ਇੰਫਾਲ- ਮਣੀਪੁਰ 'ਚ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਸਮਾਰੋਹ ਤੋਂ ਕੁਝ ਹੀ ਮਿੰਟ ਪਹਿਲਾਂ ਇੱਥੇ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਹਾਲਾਂਕਿ ਇਸ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇੱਥੇ ਫਰਸਟ ਮਣੀਪੁਰ ਰਾਈਫਲਸ ਪਰੇਡ ਮੈਦਾਨ ਤੋਂ ਲਗਭਗ 400 ਮੀਟਰ ਦੀ ਦੂਰੀ 'ਤੇ ਮੋਈਰਾਂਗਖੋਮ ਪ੍ਰੈਟੋਲ ਪੰਪ ਇਲਾਕੇ 'ਚ ਸਵੇਰੇ 8 ਵੱਜ ਕੇ 20 ਮਿੰਟ 'ਤੇ ਇਹ ਬੰਬ ਧਮਾਕਾ ਹੋਇਆ। ਇਸੇ ਮੈਦਾਨ 'ਚ ਸਵੇਰੇ 9 ਵਜੇ ਆਜ਼ਾਦਾ ਦਿਹਾੜੇ ਦਾ ਮੁੱਕ ਸਮਾਰੋਹ ਹੋਣਾ ਸੀ, ਜਿਸ 'ਚ ਮੁੱਖ ਮੰਤਰੀ ਓਕਰਾਮ ਈਬੋਬੀ ਸਿੰਘ ਮੁੱਖ ਮਹਿਮਾਨ ਸਨ।
ਪੁਲਸ ਨੇ ਕਿਹਾ ਕਿ ਉਗਰਵਾਦੀਆਂ ਨੇ ਸੜਕ ਕਿਨਾਰੇ ਬੰਬ ਲਗਾਇਆ ਸੀ, ਜਿਸ ਦੀ ਤੀਬਰਤਾ ਤਾਂ ਘੱਟ ਸੀ ਪਰ ਇਸ ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ। ਇਹ ਉਗਰਵਾਦੀ ਸੰਗਠਨਾਂ ਦਾ ਕੰਮ ਹੈ। ਇਸ ਧਮਾਕੇ ਤੋਂ ਬਾਅਦ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਉੱਥੋਂ ਗੁਜ਼ਰਨ ਵਾਲੇ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜਿਸ ਸਥਾਨ 'ਤੇ ਧਮਾਕਾ ਹੋਇਆ ਹੈ ਉਹ ਮੁੱਖ ਮੰਤਰੀ ਦੀ ਰਹਾਇਸ਼ ਅਤੇ ਪੁਲਸ ਠਾਣੇ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪੀਪਲਸ ਰੈਵਲੂਸ਼ਨਰੀ ਪਾਰਟੀ ਆਫ ਕਾਂਗਲੀਪੈਕ-ਪ੍ਰੋਗ੍ਰੈਸਿਵ (ਪ੍ਰੀਪੇਕ-ਪੀ) ਨਾਂ ਦੇ ਉਗਰਵਾਦੀ ਧੜ ਨੇ ਈਬੋਬੀ ਸਿੰਘ ਦੀ ਰਹਾਇਸ਼ ਦੇ ਸਾਹਮਣੇ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ। ਪ੍ਰੀਪੇਕ ਸਮੇਤ ਛੇ ਮੁੱਖ ਉਗਰਵਾਦੀ ਸੰਗਠਨਾਂ ਦੀ ਸਾਂਝੀ ਕਮੇਟੀ 'ਕੋਰਕੋਮ' ਨੇ ਅੱਜ ਆਜ਼ਾਦੀ ਦਿਹਾੜੇ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਸੀ।