ਪੱਲੇਕੇਲੇ - ਵੈਸਟਇੰਡੀਜ਼ ਨੇ ਰੋਮਾਂਚਕ ਮੌਕੇ 'ਤੇ ਪਹੁੰਚ ਕੇ ਸੁਪਰ ਅੱਠ ਮੈਚ ਵਿਚ ਅੱਜ ਇਥੇ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿਚ ਹਰਾ ਕੇ ਵਿਸ਼ਵ ਟੀ-20 ਚੈਂਪੀਅਨਸ਼ਿਪ ਤੋਂ ਬਾਹਰ ਕਰ ਦਿੱਤਾ, ਜਦਕਿ ਆਪਣੀਆਂ ਸੈਮੀਫਾਈਨਲ ਵਿਚ ਉਮੀਦਾਂ ਨੂੰ ਕਾਇਮ ਰੱਖਿਆ।
ਨਿਊਜ਼ੀ²ਲੈਂਡ ਨੇ ਟਿਮ ਸਾਊਥੀ (21 ਦੌੜਾਂ 'ਤੇ ਤਿੰਨ ਵਿਕਟਾਂ) ਤੇ ਡਗ ਬ੍ਰੇਸਵੈੱਲ (31 ਦੌੜਾਂ 'ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੂੰ 19.3 ਓਵਰਾਂ ਵਿਚ 139 ਦੌੜਾਂ 'ਤੇ ਸਮੇਟ ਦਿੱਤਾ ਸੀ। ਵੈਸਟਇੰਡੀਜ਼ ਨੇ ਵੀ ਇਸ ਤੋਂ ਬਾਅਦ ਸੁਨੀਲ ਨਾਰਾਇਣ (20 ਦੌੜਾਂ 'ਤੇ ਤਿੰਨ ਵਿਕਟਾਂ) ਦੀ ਫਿਰਕੀ ਦੇ ਜਾਦੂ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਦੇ ਹੋਏ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ 'ਤੇ 139 ਦੌੜਾਂ ਦੇ ਸਕੋਰ 'ਤੇ ਰੋਕ ਦਿੱਤਾ। ਸੁਪਰ ਓਵਰ ਵਿਚ ਵੈਸਟਇੰਡੀਜ਼ ਨੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮਾਰਲਨ ਸੈਮੂਅਲਸ ਨੂੰ ਸੌਂਪੀ। ਨਿਊਜ਼ੀਲੈਂਡ ਵਲੋਂ ਟੇਲਰ ਤੇ ਬ੍ਰੈਂਡਨ ਮੈਕਕੁਲਮ  ਉਤਰੇ। ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਰਹੀ ਪਰ ਟੇਲਰ ਨੇ ਲਗਾਤਾਰ ਗੇਂਦਾਂ 'ਤੇ ਚੌਕਾ ਤੇ ਛੱਕਾ ਲਗਾ ਕੇ ਓਵਰ ਵਿਚ 17 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਵਲੋਂ ਗੇਂਦਬਾਜ਼ੀ ਕਰਨ ਸਾਊਥੀ ਉਤਰਿਆ। ਉਸ ਨੇ  ਪਹਿਲੀ ਹੀ ਗੇਂਦ ਨੋਬਾਲ ਸੁੱਟ ਦਿੱਤੀ ਤੇ ਕ੍ਰਿਸ ਗੇਲ ਨੇ ਇਸ ਨੂੰ ਲਾਂਗ ਆਫ 'ਤੇ ਛੇ ਦੌੜਾਂ ਲਈ ਭੇਜ ਦਿੱਤਾ। ਸੈਮੂਅਲਸ ਨੇ ਇਸ ਤੋਂ ਬਾਅਦ ਪੰਜਵੀਂ ਗੇਂਦ ਨੂੰ ਡੀਪ ਮਿਡਵਿਕਟ ਦੇ ਉਪਰ ਤੋਂ ਛੇ ਦੌੜਾਂ ਲਈ ਭੇਜ ਕੇ ਵੈਸਟਇੰਡੀਜ਼ ਨੂੰ ਜਿੱਤ ਦਿਵਾ ਦਿੱਤੀ।