www.sabblok.blogspot.com
ਗੋਰੇ ਨੇ ਸਾਬਤ ਸੂਰਤ ਸਿੱਖ ਨੂੰ 'ਡੰਗਰ' ਆਖ ਬੁਲਾਇਆ, ਬਾਦ 'ਚ ਮੰਗੀ ਮਾਫੀ।
-ਆਖਿਆ ਕਿ "ਓਸ ਫਿਲਮ ਦੇ ਪੋਸਟਰ ਨੂੰ ਦੇਖ ਕੇ ਕਿਹਾ ਸੀ।"
-ਗੋਰੇ ਦਾ ਇਸ਼ਾਰਾ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ ਦੇ ਪੋਸਟਰ 'ਤੇ ਦਸਤਾਰਧਾਰੀ ਕਾਰਟੂਨ ਉੱਪਰ ਲਿਖੇ 'ਡੰਗਰ' ਸ਼ਬਦ ਵੱਲ ਸੀ।
ਫਰਿਜ਼ਨੋ- ਪੰਜਾਬੀ ਗਾਇਕੀ ਅਤੇ ਪੰਜਾਬੀ ਫਿਲਮਾਂ ਰਾਹੀਂ ਕੀਤੀ ਜਾ ਰਹੀ ਸੱਭਿਆਚਾਰ ਦੀ ਅਖੌਤੀ ਸੇਵਾ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸਦੀ ਉਦਾਹਰਣ ਬੀਤੇ ਦਿਨ ਰੇਡੀਓ ਦਿਲ ਆਪਣਾ ਪੰਜਾਬੀ ਦੇ ਮੰਚ 'ਤੇ ਫੋਨ ਕਾਲ ਰਾਹੀਂ ਪੂਰਨ ਗੁਰਸਿੱਖ ਮਨਜੀਤ ਸਿੰਘ ਵੱਲੋਂ ਸੁਣਾਏ ਦੁੱਖ ਤੋਂ ਮਿਲਦੀ ਹੈ। ਫਰਿਜ਼ਨੋ {ਕੈਲੇਫੋਰਨੀਆ} ਵਸਦੇ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਉਹ ਇੱਕ ਸਟੋਰ ਤੋਂ ਕੁਝ ਖਰੀਦਣ ਲਈ ਗਿਆ ਤਾਂ ਬਕਾਇਆ ਮੋੜਨ ਲੱਗੇ ਗੋਰੇ ਦੁਕਾਨਦਾਰ ਨੇ ਮੈਨੂੰ 'ਲੈ ਡੰਗਰ' ਕਿਹਾ। ਮੇਰੇ ਗੁੱਸੇ ਦੀ ਹੱਦ ਨਾ ਰਹੀ ਤਾਂ ਮੈਂ ਉਸਨੂੰ ਗਲੋਂ ਫੜ੍ਹ ਲਿਆ। ਸੁਰੱਖਿਆ ਕਰਮੀਆਂ ਦੇ ਦਖਲ ਦੇਣ ਤੋਂ ਬਾਦ ਗੋਰੇ ਨੇ ਆਪਣੀ ਦੁਕਾਨ ਦੇ ਬਾਹਰ ਬੋਰਡ 'ਤੇ ਲੱਗੇ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ ਦੇ ਪੋਸਟਰ {ਜਿਸ ਉੱਪਰ ਫਿਲਮ ਦੇ ਦਸਤਾਰਧਾਰੀ ਪਰ ਮੁੱਛਾਂ ਦਾੜ੍ਹੀ ਕਤਰਨ ਵਾਲੇ ਨਾਇਕ ਦਿਲਜੀਤ ਦੋਸਾਂਝ ਦੇ ਮੂੰਹ ਮੂਹਰੇ ਕੀਤੇ ਪਗੜੀਧਾਰੀ ਆਦਮੀ ਦੇ ਕਾਰਟੂਨ ਉੱਪਰ ਅੰਗਰੇਜੀ 'ਚ 'ਡੰਗਰ' ਲਿਖਿਆ ਸੀ} ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਉਸ ਫਿਲਮ ਦੇ ਪੋਸਟਰ ਉੱਪਰ ਪੱਗ ਵਾਲੇ ਆਦਮੀ ਦੇ ਮੂੰਹ ਮੁਹਰੇ ਲਿਖੇ 'ਡੰਗਰ' ਸ਼ਬਦ ਨੂੰ ਦੇਖਕੇ ਹੀ ਉਸਨੇ ਡੰਗਰ ਆਖ ਦਿੱਤਾ। ਗੋਰੇ ਨੇ ਦੱਸਿਆ ਕਿ ਮੈਂ ਤਾਂ ਸਮਝਿਆ ਕਿ ਸਿੱਖੀ ਵੇਸਭੂਸਾ ਵਾਲੇ ਆਦਮੀ ਲਈ ਸਨਮਾਨਜਨਕ ਸ਼ਬਦ ਹੋਵੇਗਾ 'ਡੰਗਰ। ਆਖਰ ਗੋਰੇ ਨੇ ਬਹੁਤ ਹੀ ਹਲੀਮੀ ਅਤੇ ਸ਼ਰਮਿੰਦਾ ਹੋ ਕੇ ਮਾਫ਼ੀ ਮੰਗੀ। ਉਹਨਾਂ ਕਿਹਾ ਕਿ ਪਹਿਲਾਂ ਤਾਂ ਉਹਨਾਂ ਦਾ ਮਨ ਕੀਤਾ ਸੀ ਕਿ ਇਸ ਮਸਲੇ ਨੂੰ ਅੰਗਰੇਜੀ ਮੀਡੀਆ ਦੇ ਧਿਆਨ 'ਚ ਲਿਆਵਾਂ ਪਰ ਉਹ ਇਸ ਗੱਲ ਕਰਕੇ ਹੀ ਚੁੱਪ ਕਰ ਗਏ ਕਿ ਆਪਣੀ ਕਮੀਜ਼ ਚੁੱਕੇ ਤੋਂ ਆਪਣਾ ਢਿੱਡ ਹੀ ਨੰਗਾ ਹੋਵੇਗਾ। ਸ੍ਰ: ਮਨਜੀਤ ਸਿੰਘ ਨੇ ਕਿਹਾ ਕਿ ਇੱਕ ਸਿੱਖ ਲਈ ਇਸ ਤੋਂ ਵੱਡੀ ਨਾਮੋਸ਼ੀ ਕੀ ਹੋ ਸਕਦੀ ਹੈ ਫਿਲਮਾਂ ਬਨਾਉਣ ਵਾਲੇ 'ਜਾਅਲੀ ਸਿੱਖ' ਦਿਲਜੀਤ ਦੋਸਾਂਝ ਦੀ ਬਦੌਲਤ ਅੱਜ ਉਸਨੂੰ 'ਡੰਗਰ' ਸ਼ਬਦ ਅਖਵਾਉਣਾ ਪਿਆ। ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਹਿੰਦੀ ਫਿਲਮਾਂ ਵਾਲਿਆਂ ਵੱਲੋਂ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖਾਂ ਦੇ ਹਾਸੋਹੀਣੇ ਰੋਲ ਪੇਸ਼ ਕਰਕੇ ਸਿੱਖਾਂ ਦਾ ਮੌਜੂ ਬਣਾਇਆ ਜਾਂਦਾ ਰਿਹਾ ਹੈ, ਉੱਥੇ ਉਹੀ ਕੰਮ ਪੰਜਾਬੀ ਫਿਲਮਾਂ ਵਾਲਿਆਂ ਨੇ ਵੀ ਵਿੱਢ ਲਿਆ ਹੈ। ਉਹਨਾਂ ਕਿਹਾ ਕਿ ਇਸੇ ਦਿਲਜੀਤ ਦੋਸ਼ਾਂਝ ਵੱਲੋਂ ਬੀਤੇ ਸਮੇਂ ਵਿੱਚ 'ਖਾੜਕੂ' ਗਾਣਾ ਗਾ ਕੇ ਉਸ ਰਾਹੀਂ ਸਿੱਖਾਂ ਦੇ ਕੱਕਾਰਾਂ ਕੜੇ ਅਤੇ ਕਿਰਪਾਨ ਨੂੰ ਆਸ਼ਕੀ ਲਈ ਵਰਤਣ ਦੀ ਗੱਲ ਕਹੀ ਸੀ। ਪਰ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਅਸੀਂ ਸਾਰੇ ਗੁਰੂ ਦੇ ਸਿੱਖ ਹੀ ਮੂੰਹ 'ਚ ਘੁੰਗਣੀਆਂ ਪਾ ਕੇ ਚੁੱਪ ਕੀਤੇ ਰਹੇ। ਜਦੋਂਕਿ ਬਣਦਾ ਇਹ ਸੀ ਕਿ ਇਸ ਸੱਭਿਆਚਾਰ ਦੇ ਅਖੌਤੀ ਸੇਵਕ ਅਤੇ ਢੌਂਗੀ ਕਲਾਕਾਰ ਨੂੰ ਪੁੱਛਿਆ ਜਾਂਦਾ ਕਿ ਸਿੱਖਾਂ ਦੇ ਕੱਕਾਰਾਂ ਨੂੰ ਬਦਨਾਮ ਕਰਨ ਮਗਰ ਉਸ ਦੀ ਕੀ ਮਨਸ਼ਾ ਹੈ? ਸ੍ਰ: ਮਨਜੀਤ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਸੰਬੰਧੀ ਉਹ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੱਤਰ ਲਿਖ ਕੇ ਮੰਗ ਵਿ ਕਰਨ ਜਾ ਰਹੇ ਹਨ ਅਜਿਹੇ ਜਾਅਲੀ ਸਿੱਖਾਂ ਨੂੰ ਬੁਲਾ ਕੇ ਤਾੜਨਾ ਕੀਤੀ ਜਾਵੇ ਤਾਂ ਕਿ ਕਦਮ ਦਰ ਕਦਮ ਬੇਇਨਸਾਫੀ ਝੱਲਦੀ ਆ ਰਹੀ ਸਿੱਖ ਕੌਮ ਨੂੰ ਹੋਰ ਬੇਇੱਜਤ ਹੋਣ ਤੋਂ ਬਚਾਇਆ ਜਾ ਸਕੇ।
No comments:
Post a Comment