ਮੁੰਬਈ:—ਸਵ. ਅਭਿਨੇਤਾ ਰਾਜੇਸ਼ ਖੰਨਾ ਦੀ ਆਖਰੀ ਫਿਲਮ 'ਰਿਆਸਤ' 28 ਦਸੰਬਰ ਨੂੰ ਉਨ੍ਹਾਂ ਦੇ 70ਵੇਂ ਜਨਮ ਦਿਨ ਦੀ ਪੂਰਬਲੀ ਸ਼ਾਮ 'ਤੇ ਪ੍ਰਦਰਸ਼ਿਤ ਹੋਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਦੇਸ਼ਕ ਅਸ਼ੋਕ ਤਿਆਗੀ ਨੇ ਦਿੱਤੀ। ਇਸੇ ਸਾਲ 18 ਜੁਲਾਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਰਾਜੇਸ਼ ਖੰਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤਿਆਗੀ ਨੇ ਕਿਹਾ ਕਿ ਅਸੀਂ ਫਿਲਮ ਨੂੰ ਇਸ ਸਮੇਂ ਵੀ ਪ੍ਰਦਰਸ਼ਿਤ ਕਰ ਸਕਦੇ ਹਾਂ ਪਰ ਅਸੀਂ ਇਸ ਨੂੰ 29 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ। ਸ਼ਨੀਵਾਰ ਹੋਣ ਕਾਰਨ ਅਸੀਂ ਫਿਲਮ ਨੂੰ ਰਾਜੇਸ਼ ਖੰਨਾ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਪ੍ਰਦਰਸ਼ਿਤ ਕਰ ਦਿਆਂਗੇ। ਉਨ੍ਹਾਂ ਦੱਸਿਆ ਕਿ ਰਾਜੇਸ਼ ਖੰਨਾ ਇਕ ਚਿੱਠੀ ਛੱਡ ਗਏ ਹਨ ਜਿਸ ਨੂੰ ਫਿਲਮ ਦੇ ਪ੍ਰਦਰਸ਼ਿਤ ਹੋਣ ਦੇ ਥੋੜ੍ਹੀ ਦੇਰ ਪਹਿਲਾਂ ਖੋਲ੍ਹਿਆ ਜਾਵੇਗਾ। ਤਿਆਗੀ ਨੇ ਫਿਲਮ ਦੀ ਸ਼ੂਟਿੰਗ ਫਰਵਰੀ 2011 'ਚ ਸ਼ੁਰੂ ਕੀਤੀ ਅਤੇ ਅਕਤੂਬਰ 2011 'ਚ ਪੂਰੀ ਕਰ ਦਿੱਤੀ ਸੀ।