ਟੋਰਾਂਟੋ-ਨਾਰਥ ਐਮੇਰਿਕਨ ਰੈਸ਼ਨਲ ਸੁਸਾਇਟੀ ਆਫ਼ ਓਨਟਾਰੀਓ ਵਲੋਂ ਬਰੈਂਪਟਨ ਸ਼ਹਿਰ ਦੇ ਰੋਜ਼ ਥੀਏਟਰ ਵਿੱਚ ਤਰਕਸ਼ੀਲ ਮੇਲਾ ਕਰਵਾਇਆ ਗਿਆ। ਪੂਰੀ ਤਰ੍ਹਾਂ ਭਰੇ ਹਾਲ ਵਿੱਚ ਸ੍ਰੀ ਅੰਮ੍ਰਿਤ ਢਿਲੋਂ ਵੱਲੋਂ ਦਰਸ਼ਕਾਂ ਦਾ ਸਵਾਗਤ ਕਰਨ ਉਪਰੰਤ ਸੁਖਵਿੰਦਰ ਘੁਮਾਣ, ਜਿੰਦ ਧਾਰੀਵਾਲ ਅਤੇ ਸਾਥੀਆਂ ਨੇ ਗੀਤ-ਸੰਗੀਤ ਪੇਸ਼ ਕੀਤੇ। ਉਪਰੰਤ ਸਮਾਗਮ ਦਾ ਪਹਿਲਾ ਨਾਟਕ 'ਸੰਤਾਪ' ਪੇਸ਼ ਕੀਤਾ ਗਿਆ ਜੋ ਕਿ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ਹੋਇਆ ਸੀ। ਨਾਟਕ ਦਾ ਨਿਰਦੇਸ਼ਨ ਹੀਰਾ ਰੰਧਾਵਾ ਵਲੋਂ ਕੀਤਾ ਗਿਆ। ਨਾਟਕ ਵਿਚ  ਕੈਨੇਡਾ 'ਚ ਵਿਚਰ ਰਹੇ ਇਕ ਪਰਿਵਾਰ ਵਿਚ ਅਜੋਕੀ ਪੀੜ੍ਹੀ ਦੇ ਮਨਾਂ ਵਿਚ ਪੰਜਾਬ ਤੋਂ ਆਏ ਮਾਪਿਆਂ ਪ੍ਰਤੀ ਲੋੜੀਂਦੇ ਮਾਣ-ਸਤਿਕਾਰ ਦੇ ਨਿਘਾਰ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ।

ਇਸ ਮਗਰੋਂ ਜਾਦੂ ਦੇ ਟਰਿੱਕ ਚਰਨਜੀਤ ਬਰਾੜ ਵੱਲੋਂ ਪੇਸ਼ ਕੀਤੇ ਗਏ। ਨੱਚਦੀ ਜਵਾਨੀ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ 'ਤੇ ਅਧਾਰਿਤ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ। ਅਗਲਾ ਨਾਟਕ 'ਸੋ ਕਿਉ ਮੰਦਾ ਆਖੀਐ' ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਭਰੂਣ ਹੱਤਿਆ ਦੀ ਭੈੜੀ ਅਲਾਮਤ ਦੇ ਵਿਸ਼ੇ 'ਤੇ ਲਿਖਿਆ ਹੋਇਆ ਸੀ, ਜਿਹੜਾ ਪੰਜਾਬੀਆਂ ਵੱਲੋਂ ਪੁੱਤ ਦੀ ਪ੍ਰਾਪਤੀ ਲਈ ਅਪਣਾਏ ਜਾਂਦੇ ਹੱਥਕੰਡਿਆਂ ਤੇ ਕੁੜੀਆਂ ਨੂੰ ਕੁੱਖ ਵਿੱਚ ਮਾਰਨ ਦੇ ਚਲਣ 'ਤੇ ਕਰਾਰੀ ਚੋਟ ਕਰਦਾ ਸੀ। ਇਸ ਨਾਟਕ ਵਿੱਚ 20 ਦੇ ਕਰੀਬ ਕਲਾਕਾਰਾਂ ਨੇ ਜੀ ਜਾਨ ਨਾਲ ਅਦਾਕਾਰੀ ਕੀਤੀ। ਇਸ ਪ੍ਰੋਗਰਾਮ ਵਿੱਚ ਟੋਰਾਂਟੋ ਖ਼ੇਤਰ ਦੀਆਂ ਨਾਮਵਰ ਸਾਹਿਤਕ ਤੇ ਸਭਿਆਚਾਰਕ ਖ਼ੇਤਰ ਨਾਲ ਸੰਬੰਧਿਤ ਸ਼ਖਸ਼ੀਅਤਾਂ ਹਾਜ਼ਰ ਸਨ ਜਿਨ੍ਹਾਂ ਵਿੱਚ ਸਰਵਸ੍ਰੀ ਨਵਤੇਜ ਭਾਰਤੀ, ਇਕਬਾਲ ਰਾਮੂਵਾਲੀਆ, ਜਗਮੋਹਨ ਸੇਖੋਂ, ਕ੍ਰਿਪਾਲ ਸਿੰਘ ਪੰਨੂੰ, ਕੁਲਵਿੰਦਰ ਖ਼ਹਿਰਾ, ਪਿਆਰਾ ਸਿੰਘ, ਕੁਵਿੰਦਰ ਛੀਨਾ,  ਅਮਰਜੀਤ ਰਾਏ, ਡਾ ਸੁਖਦੇਵ ਝੰਡ,  ਪ੍ਰੋ. ਗੁਰਬਖ਼ਸ਼ ਭੰਡਾਲ, ਆਦਿ ਨਾਮ ਵਰਨਣਯੋਗ ਹਨ।