ਨਵੀਂ ਦਿੱਲੀ- ਟੀ-20 ਵਿਸ਼ਵ ਕੱਪ ਦੇ ਕਰੋ ਜਾਂ ਮਰੋ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਗਰੁੱਪ-2 ਨੂੰ ਬਹੁਤ ਦਿਲਚਸਪ ਬਣਾ ਦਿੱਤਾ ਹੈ। ਹੁਣ ਤੱਕ ਇਸ ਗਰੁੱਪ 'ਚ ਕਿਸੇ ਵੀ ਟੀਮ ਦਾ ਸੈਮੀਫਾਈਨਲ 'ਚ ਪਹੁੰਚਣਾ ਤੈਅ ਨਹੀਂ ਹੈ। ਭਾਰਤ ਨੇ ਪਾਕਿਸਤਾਨ ਨੂੰ 17ਵੇਂ ਓਵਰ 'ਚ ਹੀ ਹਰਾ ਦਿੱਤਾ ਸੀ, ਪਰ ਉਹ ਨੈੱਟ ਰਨ ਰੇਟ ਦੇ ਆਧਾਰ 'ਤੇ ਅਜੇ ਵੀ ਪਾਕਿਸਤਾਨ ਤੋਂ ਪਿੱਛੇ ਹੈ। ਇਸ ਗਰੁੱਪ 'ਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ 2 ਮੈਚ ਜਿੱਤ ਕੇ ਵੀ ਆਸਟਰੇਲੀਆ ਦੀ ਸੈਮੀਫਾਈਨਲ 'ਚ ਅਜੇ ਤੱਕ ਸੀਟ ਪੱਕੀ ਨਹੀਂ ਹਈ ਹੈ ਅਤੇ 2 ਮੈਚ ਹਾਰ ਕੇ ਵੀ ਸਾਊਥ ਅਫਰੀਕਾ ਅਜੇ ਵੀ ਟੂਰਨਾਮੈਂਟ 'ਚੋਂ ਬਾਹਰ ਨਹੀਂ ਹੋਇਆ ਹੈ।
ਗਰੁੱਪ ਬੀ ਦੀਆਂ 4 ਟੀਮਾਂ 3 'ਚੋਂ 2-2 ਮੈਚਾਂ ਖੇਡ ਚੁੱਕੀਆਂ ਹਨ। ਆਸਟ੍ਰੇਲੀਆ ਦੇ 2 ਜਿੱਤਾਂ ਨਾਲ 4, ਜਦਕਿ ਪਾਕਿਸਤਾਨ ਅਤੇ ਭਾਰਤ ਦੇ ਇਕ-ਇਕ ਜਿੱਤ ਨਾਲ 2-2 ਅੰਕ ਹਨ। ਸਾਊਥ ਅਫਰੀਕਾ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਗਵਾਏ ਹਨ ਅਤੇ ਉਸਦਾ ਇਕ ਵੀ ਅੰਕ ਨਹੀਂ ਹੈ। ਇਸ ਗਰੁੱਪ 'ਚ ਸੈਮੀਫਾਈਨਲ 'ਚ ਪੁਹੰਚਣ ਵਾਲੀ ਟੀਮ ਦਾ ਫੈਸਲਾ 2 ਅਕਤੂਬਰ ਨੂੰ ਹੋਵੇਗਾ, ਜਦੋਂ ਭਾਰਤ ਦਾ ਸਾਹਮਣਾ ਸਾਊਥ ਅਫਰੀਕਾ ਅਤੇ ਪਾਕਿਸਤਾਨ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਭਾਰਤ ਜਿੱਤਿਆ, ਪਾਕਿਸਤਾਨ ਹਾਰਿਆਂ ਤਾਂ...
ਭਾਰਤ ਨੂੰ 2 ਅਤੂਬਰ ਨੂੰ ਆਪਣੇ ਅਹਿਮ ਮੁਕਾਬਲੇ 'ਚ ਸਾਊਥ ਅਫਰੀਕਾ ਨੂੰ ਹਰ ਹਾਲ 'ਚ ਹਰਾਉਣਾ ਹੋਵੇਗਾ ਅਤੇ ਨਾਲ ਹੀ ਉਮੀਦ ਕਰਨੀ ਹਵੇਗੀ ਕਿ ਆਸਟ੍ਰੇਲੀਆ ਪਾਕਿਸਤਾਨ ਨੂੰ ਹਰਾ ਦੇਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਰਨ ਰੇਟ ਦੇ ਚੱਕਰ 'ਚ ਪਏ ਬਿਨਾਂ ਸਿੱਧਾ ਸੈਮੀਫਾਈਨਲ 'ਚ ਪਹੁੰਚ ਜਾਵੇਗਾ।
ਭਾਰਤ ਹਾਰਿਆ, ਪਾਕਿਸਤਾਨ ਜਿੱਤਿਆ ਤਾਂ...
ਜੇਕਰ ਭਾਰਤ ਸਾਊਥ ਅਫਰੀਕਾ ਤੋਂ ਮੈਚ ਹਾਰ ਜਾਂਦਾ ਹੈ ਅਤੇ ਓਧਰ ਆਸਟ੍ਰੇਲੀਆ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਸਥਿਤੀ ਬਹੁਤ ਦਿਲਚਸਪ ਹੋ ਜਾਵੇਗੀ। ਅਜਿਹੇ 'ਚ ਭਾਰਤ, ਪਾਕਿਸਤਾਨ ਅਤੇ ਸਾਊਥ ਅਫਰੀਕਾ ਦੇ 2-2 ਅੰਕ ਹੋ ਜਾਣਗੇ। ਓਦੋਂ ਸੈਮੀਫਾਈਨਲ ਦੀ ਦੂਜੀ ਟੀਮ ਦਾ ਫੈਸਲਾ ਨੈੱਟ ਰਨ ਰੇਟ ਦੇ ਹਿਸਾਬ ਨਾਲ ਹੋਵੇਗਾ।
ਭਾਰਤ ਅਤੇ ਪਾਕਿਸਤਾਨ ਜਿੱਤੇ ਤਾਂ...
ਤੀਜੀ ਸਥਿਤੀ ਅਜਿਹੀ ਹੈ ਕਿ ਜੇਕਰ ਭਾਰਤ ਸਾਊਥ ਅਫਰੀਕਾ ਨੂੰ ਹਰਾ ਦਿੰਦਾ ਹੈ ਅਤੇ ਓਧਰ ਪਾਕਿਸਤਾਨ ਵੀ ਆਸਟ੍ਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਫਿਰ ਫੈਸਲਾ ਰਨ ਰੇਟ ਦੇ ਆਧਾਰ 'ਤੇ ਹੋਵੇਗਾ। ਅਜਿਹੀ ਸਥਿਤੀ 'ਚ ਭਾਰਤ ਅਤੇ ਪਾਕਿਸਤਾਨ ਦੇ 4-4 ਅੰਕ ਹੋ ਜਾਣਗੇ ਅਤੇ ਵਧੀਆ ਰਨ ਰੇਟ ਵਾਲੀ ਟੀਮ ਸੈਮੀਫਾਈਨਲ 'ਚ ਪਹੁੰਚ ਜਾਵੇਗੀ। ਭਾਰਤ ਲਈ ਚਿੰਤਾ ਦੀ ਗੱਲ ਇਹ ਹੈ ਕਿ ਉਸ ਦੀ ਰਨ ਰੇਟ ਪਾਕਿਸਤਾਨ ਨਾਲੋਂ ਖਰਾਬ ਹੈ।