕਰਾਰ ਦਿੱਤਾ ਗਿਆ | ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਲਸ਼ਕਰੇ ਤਾਇਬਾ ਦੇ ਭਾਰਤ ਵਿਚ ਲਹੂਲੁਹਾਣ ਕਰਨ ਦੀ ਰਣਨੀਤੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਨਾਲ ਉਹ, ਉਸ ਦੀਆਂ ਤਿੰਨ ਪਤਨੀਆਂ ਅਤੇ 6 ਬੱਚੇ ਸੜਕ 'ਤੇ ਆ ਗਏ | ਜੀਵਨ ਨਿਰਬਾਹ ਲਈ ਟੁੰਡਾ ਨੂੰ ਪੰਜਾਬ ਦੇ ਸ਼ੇਖੂਪੁਰਾ ਜਿਲ੍ਹੇ ਦੇ ਮੁਰੀਦਕੇ ਵਿਚ ਮਰਕਜ਼ ਉਲ ਜਮਾਤ ਉਲ ਦਾਵਾ ਦੇ ਸਾਹਮਣੇ ਦੋ ਮੰਜ਼ਿਲਾ ਇਮਾਰਤ ਦੇ ਦਿੱਤੀ ਗਈ ਜਿਥੇ ਉਹ ਸੈਂਟ (ਅਤਰ ) ਵੇਚਦਾ ਸੀ | ਉਸ ਨੇ ਇਹ ਵੀ ਦੱਸਿਆ ਕਿ 15 ਅਗਸਤ ਨੂੰ ਰਾਜਧਾਨੀ ਵਿਚ ਬੰਬ ਧਮਾਕੇ ਕਰਨ ਦੀ ਸਾਜਿਸ਼ ਰਚੀ ਗਈ ਸੀ ਅਤੇ ਇਹ ਧਮਾਕੇ ਬੱਬਰ ਖਾਲਸਾ ਦੇ ਖਾੜਕੂ ਰਤਨਦੀਪ ਸਿੰਘ ਨੇ 15 ਅਗਸਤ ਨੂੰ ਬੰਬ ਧਮਾਕੇ ਕਰਨੇ ਸਨ ਅਤੇ ਰਤਨਦੀਪ ਸਿੰਘ ਦਿੱਲੀ ਜਾਂ ਇਸ ਦੇ ਆਲੇ ਦੁਆਲੇ ਕਿਤੇ ਲੁਕਿਆ ਹੋਇਆ ਹੈ | ਉਸ ਨੇ ਇਹ ਵੀ ਦੱਸਿਆ ਕਿ ਬੱਬਰ ਖਾਲਸਾ ਦੇ ਆਈ. ਐਸ. ਆਈ. ਨਾਲ ਸਬੰਧ ਹਨ | ਖ਼ੁਫ਼ੀਆ ਏਜੰਸੀਆਂ ਨੂੰ ਆਸ ਹੈ ਕਿ ਉਹ ਟੁੰਡਾ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਨਾਲ ਕਈ ਮਾਮਲਿਆਂ ਦੀ ਤਹਿ ਤਕ ਪਹੁੰਚ ਸਕਦੀ ਹੈ |
No comments:
Post a Comment