ਨਵੀਂ ਦਿੱਲੀ- ਅੰਨਾ ਹਜ਼ਾਰੇ ਦੇ ਕਰੀਬੀ ਸਹਿਯੋਗੀ ਰਹਿ ਚੁੱਕੇ ਅਰਵਿੰਦ ਕੇਜਰੀਵਾਲ ਨੇ ਆਪਣੀ ਰਾਜਨੀਤਕ ਪਾਰਟੀ ਦੀ ਸਿਆਸੀ ਰੂਪ-ਰੇਖਾ ਤਿਆਰ ਕਰ ਲਈ ਹੈ ਅਤੇ ਏਜੰਡੇ ਦਾ ਐਲਾਨ ਕੀਤਾ। ਕੇਜਰੀਵਾਲ ਨੇ ਹਮਲਾਵਰ ਰੁਖ ਅਪਨਾਉਂਦੇ ਹੋਏ ਕਿਹਾ ਕਿ ਉਹ 6 ਅਕਤੂਬਰ ਨੂੰ ਵੱਡਾ ਖੁਲਾਸਾ ਕਰਨਗੇ ਅਤੇ ਇਸ ਦਿਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਇਹੀ ਵੀ ਕਿਹਾ ਕਿ ਦੀਕਸ਼ਿਤ ਦੇ ਘਰ ਦੀ ਬਿਜਲੀ ਦੇ ਕੁਨੈਕਸ਼ਨ ਕੱਟ ਦੇਣਗੇ।

'ਇੰਡੀਆ ਅਗੇਂਸਟ ਭ੍ਰਿਸ਼ਟਾਚਾਰ' ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਦਾ ਵਿਜ਼ਨ ਡਾਕਊਮੈਂਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਭਾਜਪਾ ਅਤੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਦੋਹਾਂ ਨੇ ਮਿਲ ਕੇ ਦੇਸ਼ ਨੂੰ ਲੁੱਟ ਲਿਆ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਵਾਰ ਕਰਦੇ ਹੋਏ ਕਿਹਾ ਕਿ ਬੇਨਤੀ ਬਹੁਤ ਹੋ ਗਈ ਹੈ, ਪਰ ਹੁਣ ਲੜਾਈ ਦਾ ਸਮਾਂ ਹੈ ਅਤੇ ਇਸ ਲਈ ਉਹ ਚੋਣ ਦੇ ਮੈਦਾਨ 'ਚ ਉੱਤਰਨਗੇ। ਉਨ੍ਹਾਂ ਕਿਹਾ ਕਿ ਦੇਸ਼ 'ਚ ਵਿਰੋਧੀ ਧਿਰ ਨਾਂ ਦੀ ਚੀਜ਼ ਹੁਣ ਰਹਿ ਹੀ ਨਹੀਂ ਗਈ ਹੈ।

ਕੇਜਰੀਵਾਲ ਨੇ ਕਿਹਾ ਕਿ ਸਾਰੇ ਦਲਾਂ ਨੇ ਮਿਲ ਕੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ, ਇਸ ਲਈ ਇਸ ਭ੍ਰਿਸ਼ਟਾਚਾਰ ਕਾਰਨ ਉਨ੍ਹਾਂ ਨੂੰ ਚੋਣ ਲੜਨ ਨੂੰ ਮਜ਼ਬੂਰ ਹੋਣ ਪਿਆ ਹੈ। ਅਰਵਿੰਦ ਨੇ ਕਿਹਾ ਕਿ ਦੇਸ਼ 'ਚ ਚੋਣ ਕ੍ਰਾਂਤੀ ਪੈਦਾ ਕਰਨੀ ਹੈ ਅਤੇ ਜਦੋਂ ਉਨ੍ਹਾਂ ਦੇਖਿਆ ਕਿ ਕੋਈ ਰਸਤਾ ਨਹੀਂ ਬਚਿਆ ਤਾਂ ਫਿਰ ਉਸ ਨੇ ਮੈਦਾਨ 'ਚ ਉਤਰਨ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਉਹ ਵਿਵਸਥਾ ਬਦਲਣ ਦੀ ਪੂਰੀ ਕੋਸ਼ਿਸ਼ ਕਰਨਗੇ। ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਰਾਜਨੀਤੀ 'ਚ ਕਦਮ ਰੱਖਣ ਵਾਲੇ ਅਰਵਿੰਦ ਕੇਜਰੀਵਾਲ ਦੇ ਪ੍ਰਮੁੱਖ ਸਹਿਯੋਗੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨਾਂ ਦਾ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ। ਸਿਸੋਦੀਆ ਨੇ ਮੰਗਲਵਾਰ ਨੂੰ ਦਿੱਲੀ 'ਚ ਕਿਹਾ ਕਿ ਰਾਜਨੀਤਕ ਦਲ ਬਣਾਉਣ ਦਾ ਐਲਾਨ ਮੰਗਲਵਾਰ ਹੋਵੇਗਾ, ਪਰ ਇਸ ਨਾਂ ਦਾ ਐਲਾਨ 26 ਨਵੰਬਰ ਕੀਤਾ ਜਾਵੇਗਾ। ਕੇਜਰੀਵਾਲ ਨੇ ਵੀ ਪਾਰਟੀ ਦੇ ਨਾਂ ਦੇ ਐਲਾਨ 'ਚ ਦੇਰੀ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੂਰੀ ਚਰਚਾ ਤੋਂ ਬਾਅਦ ਇਸ ਦਾ ਐਲਾਨ ਹੋਵੇਗਾ। ਸਿਸੋਦੀਆ ਨੇ ਕਿਹਾ ਕਿ ਪਾਰਟੀ ਦੇ ਨਾਂ ਦੇ ਐਲਾਨ ਲਈ 26 ਨਵੰਬਰ ਦੀ ਤਰੀਕ ਚੁਣੀ ਗਈ ਹੈ ਕਿਉਂਕਿ 1949 'ਚ ਇਸ ਤਾਰੀਕ ਨੂੰ ਸੰਵਿਧਾਨ ਸਭਾ ਨੇ ਦੇਸ਼ ਦੇ ਸੰਵਿਧਾਨ ਨੂੰ ਮਨਜ਼ੂਰ ਕੀਤਾ ਸੀ।