ਵਾਸ਼ਿੰਗਟਨ— ਅਮਰੀਕਾ ਨੇ ਭਾਰਤ ਤੋਂ ਇੰਟਰਨੈੱਟ ਰਾਹੀਂ ਚਲਾਈਆਂ ਜਾ ਰਹੀਆਂ ਕਈ ਧੋਖਾਧੜੀ ਵਾਲੀਆਂ ਯੋਜਨਾਵਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦੀਆਂ ਯੋਜਨਾਵਾਂ 'ਚ ਉਪਭੋਗਤਾ ਨੂੰ ਆਪਣੇ ਕੰਪਿਊਟਰ ਦੇ ਬੋਗਸ ਵਾਇਰਸ ਨੂੰ ਸਾਫ ਕਰਨ ਲਈ ਭੁਗਤਾਨ ਕਰਨਾ ਪੈਂਦਾ ਹੈ।
ਸੰਘੀ ਵਪਾਰ ਆਯੋਗ (ਐਫ. ਟੀ. ਸੀ.) ਦੀ ਬੇਨਤੀ ਤੋਂ ਬਾਅਦ ਇਕ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਨੇ ਅਗਲੀ ਸੁਣਵਾਈ ਤੱਕ ਇਸ ਤਰ੍ਹਾਂ ਦੀ ਧੋਖਾਧੜੀ ਦੀਆਂ ਯੋਜਨਾਵਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਸੰਪਤੀ ਜ਼ਬਤ ਕਰ ਲਈ ਹੈ।
ਐਫ. ਟੀ. ਸੀ. ਦਾ ਦੋਸ਼ ਹੈ ਕਿ ਇਹ ਕੰਮ ਭਾਰਤ ਤੋਂ ਸੰਚਾਲਿਤ ਹੁੰਦਾ ਹੈ। ਇਸ ਤਹਿਤ ਮੁੱਖ ਤੌਰ 'ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਆਇਰਲੈਂਡ, ਨਿਊਜ਼ੀਲੈਂਡ ਅਤੇ ਬ੍ਰਿਟੇਨ ਦੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।  ਐਫ. ਟੀ. ਸੀ. ਵਲੋਂ ਅਦਾਲਤ 'ਚ ਦਿੱਤੇ ਗਏ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਇਹ ਲੋਕ ਕਿਸੇ ਤਰ੍ਹਾਂ ਦੇ ਜੋਖ਼ਿਮ ਤੋਂ ਬਚਣ ਲਈ ਵਰਚੂਅਲ ਦਫਤਰਾਂ ਦਾ ਸਹਾਰਾ ਲੈਂਦੇ ਹਨ। ਅਸਲ 'ਚ ਉਨ੍ਹਾਂ ਦੇ ਦਫਤਰਾਂ 'ਚ ਸਿਰਫ ਮੇਲ ਕਰਨ ਦੀ ਸੁਵਿਧਾ ਹੁੰਦੀ ਹੈ। ਇਸ ਲਈ ਉਹ 80 ਵੱਖ-ਵੱਖ ਡੋਮੇਨ ਨਾਵਾਂ ਅਤੇ 130 ਵੱਖ-ਵੱਖ ਫੋਨ ਨੰਬਰਾਂ ਦਾ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਦੀ ਧੋਖਾਧੜੀ 'ਚ ਸ਼ਾਮਲ ਲੋਕਾਂ ਦਾ ਇਕ ਸਮੂਹ ਪੱਛਮ ਬੰਗਾਲ ਦਾ ਹੈ। ਭਾਰਤੀਆਂ ਦੇ ਹੋਰ ਸਮੂਹ ਰਾਜਸਥਾਨ ਤੋਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ।