ਨਵੀਂ ਦਿੱਲੀ (Karan Singh Brar)- ਵਿਸ਼ਵ ਕੱਪ ਟੀ-20 ਦੇ ਸੈਮੀਫਾਈਨਲ ਤੋਂ ਬਾਹਰ ਹੋ ਜਾਣ ਦੇ ਬਾਵਜੂਦ ਭਾਰਤੀ ਕ੍ਰਿਕਟ ਟੀਮ ਟੂਰਨਾਮੈਂਟ ਵਿਚ ਪੰਜ ਵਿਚੋਂ ਚਾਰ ਮੈਚਾਂ 'ਚ ਜਿੱਤਾਂ ਦਰਜ ਕਰਨ ਦੀ ਬਦੌਲਤ ਟੀ-20 ਰੈਂਕਿੰਗ ਵਿਚ ਇਕ ਸਥਾਨ ਉਠ ਕੇ ਦੂਸਰੇ ਨੰਬਰ 'ਤੇ ਪਹੁੰਚ ਗਈ ਹੈ, ਜਦਕਿ ਬਿਹਤਰੀਨ ਫਾਰਮ ਵਿਚ ਚੱਲ ਰਿਹਾ ਵਿਰਾਟ 9 ਸਥਾਨਾਂ ਦੀ ਛਲਾਂਗ ਨਾਲ ਸਾਂਝੇ ਤੌਰ 'ਤੇ ਦਸਵੇਂ ਸਥਾਨ 'ਤੇ ਪਹੁੰਚ ਗਿਆ ਹੈ। ਟੀ-20 ਰੈਂਕਿੰਗ ਵਿਚ ਬੁੱਧਵਾਰ ਨੂੰ ਜਾਰੀ ਤਾਜ਼ਾ ਸੂਚੀ ਵਿਚ ਇਸਦੀ ਜਾਣਕਾਰੀ ਦਿੱਤੀ ਗਈ। ਭਾਰਤ ਮੰਗਲਵਾਰ ਨੂੰ ਦੱਖਣੀ ਅਫਰੀਕਾ ਤੋਂ ਇਕ ਦੌੜ ਨਾਲ ਹਾਰਨ ਦੇ ਬਾਵਜੂਦ ਸੈਮੀਫਾਈਨਲ ਤੋਂ ਬਾਹਰ ਹੋ ਗਿਆ ਸੀ ਪਰ ਪੰਜ 'ਚੋਂ ਚਾਰ ਮੈਚ ਜਿੱਤਣ ਕਾਰਨ ਉਸਦੀ ਟੀ-20 ਰੈਂਕਿੰਗ ਵਿਚ ਇਕ ਅੰਕ ਦਾ ਸੁਧਾਰ ਹੋਇਆ ਹੈ। ਧੋਨੀ ਦੀ ਅਗਵਾਈ ਵਾਲੀ ਟੀਮ ਦੇ ਇਸ ਸਮੇਂ 120 ਅੰਕ ਹਨ ਤੇ ਉਹ 129 ਅੰਕਾਂ ਨਾਲ ਪਹਿਲੇ ਸਥਾਨ 'ਤੇ ਮੌਜੂਦ ਸ਼੍ਰੀਲੰਕਾ ਤੋਂ 9 ਅੰਕ ਪਿੱਛੇ ਹੈ। ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਬੱਲੇਬਾਜ਼ ਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਵਿਰਾਟ ਚੋਟੀ ਦਸ ਬੱਲੇਬਾਜ਼ਾਂ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ। ਬੱਲੇਬਾਜ਼ਾਂ ਵਿਚ ਟਾਪ ਟੈੱਨ ਵਿਚ ਇਕ ਹੋਰ ਭਾਰਤੀ ਸੁਰੇਸ਼ ਰੈਨਾ ਪੰਜਵੇਂ ਸਥਾਨ 'ਤੇ ਹੈ। ਗੌਤਮ ਗੰਭੀਰ 15ਵੇਂ ਤੇ ਯੁਵਰਾਜ ਸਿੰਘ 17ਵੇਂ ਸਥਾਨ 'ਤੇ ਹੈ। ਟੀਮ ਇੰਡੀਆ ਵਿਚ ਵਾਪਸੀ ਕਰਨ ਵਾਲਾ ਆਫ ਸਪਿਨਰ ਹਰਭਜਨ ਸਿੰਘ ਛੇ ਸਥਾਨਾਂ ਦੀ ਗਿਰਾਵਟ ਨਾਲ 23ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਦੂਸਰੇ ਪਾਸੇ ਰਵੀਚੰਦ੍ਰਨ ਅਸ਼ਵਿਨ 17 ਸਥਾਨਾਂ ਦੀ ਛਲਾਂਗ ਲਗਾ ਕੇ 25ਵੇਂ ਸਥਾਨ 'ਤੇ ਆ ਗਿਆ ਹੈ ਪਰ ਭਾਰਤ ਦਾ ਕੋਈ ਵੀ ਗੇਂਦਬਾਜ਼ ਟਾਪ-20 ਵਿਚ ਸ਼ਾਮਲ ਨਹੀਂ ਹੈ।