ਜਲੰਧਰ: (PTI)—ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ 'ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ ਜਿਸ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਹੈ। ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਉਣ ਦਾ ਸਿਹਰਾ ਕਾਂਗਰਸ ਲੀਡਰਸ਼ਿਪ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕਾਂਗਰਸ ਨੇਤਾ ਡਾ. ਮਨਮੋਹਨ ਸਿੰਘ ਨੂੰ ਦੋ ਵਾਰ ਪ੍ਰਧਾਨ ਮੰਤਰੀ ਅਹੁਦਾ ਕਾਂਗਰਸ ਵਲੋਂ ਦਿੱਤਾ ਗਿਆ ਹੈ। ਇਸੇ ਤਰ੍ਹਾਂ  ਆਈ. ਬੀ. ਦੇ ਡਾਇਰੈਕਟਰ ਨਿਸ਼ਚਲ ਸਿੰਘ ਸੰਧੂ ਹਨ। ਜਦਕਿ ਫੌਜ ਮੁਖੀ ਵੀ ਬਿਕਰਮ ਸਿੰਘ ਹੈ, ਜੋ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ । ਯੋਜਨਾ ਕਮਿਸ਼ਨ  ਦੇ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਵੀ ਸਿੱਖ ਹਨ।  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਨਰਲ ਜੇ. ਜੇ. ਸਿੰਘ ਫੌਜ ਮੁਖੀ ਰਹਿ ਚੁੱਕੇ ਹਨ।
ਕਾਂਗਰਸ ਨੇ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਗਿਆਨੀ ਜੈਲ ਸਿੰਘ, ਸਵਰਨ ਸਿੰਘ, ਬੂਟਾ ਸਿੰਘ ਨੂੰ ਕੇਂਦਰ 'ਚ ਉੱਚ ਪਦਵੀਆਂ ਦਿੱਤੀਆਂ ਹਨ।
ਬਾਦਲ ਨੂੰ ਇਹ ਸਵਾਲ ਤਾਂ ਭਾਜਪਾ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਸਿੱਖਾਂ ਨੂੰ ਕੌਮੀ ਪੱਧਰ 'ਤੇ ਕਿੰਨੀ ਨੁਮਾਇੰਦਗੀ ਅੱਜ ਤਕ ਦਿੱਤੀ ਹੈ।  ਭਾਖੜਾ ਡੈਮ ਵੀ ਕਾਂਗਰਸ ਦੀ ਪੰਜਾਬ ਨੂੰ ਦੇਣ ਸੀ। ਦੂਜੇ ਪਾਸੇ ਅਕਾਲੀ ਦਲ ਨੇ ਤਾਂ ਸਵ. ਬੇਅੰਤ ਸਿੰਘ ਦੇ ਕਾਤਿਲਾਂ ਨੂੰ ਜ਼ਿੰਦਾ ਸ਼ਹੀਦ ਕਰਾਰ ਦਿੱਤਾ ਅਤੇ ਨਾਲ ਹੀ ਅੱਤਵਾਦੀਆਂ ਦੀਆਂ ਯਾਦਗਾਰਾਂ ਬਣਾਈਆਂ ਜਾ ਰਹੀਆਂ ਹਨ।