ਚੰਡੀਗੜ (PTI)-ਪੀ. ਪੀ. ਪੀ. ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਨਵੀਂ ਰਣਨੀਤੀ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਅਗਲੇ ਹਫ਼ਤੇ ਤੋਂ ਬਠਿੰਡਾ ਲੋਕ ਸਭਾ ਹਲਕੇ ਦਾ ਦੌਰਾ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮਨ੍ਰਪੀਤ  ਪੰਜਾਬ ਕਾਂਗਰਸ ਪ੍ਰਧਾਨ ਕੈ. ਅਮਰਿੰਦਰ ਸਿੰਘ ਨਾਲ ਨਜ਼ਦੀਕੀਆਂ ਵਧਾ ਰਹੇ ਹਨ ਅਤੇ ਇਹ ਚਰਚਾ ਵੀ ਖੁੱਲ੍ਹੇਆਮ ਹੋ ਰਹੀ ਹੈ ਕਿ ਕਾਂਗਰਸ ਨੇ ਬਠਿੰਡਾ ਹਲਕੇ ਦੀ ਸੀਟ ਗਠਜੋੜ ਹੋਣ 'ਤੇ ਮਨਪ੍ਰੀਤ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੋਈ ਹੈ। ਇਸੇ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਹਲਕੇ 'ਚ ਹੁਣ ਤੋਂ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ। ਹੁਣ ਮਨਪ੍ਰੀਤ ਨੇ ਵੀ ਆਪਣੇ ਭਵਿੱਖ ਦੀ ਰਣਨੀਤੀ ਤਹਿਤ ਹੁਣੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੀ. ਪੀ. ਪੀ. ਦੇ ਬੁਲਾਰੇ ਅਰੁਣਜੋਤ ਸੋਢੀ ਨੇ ਮਨਪ੍ਰੀਤ ਨੂੰ ਬਠਿੰਡਾ ਹਲਕੇ ਦਾ ਅਗਲੇ ਹਫ਼ਤੇ ਤੋਂ ਦੌਰਾ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਤੋਂ ਬਾਅਦ ਅਗਲੇ ਪੜਾਅ 'ਚ ਨਵੰਬਰ ਮਹੀਨੇ ਪੰਜਾਬ ਭਰ 'ਚ ਜ਼ਿਲਾ ਪੱਧਰੀ ਬੈਠਕਾਂ ਕਰਕੇ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਬਾਕੀ ਹਲਕਿਆਂ 'ਚ ਮਜ਼ਬੂਤ ਕਰਨ ਲਈ ਮੁਹਿੰਮ ਤੇਜ਼ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਵੀ ਅਗਲੇ ਕੁਝ ਦਿਨਾਂ 'ਚ ਕਰ ਦਿੱਤਾ ਜਾਏਗਾ। ਪੀ. ਏ. ਸੀ. ਅਤੇ ਅਨੁਸ਼ਾਸਨਿਕ ਕਮੇਟੀ ਵੀ ਗਠਿਤ ਕੀਤੀ ਜਾਏਗੀ। ਇਸ ਤੋਂ ਬਾਅਦ ਰਾਜ ਪੱਧਰ ਦੀ ਇਕ ਵੱਡੀ ਰੈਲੀ ਕਰਕੇ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਨੂੰ ਜ਼ੋਰਦਾਰ ਟੱਕਰ ਦੇਣ ਲਈ ਮੁਹਿੰਮ ਤੇਜ਼ ਕੀਤੀ ਜਾਵੇਗੀ। ਇਸੇ ਦੌਰਾਨ ਪ੍ਰਾਪਤ ਖਬਰਾਂ ਅਨੁਸਾਰ ਕਾਂਗਰਸ ਨਾਲ ਸਿਆਸੀ ਗਠਜੋੜ ਦੇ ਮੁੱਦੇ ਨੂੰ ਲੈ ਕੇ ਸਾਂਝੇ ਮੋਰਚੇ 'ਚ ਮਤਭੇਦਾਂ ਕਾਰਨ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਹੈ ਅਤੇ ਨਵਾਂ ਗਠਜੋੜ ਉੱਭਰਨ ਦੇ ਪੂਰੇ ਆਸਾਰ ਹਨ।