ਟਾਂਡਾ(ਜੌੜਾ)¸ਦੁਆਬੇ ਅੰਦਰ ਐੱਨ. ਆਰ. ਆਈ. ਦੇ ਪ੍ਰਮੁੱਖ ਗੜ੍ਹ ਵਜੋਂ ਜਾਣਿਆ ਜਾਂਦਾ ਟਾਂਡਾ ਉੜਮੁੜ ਜਿਥੇ ਇਥੋਂ ਦੇ ਨੌਜਵਾਨ ਅਮਰੀਕਾ, ਕੈਨੇਡਾ, ਜਰਮਨ, ਆਸਟ੍ਰੇਲੀਆ, ਹਾਲੈਂਡ, ਇਟਲੀ, ਇੰਗਲੈਂਡ ਵਰਗੇ ਦੇਸ਼ਾਂ 'ਚ ਆਪਣੇ ਪਰਿਵਾਰਾਂ ਸਮੇਤ ਚੰਗੇ ਕਾਰੋਬਾਰ ਕਰ ਰਹੇ ਹਨ, ਉਥੇ ਇਸ ਖੇਤਰ ਦੀ ਨਵੀਂ ਨੌਜਵਾਨ ਪੀੜ੍ਹੀ ਨੂੰ ਕਥਿਤ ਟ੍ਰੈਵਲ ਏਜੰਟ ਵਿਦੇਸ਼ ਜਾਣ ਦੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਠੱਗ ਰਹੇ ਹਨ ਜਿਸ ਕਾਰਨ ਹੁਣ ਟਾਂਡਾ ਉੜਮੁੜ 'ਕਬੂਤਰਬਾਜ਼ੀ' ਦੇ ਪ੍ਰਮੁੱਖ ਗੜ੍ਹ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਖੇਤਰ 'ਚ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਕਥਿਤ ਟ੍ਰੈਵਲ ਏਜੰਟਾਂ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਹੇਠ ਠੱਗੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਏਜੰਟਾਂ ਵਲੋਂ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਨੂੰ ਦੇਖਦੇ ਹੋਏ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਅਮਰੀਕਾ-ਕੈਨੇਡਾ ਵਰਗੇ ਦੇਸ਼ਾਂ ਦਾ 'ਮੁੱਲ' 25 ਤੋਂ 30 ਲੱਖ ਰੁਪਏ ਕਰ ਦਿੱਤਾ ਗਿਆ ਹੈ ਤੇ ਇਸ ਚੱਲ ਰਹੀ ਖੇਡ ਵਿਚ ਨੌਜਵਾਨ ਪੀੜ੍ਹੀ ਅੰਨ੍ਹੇਵਾਹ ਫਸਦੀ ਜਾ ਰਹੀ ਹੈ। ਇਨ੍ਹਾਂ ਏਜੰਟਾਂ ਵਲੋਂ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਆਸਾਨੀ ਨਾਲ ਫਸਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਸਿਰ 'ਤੇ ਵਿਦੇਸ਼ ਜਾਣ ਦਾ 'ਭੂਤ' ਸਵਾਰ ਹੋਇਆ ਹੈ।  ਕਥਿਤ ਟ੍ਰੈਵਲ ਏਜੰਟ ਕਿਵੇਂ ਫਸਾਉਂਦੇ ਹਨ ਆਪਣੇ ਜਾਲ 'ਚ¸ਏਜੰਟਾਂ ਵਲੋਂ ਨੌਜਵਾਨ ਵਰਗ ਨੂੰ ਇਹ ਕਹਿ ਕੇ ਆਪਣੇ ਜਾਲ 'ਚ ਫਸਾਇਆ ਜਾ ਰਿਹਾ ਹੈ ਕਿ 'ਵਿਦੇਸ਼ ਜਾਣ ਲਈ ਪਾਸਪੋਰਟ ਦੇ ਨਾਲ ਸਿਰਫ਼ ਇਕ ਲੱਖ ਰੁਪਏ ਦੀ ਰਾਸ਼ੀ ਅਤੇ ਬਾਕੀ ਦੀ ਰਕਮ ਉਥੇ ਪਹੁੰਚਣ 'ਤੇ ਫੋਨ ਆਉਣ ਤੋਂ ਬਾਅਦ।' ਜਦੋਂ ਵਿਦੇਸ਼ ਜਾਣ ਦੇ ਚਾਹਵਾਨਾਂ ਵਲੋਂ ਆਪਣਾ ਪਾਸਪੋਰਟ ਤੇ ਇਕ ਲੱਖ ਰੁਪਏ ਬਿਨਾਂ ਕਿਸੇ ਸਬੂਤ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ ਤਾਂ ਕਿਸੇ ਹੋਰ ਦੇਸ਼ ਦਾ ਵੀਜ਼ਾ ਲਗਵਾ ਕੇ ਉਥੇ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਉਥੇ ਬੈਠੇ ਨੌਜਵਾਨ ਕੋਲ ਪੈਸੇ ਮੁੱਕ ਜਾਂਦੇ ਹਨ ਤਾਂ ਫਿਰ ਉਸ ਕੋਲੋਂ ਹੀ ਆਪਣੇ ਘਰ 5-7 ਲੱਖ ਰੁਪਏ ਭੇਜਣ ਲਈ ਫੋਨ ਕਰਵਾਇਆ ਜਾਂਦਾ ਹੈ। ਉਸ ਵੇਲੇ ਮਜਬੂਰੀ-ਵੱਸ ਪਿੱਛੇ ਬੈਠੇ ਪਰਿਵਾਰ ਪੈਸੇ ਡਿਮਾਂਡ ਅਨੁਸਾਰ ਭੇਜ ਦਿੰਦੇ ਹਨ ਜੋ ਇਨ੍ਹਾਂ ਏਜੰਟਾਂ ਵਲੋਂ ਕੁਝ ਖ਼ਰਚਾ ਉਕਤ ਨੌਜਵਾਨ ਨੂੰ ਦੇ ਦੇ ਕੇ ਬਾਕੀ ਰਕਮ ਆਪ ਹੜੱਪ ਲਈ ਜਾਂਦੀ ਹੈ। ਇਸੇ ਤਰ੍ਹਾਂ ਹਜ਼ਾਰਾਂ ਨੌਜਵਾਨਾਂ ਕੋਲੋਂ ਕਰੋੜਾਂ ਰੁਪਏ ਦੀ ਰਾਸ਼ੀ ਹੜੱਪ ਕਰਕੇ 'ਠੱਗ ਟ੍ਰੈਵਲ ਏਜੰਟ' ਬੇਖ਼ੌਫ਼ ਆਪਣਾ ਕਾਰੋਬਾਰ ਚਲਾ ਰਹੇ ਹਨ। ਥਾਣਾ ਟਾਂਡਾ 'ਚ 4 ਮਹੀਨਿਆਂ ਦੌਰਾਨ 'ਕਬੂਤਰਬਾਜ਼ੀ' ਦੇ ਦਰਜ ਹੋਏ ਮੁਕੱਦਮੇ¸ਬੀਤੇ ਸਿਰਫ਼ 4 ਮਹੀਨਿਆਂ ਦਾ ਥਾਣਾ ਟਾਂਡਾ 'ਚ ਰਿਕਾਰਡ ਦਸਦਾ ਹੈ ਕਿ ਹੁਣ ਤੱਕ ਕਬੂਤਰਬਾਜ਼ੀ ਦੇ 9 ਮੁਕੱਦਮੇ ਦਰਜ ਹੋਏ ਹਨ ਜਿਨ੍ਹਾਂ ਵਿਚ ਪਾਏ ਗਏ 12 ਦੋਸ਼ੀਆਂ ਨੇ ਇਸ ਖੇਤਰ 'ਚੋਂ 42 ਲੱਖ ਰੁਪਏ ਦੀ ਰਾਸ਼ੀ ਹੜੱਪ ਕੀਤੀ ਹੈ। ਇਨ੍ਹਾਂ ਇਕ ਦਰਜਨ ਦੋਸ਼ੀਆਂ 'ਚੋਂ 2 ਦੋਸ਼ੀ ਗ੍ਰਿਫ਼ਤਾਰ ਕੀਤੇ ਹਨ ਜਦ ਕਿ 10 ਏਜੰਟ ਹੁਣ ਤੱਕ ਅੰਡਰਗਰਾਊਂਡ ਹੀ ਹਨ।
ਥਾਣਾ ਟਾਂਡਾ 'ਚ ਦਰਜ ਰਿਕਾਰਡ ਮੁਤਾਬਿਕ ਮੁਕੱਦਮਾ ਨੰ. 114 ਮਿਤੀ 4 ਮਈ 2013 ਨੂੰ 2 ਏਜੰਟਾਂ ਵਲੋਂ 10 ਲੱਖ ਦੀ ਠੱਗੀ, ਮੁਕੱਦਮਾ ਨੰ. 153 ਨੂੰ 2 ਏਜੰਟਾਂ ਵਲੋਂ 10 ਲੱਖ ਦੀ ਠੱਗੀ, ਮੁਕੱਦਮਾ ਨੰ. 153 ਮਿਤੀ 23 ਜੂਨ  2013 ਨੂੰ ਇਕ ਲੱਖ ਦੀ ਠੱਗੀ, ਮੁਕੱਦਮਾ ਨੰ. 170, ਮਿਤੀ 9 ਜੁਲਾਈ 2013 ਨੂੰ 7 ਲੱਖ ਦੀ ਠੱਗੀ, ਮੁਕੱਦਮਾ ਨੰਬਰ 173, ਮਿਤੀ 12 ਜੁਲਾਈ 2013 ਨੂੰ 10 ਲੱਖ ਦੀ ਠੱਗੀ, ਮੁਕੱਦਮਾ ਨੰਬਰ 180, ਮਿਤੀ 18 ਜੁਲਾਈ 2013 ਨੂੰ 4 ਲੱਖ ਦੀ ਠੱਗੀ, ਮੁਕੱਦਮਾ ਨੰਬਰ 188, ਮਿਤੀ 1 ਅਗਸਤ 2013 ਨੂੰ 3 ਲੱਖ 20 ਹਜ਼ਾਰ ਦੀ ਠੱਗੀ, ਮੁਕੱਦਮਾ ਨੰਬਰ 193, ਮਿਤੀ 3 ਅਗਸਤ 2013 ਨੂੰ 1 ਲੱਖ 42 ਹਜ਼ਾਰ ਦੀ ਠੱਗੀ, ਮੁਕੱਦਮਾ ਨੰਬਰ 194, ਮਿਤੀ 3 ਅਗਸਤ 2013 ਨੂੰ ਦੋ ਦੋਸ਼ੀ ਲੱਖ ਦੀ ਠੱਗੀ, ਮੁਕੱਦਮਾ ਨੰਬਰ 198, ਮਿਤੀ 7 ਅਗਸਤ 2013 ਨੂੰ 2 ਦੋਸ਼ੀ, 1 ਲੱਖ 50 ਹਜ਼ਾਰ ਦੀ ਠੱਗੀ।
ਕੀ ਕਹਿੰਦੇ ਹਨ ਡੀ. ਐੱਸ. ਪੀ. ਟਾਂਡਾ¸ਜਦੋਂ ਇਸ ਸੰਬੰਧੀ ਡੀ. ਐੱਸ. ਪੀ. ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਸਾਹਿਬ ਵਲੋਂ ਪਹਿਲਾਂ ਹੀ 'ਕਬੂਤਰਬਾਜ਼' ਟ੍ਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਸਖ਼ਤ ਆਦੇਸ਼ ਜਾਰੀ ਕੀਤੇ ਹੋਏ ਹਨ। ਇਸ ਸੰਬੰਧੀ ਟਾਂਡਾ ਪੁਲਸ ਵਲੋਂ ਇਥੋਂ ਦੇ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਲਿਸਟ ਤਿਆਰ ਕਰਕੇ ਐੱਸ. ਐੱਸ. ਪੀ. ਸਾਹਿਬ ਰਾਹੀਂ ਡੀ. ਜੀ. ਪੀ. ਪੰਜਾਬ ਨੂੰ ਭੇਜੀ ਜਾ ਰਹੀ ਹੈ ਅਤੇ ਬਾਕੀ ਦੇ ਸੜਕਛਾਪ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਮੁਹਿੰਮ ਨੂੰ ਫੌਰੀ ਤੌਰ 'ਤੇ ਤੇਜ਼ ਕੀਤਾ ਜਾਵੇਗਾ ਤਾਂ ਜੋ ਭੋਲੇ-ਭਾਲੇ ਨੌਜਵਾਨ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਨਾ ਹੋ ਸਕਣ।