ਵਿਰਾਟ-ਯੁਵਰਾਜ ਚਮਕੇ ਤੇ ਵੀਰੂ-ਜ਼ਹੀਰ ਫਲਾਪ
ਨਵੀਂ
ਦਿੱਲੀ(Karan Singh Brar) - ਭਾਰਤ ਦੇ ਸ਼੍ਰੀਲੰਕਾ ਵਿਚ ਟੀ-20 ਵਿਸ਼ਵ ਕੱਪ ਦੇ ਨਾਕਾਮ ਅਭਿਆਨ ਵਿਚ ਸਿਰਫ
ਨੌਜਵਾਨ ਬੱਲੇਬਾਜ਼ ਵਿਰਾਟ ਕੋਹਲੀ ਤੇ ਕੈਂਸਰ ਦੀ ਜੰਗ ਜਿੱਤ ਕੇ ਟੀਮ ਇੰਡੀਆ ਵਿਚ ਵਾਪਸੀ
ਕਰਨ ਵਾਲੇ ਯੁਵਰਾਜ ਸਿੰਘ ਹੀ ਚਮਕ ਸਕੇ। ਵਿਰਾਟ ਨੇ ਟੂਰਨਾਮੈਂਟ ਵਿਚ ਭਾਰਤ ਵਲੋਂ ਪੰਜ
ਮੈਚਾਂ ਵਿਚ 46.25 ਦੀ ਔਸਤ ਨਾਲ ਸਭ ਤੋਂ ਵੱਧ 185 ਦੌੜਾਂ ਬਣਾਈਆਂ। ਭਾਰਤ ਵਲੋਂ
ਟੂਰਨਾਮੈਂਟ ਵਿਚ ਤਿੰਨ ਅਰਧ ਸੈਂਕੜੇ ਲੱਗੇ ਜਿਨ੍ਹਾਂ ਵਿਚੋਂ ਦੋ ਤਾਂ ਵਿਰਾਟ ਦੇ ਨਾਂ
ਰਹੇ। ਵਿਰਾਟ ਟੂਰਨਾਮੈਂਟ ਵਿਚ ਦੋ ਵਾਰ ਅਫਗਾਨਿਸਤਾਨ ਤੇ ਪਾਕਿਸਾਤਨ ਵਿਰੁੱਧ 'ਮੈਨ ਆਫ
ਦਿ ਮੈਚ' ਵੀ ਬਣਿਆ। ਵਿਰਾਟ ਨੇ ਪਾਕਿਸਤਾਨ ਵਿਰੁੱਧ ਸੁਪਰ ਅੱਠ ਮੈਚ ਵਿਚ ਅਜੇਤੂ 78
ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਕੈਂਸਰ ਦੀ ਜੰਗ ਜਿੱਤ ਕੇ ਕ੍ਰਿਕਟ ਦੇ ਮੈਦਾਨ
ਵਿਚ ਪਰਤੇ ਯੁਵਰਾਜ ਨੇ ਇਕ ਵਾਰ ਫਿਰ ਆਪਣੀ ਆਲਰਾਊਂਡਰ ਪ੍ਰਤਿਭਾ ਸਾਬਤ ਕਰਦੇ ਹੋਏ ਪੰਜ
ਮੈਚਾਂ ਵਿਚ 22.00 ਦੀ ਔਸਤ ਨਾਲ 66 ਦੌੜਾਂ ਬਣਾਈਆਂ ਤੇ 5.92 ਦੇ ਇਕਾਨੋਮੀ ਰੇਟ ਨਾਲ
ਅੱਠ ਵਿਕਟਾਂ ਹਾਸਲ ਕੀਤੀਆਂ। ਯੁਵਰਾਜ ਭਾਰਤੀ ਗੇਂਦਬਾਜ਼ਾਂ ਵਿਚ ਸਭ ਤੋਂ ਵੱਧ ਵਿਕਟਾਂ
ਲੈਣ ਦੇ ਮਾਮਲੇ ਵਿਚ ਲਕਸ਼ਮੀਪਤੀ ਬਾਲਾਜੀ ਤੋਂ ਬਾਅਧ ਦੂਸਰੇ ਸਥਾਨ 'ਤੇ ਰਿਹਾ। ਬਾਲਾਜੀ
ਦੇ ਹਿੱਸੇ ਵਿਚ 9 ਵਿਕਟਾਂ ਆਈਆਂ ਪਰ ਉਸਦੀ ਇਕਾਨੋਮੀ ਰੇਟ 7.33 ਰਹੀ। ਪੂਰੇ ਵਿਸ਼ਵ ਕੱਪ
ਵਿਚ ਭਾਰਤ ਦਾ ਟਾਪ ਆਰਡਰ ਹਮੇਸ਼ਾ ਸੰਘਰਸ਼ ਕਰਦਾ ਰਿਹਾ। ਗੰਭੀਰ ਤੇ ਸਹਿਵਾਗ ਦੀ ਜੋੜੀ
ਲਗਾਤਾਰ ਫਲਾਪ ਰਹੀ ਤੇ ਦੋਵੇਂ ਇਕ ਵਾਰ ਵੀ ਭਾਰਤ ਨੂੰ ਚੰਗੀ ਸ਼ੁਰੂਆਤ ਨਾ ਦੇ ਸਕੇ।
ਸਹਿਵਾਗ ਨੂੰ ਆਸਟ੍ਰੇਲੀਆ ਵਿੱਰੁਧ ਮੈਚ ਵਿਚ ਬਾਹਰ ਬਿਠਾਏ ਜਾਣ ਨੂੰ ਲੈ ਕੇ ਚੰਗਾ
ਹੰਗਾਮਾ ਹੋਇਆ ਪਰ ਸਹਿਵਾਗ ਨੇ ਦੱਖਣੀ ਅਫਰੀਕਾ ਵਿਰੁੱਧ ਫੈਸਲਾਕੁੰਨ ਮੈਚ ਵਿਚ ਛੱਕਾ
ਮਾਰਨ ਦੇ ਬਾਅਦ ਅਗਲੀ ਗੇਂਦ 'ਤੇ ਉਹੋ ਜਿਹੀ ਹੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਆਪਣੀ ਵਿਕਟ
ਗਵਾ ਦਿੱਤੀ। ਗੇਂਦਬਾਜ਼ੀ ਵਿਚ ਬਾਲਾਜੀ ਨੇ ਹਾਲਾਂਕਿ ਸਭ ਤੋਂ ਵੱਧ 9 ਵਿਕਟਾਂ ਹਾਸਲ
ਕੀਤੀਆਂ ਪਰ ਉਹ ਵੱਧ ਪ੍ਰਭਾਵ ਨਾ ਛੱਡ ਸਕਿਆ। ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਵੀ ਇਸ
ਪੂਰੇ ਟੂਰਨਾਮੈਂਟ ਵਿਚ ਫਲਾਪ ਸਾਬਤ ਹੋਇਆ।
No comments:
Post a Comment