ਭੋਗਪੁਰ, (PTI)-ਭੋਗਪੁਰ ਸ਼ਹਿਰ 'ਚ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਭੋਗਪੁਰ ਦੀ ਕੰਧ ਪਾੜ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਜੀ. ਟੀ. ਰੋਡ ਸਥਿਤ ਉਕਤ ਬੈਂਕ 'ਚ ਬੀਤੀ ਰਾਤ ਚੋਰ ਬੈਂਕ ਦੇ ਪਿਛਲੇ ਪਾਸੇ ਦੀ ਕੰਧ ਪਾੜ ਕੇ ਬੈਂਕ ਦੇ ਅੰਦਰ ਵੜ ਗਏ। ਚੋਰਾਂ ਵਲੋਂ ਸਟਰਾਂਗ ਰੂਮ ਦੇ ਜਿੰਦਰੇ ਭੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੇ।  ਸੀਨੀਅਰ ਮੈਨੇਜਰ ਕੁਲਜੀਤ ਸਿੰਘ ਨੇ ਇਸਦੀ ਸ਼ਿਕਾਇਤ ਭੋਗਪੁਰ ਪੁਲਸ ਨੂੰ ਦਿੱਤੀ, ਜਿਸ ਕਾਰਨ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦਿਆਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੈਨੇਜਰ ਨੇ ਦੱਸਿਆ ਕਿ ਚੋਰਾਂ ਨੇ ਬੈਂਕ ਦੇ ਕੰਪਿਊਟਰ ਤੇ ਬੈਟਰੀਆਂ ਨਾਲ ਛੇੜਛਾੜ ਨਹੀਂ ਕੀਤੀ, ਕੇਵਲ ਕੈਸ਼ੀਅਰ ਦੀ ਦਰਾਜ ਦੀ ਤਲਾਸ਼ੀ ਲਈ। ਇਸ ਕਰਕੇ ਚੋਰਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ, ਜਿਸ ਕਾਰਨ ਬੈਂਕ ਦਾ ਆਰਥਿਕ ਨੁਕਸਾਨ ਹੋਣੋਂ ਟਲ ਗਿਆ।