www.sabblok.blogspot.com
ਬਠਿੰਡਾ, 10 ਅਗਸਤ (ਬਿੱਟੂ ਗਰਗ, ਨਾਰਾਇਣ ਸਿੰਘ) ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਰਜਿ: ਚੰਡੀਗੜ੍ਹ ਦੇ ਸਰਪ੍ਰਸਤ ਭਾਈ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਨੂੰ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਬਾਰੇ ਹੋਰ ਖੋਜ ਕਰਨ ਲਈ ਬਣੀ ਤੱਥ ਖੋਜ ਕਮੇਟੀ ਵਿੱਚ ਬਤੌਰ ਮੈਂਬਰ ਨਾਮਜ਼ਦ ਕੀਤਾ ਹੈ ਜਿਸ ਦੀ ਸੰਸਥਾ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਸੰਸਥਾ ਦੇ ਬਠਿੰਡਾ ਇਕਾਈ ਦੇ ਸਮੂਹ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਮੇਸ਼ ਸਿੰਘ ਕੋਟਸ਼ਮੀਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਵਿੱਦਿਆਕ ਤੇ ਭਲਾਈ ਟ੍ਰੱਸਟ ਨੇ ਸ਼੍ਰੋਮਣੀ ਸ਼ਹੀਦ ਅਤੇ ਰੰਘਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਪ੍ਰਾਪਤ ਬਾਬਾ ਜੀਵਨ ਸਿੰਘ ਦੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਢੁੱਕਵੀਂ ਯਾਦਗਾਰ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਨੂੰ ਨੱਤਮਸਤਕ ਹੁੰਦਿਆਂ ਤੁਰੰਤ ਹੀ 5 ਏਕੜ ਜ਼ਮੀਨ ਅਤੇ ਯਾਦਗਾਰ ਦੀ ਉਸਾਰੀ ਲਈ ਢੁਕਵੀਂ ਗ੍ਰਾਂਟ ਦੇ ਦਿੱਤੀ ਜਿਸ ਲਈ ਪੰਜਾਬ ਸਰਕਾਰ ਦੇ ਸ਼ਹੀਦਾਂ ਪ੍ਰਤੀ ਦਿਖਾਈ ਸ਼ਰਧਾ ਅਤੇ ਕੀਤੇ ਜਾ ਰਹੇ ਉਪਰਾਲਿਆਂ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਇਸ ਜ਼ਮੀਨ ਉੱਪਰ 'ਵਿਰਾਸਤ ਏ ਖਾਲਸਾ' ਵਾਂਗ ਹੀ ਬਾਬਾ ਜੀਵਨ ਸਿੰਘ ਨਾਲ ਸਬੰਧਤ ਅਦੁੱਤੀ ਯਾਦਗਾਰ ਕਾਇਮ ਕਰਨ ਦੀ ਮੰਗ ਕੀਤੀ। ਬਾਬਾ ਜੀਵਨ ਸਿੰਘ ਦੀ ਢੁੱਕਵੀਂ ਯਾਦਗਾਰ ਬਣਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਇੱਕ ਤੱਥ ਖੋਜ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਰਵਣ ਸਿੰਘ ਫਿਲੌਰ, ਚਰਨਜੀਤ ਸਿੰਘ ਅਟਵਾਲ ਆਦਿ ਮੈਂਬਰ ਲਏ ਗਏ ਸਨ ਪਰ ਸੰਸਥਾ ਦੀ ਪੁਰਜ਼ੋਰ ਮੰਗ 'ਤੇ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਟਰੱਸਟ ਦੇ ਕੌਮੀ ਚੇਅਰਮੈਨ ਭਾਈ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਨੂੰ ਵੀ ਮੈਂਬਰ ਲੈ ਲਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਨੇ ਬਹੁਤ ਹੀ ਮਿਹਨਤ ਕਰਕੇ ਤੇ ਕਈ ਦੇਸ਼ਾਂ ਵਿੱਚ ਪਏ ਸਿੱਖ ਇਤਿਹਾਸ ਦੀ ਖੋਜ ਕਰਕੇ ਬਾਬਾ ਜੀਵਨ ਸਿੰਘ ਬਾਰੇ ਜੋ ਗੱਲਾਂ ਅੱਜ ਤੱਕ ਸਾਹਮਣੇ ਨਹੀਂ ਆਈਆਂ ਸਨ, ਉਨ੍ਹਾਂ ਨੂੰ ਸੰਗਤ ਦੇ ਸਾਹਮਣੇ ਲਿਆਂਦਾ ਹੈ ਅਤੇ ਉਨ੍ਹਾਂ ਬਾਰੇ ਬਹੁਤ ਸਾਰਾ ਇਤਿਹਾਸ ਛਪਵਾ ਕੇ ਮੁਫਤ ਵੀ ਵੰਡਿਆ ਹੈ। ਭਾਈ ਜਸਵੰਤ ਸਿੰਘ ਦੀ ਅਣਥੱਕ ਮਿਹਨਤ ਸਦਕਾ ਤੱਥ ਖੋਜ ਕਮੇਟੀ ਨੂੰ ਹੁਣ ਬਹੁਤ ਘੱਟ ਮਿਹਨਤ ਕਰਨੀ ਪਵੇਗੀ ਤੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਵੀ ਅਦੁੱਤੀ ਕਿਸਮ ਦੀ ਬਣ ਸਕੇਗੀ ਜਿਸ ਨਾਲ ਨਾ ਸਿਰਫ ਸਿੱਖ ਪੰਥ, ਸਗੋਂ ਮੌਕੇ ਦੀ ਸਰਕਾਰ ਦਾ ਵੀ ਸਿਰ ਦੁਨੀਆਂ ਭਰ ਵਿੱਚ ਫਖ਼ਰ ਨਾਲ ਉੱਚਾ ਹੋ ਜਾਵੇਗਾ। ਹੁਣ ਤੱਕ ਜਿੰਨ੍ਹਾਂ ਵੀ ਇਤਿਹਾਸ ਲਿਖਿਆ ਗਿਆ ਹੈ ਉਹ ਸਾਰਾ ਤੋੜ ਮਰੋੜ ਕੇ ਲਿਖਿਆ ਗਿਆ ਹੈ ਜਿਸ ਕਾਰਨ ਸਿੱਖ ਕੌਮ ਦਾ ਮਹਾਨ ਅੰਗ ਰਹੇ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਪ੍ਰਾਪਤ ਮਜ੍ਹਬੀ ਸਿੱਖਾਂ ਨੂੰ ਇਤਿਹਾਸ ਵਿੱਚ ਬਣਦਾ ਮਾਣ ਨਹੀਂ ਮਿਲਿਆ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਭਾਈ ਜਸਵੰਤ ਸਿੰਘ ਦੇ ਤੱਥ ਖੋਜ ਕਮੇਟੀ ਮੈਂਬਰ ਬਣਨ ਨਾਲ ਨਾ ਸਿਰਫ ਤੱਥ ਆਧਾਰਿਤ ਇਤਿਹਾਸ ਦੀ ਖੋਜ ਹੋਵੇਗੀ ਬਲਕਿ ਸ਼ਹੀਦਾਂ ਨੂੰ ਉਨ੍ਹਾਂ ਦਾ ਬਣਦਾ ਢੁੱਕਵਾਂ ਮਾਣ ਸਤਿਕਾਰ ਵੀ ਮਿਲ ਸਕੇਗਾ ਤੇ ਢੁੱਕਵੀਂ ਯਾਦਗਾਰ ਵੀ ਬਣ ਸਕੇਗੀ ਜਿਸ ਤੋਂ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈ ਕੇ ਅਦੁੱਤੀ ਸਿੱਖ ਧਰਮ ਪ੍ਰਤੀ ਸਮਰਪਿਤ ਹੋਣਗੀਆਂ।
No comments:
Post a Comment