jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਫ਼ਿਜ਼ਾ ਦੀ ਮੌਤ ਦਾ ਭੇਤ ਲਾਉਣ ਵਿੱਚ ਪੁਲੀਸ ਸਾਲ ਬਾਅਦ ਵੀ ਨਾਕਾਮ

www.sabblok.blogspot.com
ਫ਼ਿਜ਼ਾ ਮੁਹੰਮਦ ਦੀ ਫਾਈਲ ਫੋਟੋ
ਦਰਸ਼ਨ ਸਿੰਘ ਸੋਢੀ
ਮੁਹਾਲੀ, 4 ਅਗਸਤ
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਨਾਲ ਧਰਮ ਬਦਲ ਕੇ ਦੂਜਾ ਵਿਆਹ ਕਰਾਉਣ ਬਾਅਦ ਚਰਚਾ ਵਿੱਚ ਆਈ ਮੁਹਾਲੀ ਦੇ ਵਾਰਡ ਨੰਬਰ-16, ਸੈਕਟਰ-48 (ਸੀ) ਦੀ ਵਸਨੀਕ ਅਨੁਰਾਧਾ ਬਾਲੀ ਉਰਫ਼ ਫ਼ਿਜ਼ਾ ਮੁਹੰਮਦ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੀ ਗੁੱਥੀ ਸੁਲਝਾਉਣ ਵਿੱਚ ਮੁਹਾਲੀ ਪੁਲੀਸ ਸਾਲ ਬਾਅਦ ਵੀ ਨਾਕਾਮ ਰਹੀ ਹੈ। ਇਸ ਮਾਮਲੇ ਦੀ ਜਾਂਚ ਹਾਲੇ ਵੀ ਕਿਸੇ ਤਣ-ਪੱਤਣ ਨਹੀਂ ਲੱਗੀ ਹੈ।
ਫ਼ਿਜ਼ਾ ਦੇ ਰਿਸ਼ਤੇਦਾਰਾਂ ਵੱਲੋਂ ਵੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਵਿੱਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਫ਼ਿਜ਼ਾ ਦੀਆਂ ਤਿੰਨ ਭੈਣਾਂ ਨੇ ਜ਼ਿਲ੍ਹਾ ਅਦਾਲਤ ਵਿੱਚ ਸਾਂਝੇ ਤੌਰ ’ਤੇ ਇਕ ਅਰਜ਼ੀ ਦਾਇਰ ਕਰਕੇ ਫ਼ਿਜ਼ਾ ਦੇ ਘਰੋਂ ਅਤੇ ਬੈਂਕ ਲਾਕਰਾਂ ਅਤੇ ਖਾਤਿਆਂ ’ਚੋਂ ਮਿਲੇ ਕਰੋੜਾਂ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਅਤੇ ਫ਼ਿਜ਼ਾ ਦੀ ਆਲੀਸ਼ਾਨ ਕੋਠੀ ’ਤੇ ਹੱਕ ਜਤਾਇਆ ਹੈ। ਤਿੰਨੇ ਭੈਣਾਂ ਨੇ ਖ਼ੁਦ ਨੂੰ ਫ਼ਿਜ਼ਾ ਦਾ ਵਾਰਿਸ ਦੱਸਿਆ ਹੈ। ਫ਼ਿਜ਼ਾ ਦੀ ਮਾਂ ਅਤੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਇਥੇ ਇਕੱਲੀ ਹੀ ਰਹਿੰਦੀ ਸੀ। ਛੇ ਅਗਸਤ, 2012 ਨੂੰ ਸਵੇਰੇ 10 ਵਜੇ ਬੈੱਡਰੂਮ ’ਚੋਂ ਫ਼ਿਜ਼ਾ ਦੀ ਲਾਸ਼ ਮਿਲੀ ਸੀ। ਲਾਸ਼ ਦੇ ਕਈ ਦਿਨ ਪਈ ਰਹਿਣ ਕਾਰਨ ਪੂਰੇ ਘਰ ’ਚ ਬਦਬੂ ਫੈਲ ਗਈ ਸੀ। ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਬੋਰਡ ਦੇ ਇੰਚਾਰਜ ਡਾ. ਪਰਮਿੰਦਰ ਸਿੰਘ ਭੱਟੀ ਨੇ ਜ਼ਿਲ੍ਹਾ ਪੁਲੀਸ ਨੂੰ ਸੌਂਪੀ ਵਿਸਰਾ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਦੇ ਪੇਟ ਵਿੱਚ 51 ਪ੍ਰਤੀਸ਼ਤ ਅਲਕੋਹਲ ਅਤੇ ਕੁਝ ਮਾਤਰਾ ਵਿੱਚ ਐਲੂਮੀਨੀਅਮ ਫਾਸਫਾਈਡ ਨਾਂ ਦਾ ਜ਼ਹਿਰ ਸੀ। ਐਲੂਮੀਨੀਅਮ ਫਾਸਫਾਈਡ ਆਮ ਤੌਰ ’ਤੇ ਅਨਾਜ ਦੀ ਸਾਂਭ-ਸੰਭਾਲ ਲਈ ਵਰਤਿਆ ਜਾਂਦਾ ਹੈ। ਇਸ ਦੀ ਬਹੁਤ ਥੋੜ੍ਹੀ ਮਾਤਰਾ ਮੌਤ ਦਾ ਕਾਰਨ ਬਣ ਸਕਦੀ ਹੈ। ਫ਼ਿਜ਼ਾ ਦੇ ਘਰੋਂ ਬਰਾਮਦ ਸ਼ਰਾਬ ਦੀ ਬੋਤਲ, ਸੋਡਾ ਤੇ ਪਾਣੀ ਦੀ ਬੋਤਲ, ਗਲਾਸ ਅਤੇ ਪਕੌੜੇ ਸਮੇਤ ਹੋਰ ਖਾਣ-ਪੀਣ ਵਾਲੀ ਵਸਤੂਆਂ ਵਿੱਚ ਜ਼ਹਿਰੀਲੀ ਜਾਂ ਕੋਈ ਹੋਰ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਸੀ। ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਫ਼ਿਜ਼ਾ ਦੇ ਘਰੋਂ ਅਤੇ ਦੋਵੇਂ ਕਾਰਾਂ ’ਚੋਂ ਇਕੱਠੇ ਕੀਤੇ ਫਿੰਗਰ ਪ੍ਰਿੰਟਾਂ ਦੀ ਰਿਪੋਰਟ ਵੀ ਨਿੱਲ ਆਈ ਸੀ। ਪੁਲੀਸ ਨੇ ਮੈਡੀਕਲ ਬੋਰਡ ਕੋਲੋਂ ਫ਼ਿਜ਼ਾ ਦੇ ਪੇਟ ਵਿੱਚ ਮਿਲੇ ਜ਼ਹਿਰ ਦਾ ਸਪੱਸ਼ਟ ਰੂਪ ਵਿੱਚ ਖੁਲਾਸਾ ਮੰਗਿਆ ਸੀ ਕਿ ਇਹ ਜ਼ਹਿਰ ਕਿਸ ਕਿਸਮ ਦਾ ਹੈ ਅਤੇ ਕਿਵੇਂ ਦਿੱਤਾ ਗਿਆ ਹੈ ਜਾਂ ਕਿਵੇਂ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫ਼ਿਜ਼ਾ ਦੇ ਸਰੀਰ ਉੱਤੇ ਮਿਲੇ ਸੱਟਾਂ ਦੇ ਨਿਸ਼ਾਨ ਅਤੇ ਕੁਝ ਹੋਰ ਅਹਿਮ ਪਹਿਲੂਆਂ ਬਾਰੇ ਵਿਸਥਾਰ ਜਾਣਕਾਰੀ ਮੰਗੀ ਸੀ। ਇਹ ਸਾਰੀ ਜਾਣਕਾਰੀ ਵੀ ਪੁਲੀਸ ਨੂੰ ਦੇ ਦਿੱਤੀ ਗਈ ਸੀ ਪਰ ਫਿਰ ਵੀ ਮੌਤ ਦਾ ਭੇਤ ਨਹੀਂ ਖੁੱਲ੍ਹ ਸਕਿਆ ਹੈ। ਸੂਤਰਾਂ ਮੁਤਾਬਕ ਦਰਅਸਲ ਜ਼ਿਲ੍ਹਾ ਪੁਲੀਸ ਇਸ ਕੇਸ ਨੂੰ ਆਪਣੇ ਗਲੋਂ ਲਾਹੁਣ ਲਈ ਸਾਰੀ ਜ਼ਿੰਮੇਵਾਰੀ ਡਾਕਟਰਾਂ ’ਤੇ ਸੁੱਟ ਰਹੀ ਹੈ ਕਿਉਂਕਿ ਪੁਲੀਸ ਡਾਕਟਰਾਂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕਾਰਵਾਈ ਨੂੰ ਅੰਜ਼ਾਮ ਦੇਣ ਦੇ ਚੱਕਰ ਵਿੱਚ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਾਰਾ ਕੁਝ ਉਨ੍ਹਾਂ ਨੇ ਹੀ ਕਰਨਾ ਹੈ ਤਾਂ ਫਿਰ ਪੁਲੀਸ ਦਾ ਕੀ ਕੰਮ ਰਹਿ ਜਾਂਦਾ ਹੈ।
ਫ਼ਿਜ਼ਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸ.ਪੀ. (ਐਚ) ਦਰਸ਼ਨ ਸਿੰਘ ਮਾਨ ਹੀ ਸਭ ਤੋਂ ਪਹਿਲਾਂ ਮੌਕੇ ’ਤੇ ਪੁੱਜੇ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਘਟਨਾ ਸਥਾਨ ਦੀ ਪੜਤਾਲ ਕੀਤੀ ਗਈ ਸੀ। ਜਾਂਚ ਦੌਰਾਨ 92 ਲੱਖ 86 ਹਜ਼ਾਰ 160 ਰੁਪਏ ਦੀ ਨਕਦੀ, ਡੇਢ ਕਿੱਲੋ ਸੋਨੇ ਦੇ ਗਹਿਣੇ, 800 ਗ੍ਰਾਮ ਚਾਂਦੀ ਬਰਾਮਦ ਹੋਈ ਸੀ ਜਦੋਂ ਕਿ ਫ਼ਿਜ਼ਾ ਦੇ ਚੰਡੀਗੜ੍ਹ ਸਥਿਤ ਵੱਖ-ਵੱਖ ਬੈਂਕ ਖਾਤਿਆਂ ਅਤੇ ਲਾਕਰਾਂ ਦੀ ਜਾਂਚ ਦੌਰਾਨ 1 ਕਰੋੜ, 4 ਲੱਖ ਅਤੇ 98 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚ ਕਰੀਬ 22 ਲੱਖ ਰੁਪਏ ਦੀ ਕੀਮਤ ਦਾ ਡਾਇਮੰਡ ਦਾ ਇਕ ਹਾਰ ਵੀ ਸ਼ਾਮਲ ਹੈ। ਇਹ ਸਾਰਾ ਸਾਮਾਨ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਇਆ ਗਿਆ ਹੈ। ਉਸ ਦੇ ਸਾਰੇ ਬੈਂਕ ਖਾਤੇ, ਐਫ.ਡੀਜ਼ ਅਤੇ ਬੈਂਕ ਲਾਕਰ ਅਨੁਰਾਧਾ ਬਾਲੀ ਪੁੱਤਰੀ ਧਰਮਪਾਲ ਬਾਲੀ ਦੇ ਨਾਂ ’ਤੇ ਸਨ।

ਨੇੜਲਿਆਂ ਮੁਤਾਬਕ ਫਿਜ਼ਾ ਦਾ ਕਤਲ ਹੋਇਆ

ਫ਼ਿਜ਼ਾ ਮੁਹੰਮਦ ਦੇ ਨੇੜਲੇ ਵਿਅਕਤੀਆਂ ਨੇ ਕਿਹਾ ਕਿ ਫ਼ਿਜ਼ਾ ਬਹੁਤ ਦਲੇਰ ਤੇ ਹਿੰਮਤ ਵਾਲੀ ਔਰਤ ਸੀ। ਇਸ ਲਈ ਉਹ ਕਿਸੇ ਵੀ ਸੂਰਤ ਵਿੱਚ ਖ਼ੁਦਕੁਸ਼ੀ ਨਹੀਂ ਕਰ ਸਕਦੀ। ਉਨ੍ਹਾਂ ਨੇ  ਦੋਸ਼ ਲਾਇਆ ਸੀ ਕਿ ਫ਼ਿਜ਼ਾ ਦਾ ਇਕ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਹਾਲੇ ਤੱਕ ਪੁਲੀਸ ਨੇ ਕਿਸੇ ਰਾਜਸੀ ਆਗੂ ਕੋਲੋਂ ਪੁੱਛ-ਪੜਤਾਲ  ਨਹੀਂ ਕੀਤੀ ਹੈ।

ਪੁਲੀਸ ਮੁਤਾਬਕ ਸਾਜ਼ਿਸ਼ ਦਾ ਕੋਈ ਸੁਰਾਗ਼ ਨਹੀਂ ਮਿਲਿਆ

ਮੁਹਾਲੀ ਦੇ ਐਸ.ਪੀ. (ਐਚ) ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਫ਼ਿਜ਼ਾ ਦੇ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਹੈ ਪਰ ਹਾਲੇ ਤੱਕ ਪੁਲੀਸ ਨੂੰ ਕੋਈ ਅਜਿਹਾ ਸੁਰਾਗ ਨਹੀਂ ਮਿਲਿਆ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰੇ ਕਿ ਇਹ ਸਾਜਿਸ਼ ਤਹਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਿਸਰਾ ਰਿਪੋਰਟ ਵਿੱਚ ਫ਼ਿਜ਼ਾ ਦੇ ਪੇਟ ਵਿੱਚੋਂ ਮਿਲੇ ਐਲੂਮੀਨੀਅਮ ਫਾਸਫਾਈਡ ਜ਼ਹਿਰ ਬਾਰੇ ਸਪੱਸ਼ਟ ਆਖਿਆ ਹੈ ਕਿ ਇਹ ਜ਼ਹਿਰ ਇਕੋ ਸਮੇਂ ਲੋੜ ਤੋਂ ਵੱਧ ਦਵਾਈ ਅਤੇ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਵੀ ਬਣ ਸਕਦਾ ਹੈ।    ਐਸ.ਪੀ. (ਸਿਟੀ) ਸਵਰਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਨੇ ਫ਼ਿਜ਼ਾ ਕੇਸ ਦੀ ਫਾਈਲ ਬੰਦ ਨਹੀਂ ਕੀਤੀ ਹੈ, ਜੇਕਰ ਹੁਣ ਵੀ ਕੋਈ ਤੱਥ ਸਾਹਮਣੇ ਆਇਆ ਜਾਂ ਕਿਸੇ ਨੇ ਕੋਈ ਸ਼ਿਕਾਇਤ ਦਿੱਤੀ ਤਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਕਿਸੇ ਰਾਜਸੀ ਆਗੂ ਖ਼ਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ ਅਤੇ ਨਾ ਹੀ ਬਿਆਨ ਦਰਜ ਕਰਾਏ ਹਨ

No comments: