ਰੋਪੜ- ਰੋਪੜ ਵਿਖੇ ਆਜ਼ਾਦੀ ਦਿਹਾੜੇ ਮੌਕੇ ਇਕ ਅਪਾਹਜ ਨੌਜਵਾਨ ਨਾਲ ਅਜੀਬੋ ਗਰੀਬ ਡ੍ਰਾਮਾ ਹੋਇਆ। ਇਹ ਅਪਾਹਜ  ਛੱਜਾ ਸਿੰਘ ਰੋਪੜ ਦੇ ਪਿੰਡ ਸੁਲਤਾਨਪੁਰ ਦਾ ਵਾਸੀ ਹੈ। ਇਹ ਤਿੰਨ ਪਹੀਆਂ ਸਾਈਕਲ ਪ੍ਰਾਪਤ ਕਰਨ ਲਈ ਪਿਛਲੇ 20-22 ਸਾਲਾਂ ਤੋਂ ਇਸ ਉਮੀਦ ਨਾਲ ਹਰ ਸਾਲ 26 ਜਨਵਰੀ ਅਤੇ 15 ਅਗਸਤ ਸਮਾਗਮ 'ਚ ਆਉਂਦਾ ਹੈ। ਇਸ ਵਾਰ ਇਸ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਵਲੋਂ ਤਿੰਨ ਪਹੀਆ ਸਾਈਕਲ ਮਿਲ ਗਿਆ ਪਰ ਜਦੋਂ ਇਹ ਸਮਾਗਮ 'ਚੋਂ ਬਾਹਰ ਆਇਆ ਤਾਂ ਰੈੱਡ ਕ੍ਰਾਸ ਵਾਲਿਆਂ ਨੇ ਇਸ ਦਾ ਸਾਈਕਲ ਇਹ ਕਹਿ ਕੇ ਵਾਪਸ ਲੈ ਲਿਆ ਕਿ ਤੇਰਾ ਨਾਂ ਲਿਸਟ 'ਚ ਨਹੀਂ ਹੈ। ਇਸ ਤੋਂ ਬਾਅਦ ਛੱਜਾ ਸਿੰਘ ਨੇ ਆਪਣੇ ਨਾਲ ਹੋਏ ਇਸ ਕੋਝੇ ਮਜ਼ਾਕ ਦੀ ਸਾਰੀ ਕਹਾਣੀ ਮੀਡੀਆ ਨੂੰ ਦੱਸੀ। ਇਸ ਨਾਲ ਇਸ ਦੀ ਮਦਦ ਵਾਸਤੇ ਪੁੱਜੇ ਇਸ ਦੇ ਭਰਾ ਨੇ ਵੀ ਪੰਜਾਬ ਸਰਕਾਰ 'ਤੇ ਕਈ ਸਵਾਲ ਚੁਕੇ।
ਇਸ ਸਬੰਧੀ ਜਦੋਂ ਹਲਕੇ ਦੇ ਐਮ. ਐਲ. ਏ. ਦਲਜੀਤ ਸਿੰਘ ਚੀਮਾ ਅਤੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਵਾਲ ਕੀਤਾ ਤਾਂ ਉਹ ਇਸ ਬਾਰੇ ਕੋਈ ਸਹੀ ਜਵਾਬ ਦੇਣ ਦੀ ਥਾਂ ਟਾਲ-ਮਟੋਲ ਕਰਨ ਲਗ ਪਏ। ਖਜ਼ਾਨਾ ਮੰਤਰੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕੋਈ ਵਡੇ ਮੁੱਦੇ 'ਤੇ ਸਵਾਲ ਕਰੋ।