ਸ਼ਹੀਦਾਂ ਦੇ ਸੁਪਨੇ ਪੂਰੇ ਕਰਨ 'ਚ ਨਾਕਾਮ ਰਹੀ ਕਾਂਗਰਸ : ਮਜੀਠੀਆ
ਅਜਨਾਲਾ/ਚਮਿਆਰੀ  (PTI)-'ਆਜ਼ਾਦੀ ਦੇ 65 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਵਿਚ ਕੁੱਲੀ, ਗੁੱਲੀ ਤੇ ਜੁੱਲੀ ਦਾ ਰੌਲਾ ਅਜੇ ਵੀ ਬਰਕਰਾਰ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸ਼ਹੀਦਾਂ ਨੇ ਜਿਨ੍ਹਾਂ ਸੁਪਨਿਆਂ ਲਈ ਆਪਣਾ ਆਪ ਕੁਰਬਾਨ ਕੀਤਾ ਸੀ, ਉਹ ਸੁਪਨੇ ਪੂਰੇ ਨਹੀਂ ਹੋਏ। ਸ਼ਹੀਦਾਂ ਦੀ ਇਸ ਸੋਚ ਨੂੰ ਪੂਰਾ ਨਾ ਕਰ ਸਕਣ ਲਈ ਦੇਸ਼ 'ਤੇ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਹੈ ਤੇ ਲੋਕਾਂ ਨੂੰ ਇਸਦਾ ਹਿਸਾਬ ਲੈਣਾ ਚਾਹੀਦਾ ਹੈ।' ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅਜਨਾਲਾ ਵਿਖੇ ਮਾਝਾ ਵਿਰਾਸਤ ਟਰੱਸਟ ਵਲੋਂ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਲਿਆਂ ਵਾਲੇ ਖੂਹ ਦੇ 282 ਸ਼ਹੀਦਾਂ ਦੀ 155ਵੀਂ ਵਰ੍ਹੇਗੰਢ ਤੇ ਸ਼ਹੀਦ ਭਗਤ ਸਿੰਘ ਦੀ 105ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਅੰਗਰੇਜ਼ ਤਾਂ ਭਜਾ ਦਿੱਤੇ ਪਰ ਬਦਕਿਸਮਤੀ ਨਾਲ ਦੇਸ਼ ਦੀ ਵਾਗਡੋਰ ਕਾਲੇ ਅੰਗਰੇਜ਼ਾਂ ਦੇ ਹੱਥ ਵਿਚ ਚਲੀ ਗਈ, ਜਿਨ੍ਹਾਂ ਨੇ ਦੇਸ਼ ਨੂੰ ਬੇਤਹਾਸ਼ਾ ਲੁੱਟਿਆ। ਉਨ੍ਹਾਂ ਦੇਸ਼ ਵਿਚ ਹੋਏ ਵੱਡੇ ਘਪਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੰਗਰੇਜ਼ਾਂ ਨੇ ਓਨੀ ਲੁੱਟ 200 ਸਾਲਾਂ ਵਿਚ ਨਹੀਂ ਸੀ ਕੀਤੀ, ਜਿੰਨੀ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਬੀਤੇ 8 ਸਾਲਾਂ ਵਿਚ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਜੰਗ-ਏ-ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ, ਦੇਸ਼ ਦੇ ਅੰਨ ਭੰਡਾਰ ਭਰੇ, ਦੇਸ਼ 'ਤੇ ਆਏ ਕਿਸੇ ਵੀ ਸੰਕਟ ਦਾ ਅੱਗੇ ਹੋ ਕੇ ਸਾਹਮਣਾ ਕੀਤਾ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੈਰ-ਪੈਰ 'ਤੇ ਪੰਜਾਬ ਨਾਲ ਵਿਤਕਰਾ ਕੀਤਾ, ਭਾਵੇਂ ਉਹ ਸੋਕਾ ਪੀੜਤ ਮੁਆਵਜ਼ੇ ਦੀ ਗੱਲ ਹੋਵੇ, ਸਨਅਤੀ ਛੋਟਾਂ ਦਾ ਮਸਲਾ ਹੋਵੇ ਜਾਂ ਪੰਜਾਬ ਦੇ ਕਰਜ਼ੇ ਦੀ ਮੁਆਫੀ ਦਾ ਮਾਮਲਾ ਹੋਵੇ।  ਉਨ੍ਹਾਂ ਆ ਰਹੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਉਨ੍ਹਾਂ ਪੰਜਾਬ ਦੀ ਸੱਤਾ ਦਾ ਫੈਸਲਾ ਬੜੀ ਸੂਝ-ਬੂਝ ਨਾਲ ਕੀਤਾ ਹੈ, ਉਸੇ ਤਰ੍ਹਾਂ ਸੰਸਦ ਚੋਣਾਂ ਦਾ ਇਤਿਹਾਸਕ ਫੈਸਲਾ ਕਰਕੇ ਸਾਰੀਆਂ 13 ਸੀਟਾਂ 'ਤੇ ਅਕਾਲੀ-ਭਾਜਪਾ ਦਾ ਝੰਡਾ ਲਹਿਰਾ ਦੇਣ। ਮਜੀਠੀਆ ਨੇ ਇਸ ਮੌਕੇ ਪਨਾਹੀ, ਜੰਗਲਾਤ ਤੇ ਫੌਜ ਦੀ ਮਲਕੀਅਤ ਆਦਿ ਵਾਲੀਆਂ ਜ਼ਮੀਨਾਂ ਦਾ ਮਸਲਾ ਛੇਤੀ ਹੀ ਕਮੇਟੀ ਬਣਾ ਕੇ ਹੱਲ ਕਰਨ ਦਾ ਭਰੋਸਾ ਦਿਵਾਇਆ।