ਇਸ ਲੜੀਵਾਰ ਦੇ ਸ਼ੁਰੂ ਹੋਣ ਦਾ ਸਬੱਬ ਦੱਸਦੀ ਹਾਂ! ਇਕ ਦਿਨ ਮੈਂ ਭਰੂਣ ਹੱਤਿਆ ਬਾਰੇ ਸਟੇਜ ਨਾਟਕ ਦੇਖ ਰਹੀ ਸੀ, ਪਰਦਾ ਉਠਿਆ, ਨਾਟਕ ਸ਼ੁਰੂ ਹੋਇਆ ਤੇ ਪਹਿਲਾ ਸੀਨ ਸੀ ਇਕ ਨੌਜਵਾਨ ਕੁੜੀ ਆਉਂਦੀ ਹੈ, ਬੈਕ ਗਰਾਊਂਡ ਮਿਊਜ਼ਿਕ ਦੇ ਸ਼ਬਦ : ਮੈਂ ਬੇਟੀ, ਮੈਂ ਭੈਣ, ਮੈਂ ਮਾਂ, ਮੈਨੂੰ ਨਾ ਮਾਰੋ... ਕੁਝ ਇਸ ਤਰ੍ਹਾਂ! ਇਸ ਤੋਂ ਬਾਅਦ ਮੈਂ ਕੁਝ ਨਹੀਂ ਸੁਣ ਸਕੀ,  5 ਮਿੰਟ ਬੈਠਣਾ ਵੀ ਔਖਾ ਹੋ ਗਿਆ, ਆਹ ਈ ਸੋਚ ਰਹੀ ਸੀ ਕਿ ਮੰਨ ਲਓ ਮੈਂ ਕਹਿ ਦੇਵਾਂ ਕਿ ਮੈਂ ਕਿਸੇ ਦੀ ਬੇਟੀ ਨਹੀਂ, ਭੈਣ ਨਹੀਂ, ਮਾਂ ਵੀ ਨਾ ਬਣਾ ਤਾਂ ਕਿ ਮੇਰਾ ਕੋਈ ਅਸਤਿਤਵ ਨਹੀਂ? ਕੋਈ ਹਸਤੀ ਨਹੀਂ? ਮੇਰੀ ਇਕ ਛੋਟੀ ਜਿਹੀ ਦੁਨੀਆ ਹੈ, ਜਿਸ ਨੂੰ ਸਿਰਜਦੀ ਹਾਂ, ਸੰਵਾਰਦੀ ਹਾਂ, ਇਸ ਨੂੰ ਹਰਿਆ-ਭਰਿਆ ਰੱਖਦੀ ਹਾਂ, ਇਕ ਸੰਸਥਾ  ਹੈ 'ਅਮਰ-ਕਰਮਾ ਅੰਗ ਦਾਨ ਸੁਸਾਇਟੀ' ਇਸਦੀ ਮੈਂ ਵਾਲੰਟੀਅਰ ਸੰਚਾਲਕ ਤੇ ਸੰਸਥਾਪਕ ਹਾਂ, ਜਿਹੜੇ ਲੋਕ ਅੰਗਦਾਨ ਦੀ ਉਡੀਕ ਸੂਚੀ ਵਿਚ ਹੁੰਦੇ ਹਨ, ਉਨ੍ਹਾਂ ਦੀ ਉਮੀਦ ਨੂੰ ਜ਼ਿੰਦਾ ਰੱਖਣ ਲਈ ਹਰ ਕੋਸ਼ਿਸ਼ ਕਰਦੀ ਹਾਂ, ਇਹ ਸੰਸਥਾ ਦੱਖਣੀ ਏਸ਼ੀਆਈ ਲੋਕਾਂ ਦੀ ਕੈਨੇਡਾ ਵਿਚ ਪਹਿਲੀ ਸੰਸਥਾ ਹੈ ਜੋ ਅੰਗਦਾਨ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਦੀ ਹੈ।
ਇਸ ਤੋਂ ਬਿਨਾਂ ਇਕ ਜ਼ਿੰਮੇਦਾਰ ਨਾਗਰਿਕ ਹਾਂ, ਤੇ ''ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ'' ਲੜੀਵਾਰ ਦੀ ਸੰਚਾਲਕ ਵੀ ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ....! ਮੇਰਾ ਇਸ ਲੜੀ ਨੂੰ ਸ਼ੁਰੂ ਕਰਨ ਦਾ ਇਹੀ  ਇਕੋ ਇਕ ਮਕਸਦ ਸੀ ਕਿ ਮੈਂ ਚਾਹੇ ਕਿਸੇ ਦੀ ਕੁਝ ਲਗਦੀ ਹੋਵਾ ਜਾਂ ਨਾ, ''ਜਨਮ ਲੈਣਾ'' ਮੇਰਾ ਹੱਕ ਹੈ, ਤੇ ਦੁਨੀਆ ਬਣਾਉਣ  ਤੇ ਚਲਾਉਣ ਵਿਚ  ਬਰਾਬਰ ਦੀ ਹਿੱਸੇਦਾਰ ਹਾਂ। ਚਲੋ, ਇਹ ਹੋਈ ਸ਼ੁਰੂਆਤੀ ਗੱਲ ਪਰ ਹੁਣ ਮਸਲਾ ਭਰੂਣ ਹੱਤਿਆ ਦਾ ਨਹੀਂ ਰਿਹਾ, ਕਿਉਂਕਿ ਗੱਲ ਹੈ ਜਿਨ੍ਹਾਂ ਦੀ ਭਰੂਣ ਹੱਤਿਆ ਨਹੀਂ ਹੋਈ, ਉਨ੍ਹਾਂ ਉੱਪਰ ਸੁੱਟੇ ਜਾਣੇ ਵਾਲੇ ਤੇਜ਼ਾਬਾਂ ਦੀ, ਵਿਵਹਾਰ ਦੀ, ਪਰਵਰਿਸ਼ ਦੀ ਤੇ ਉਨ੍ਹਾਂ ਦੇ ਵਿਅਕਤੀਤਵ ਦੀ। ਗੱਲ ਔਰਤ ਪੱਖੀ ਨਹੀਂ, ਸਿਰਫ ਇਨਸਾਫ ਪੱਖੀ ਹੈ, ਕਿਉਂਕਿ ਜ਼ੁਲਮ ਕਿਸੇ ਵੀ ਕਮਜ਼ੋਰ ਧਿਰ 'ਤੇ ਹੋ ਸਕਦਾ ਹੈ, ਚਾਹੇ ਮਰਦ ਹੋਵੇ, ਔਰਤ ਜਾਂ ਬੱਚੇ, ਬਜ਼ੁਰਗ, ਭਾਵੇਂ ਰੁੱਖ-ਪੌਦੇ, ਚਾਹੇ ਜਾਨਵਰ ਵੀ। ਔਰਤ ਹੋਣ ਦੇ ਨਾਂ 'ਤੇ ਮੈਂ ਇਕ ਕਮਜ਼ੋਰ ਧਿਰ ਹੋਵਾਂ ਮੈਨੂੰ ਮਨਜ਼ੂਰ ਨਹੀਂ। ਗੱਲ ਘਰ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਸਮਾਜ ਬਣਦਾ ਹੈ, ਚਲੋ ਘਰਾਂ ਤੋਂ ਹੀ ਸ਼ੁਰੂ ਕਰਦੇ ਹਾਂ। ਬੇਟੀ ਹੋਵੇ ਜਾਂ ਬੇਟਾ, ਦੋਵਾਂ ਨੂੰ ਆਪਣੇ ਆਪੇ ਦੀ ਪਹਿਚਾਣ ਕਰਵਾਉਣਾ ਜ਼ਰੂਰੀ ਹੈ, ਆਪਣੇ ਆਪ ਦੀ ਇੱਜ਼ਤ ਕਰਨਾ ਤੇ ਕਰਵਾਉਣਾ ਸਿਖਾਉਣਾ ਵੀ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਬਰਾਬਰ ਹੈ। ਮਿਲਦੇ ਹਾਂ ਕਿਤੇ ਵਿਚ ਵਿਚਾਲੇ।
—ਲਵੀਨ ਕੌਰ ਗਿੱਲ
ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਮਾਈ ਰਾਜ ਕੌਰ ਜੀ ਦੇ ਜਨਮ ਉਪਰੰਤ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਮਹਾਪੁਰਸ਼ ਦੇ ਕਾਰਨ ਉਹ ਬਚ ਗਏ। ਜ਼ਰਾ ਸੋਚੋ, ਜੇਕਰ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੁੰਦਾ ਤਾਂ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਯੋਧਾ ਮਿਲਣਾ ਸੀ?  ਤਾਂ ਫਿਰ ਕਿਉਂ ਸਮਾਜ ਭਰੂਣ ਹੱਤਿਆ ਕਰ ਰਿਹਾ ਹੈ?  ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਦੀ ਹਾਂ। ਮੇਰਾ ਜਨਮ ਉਸ ਘਰ ਵਿਚ ਹੋਇਆ, ਜਿਥੇ ਧੀ ਦੇ ਆਗਮਨ 'ਤੇ ਸਿਰਫ਼ ਸਵਾਗਤ ਹੀ ਨਹੀਂ ਕੀਤਾ ਗਿਆ, ਸਗੋਂ ਧੀ ਨੂੰ ਪੂਜਿਆ ਗਿਆ ਹੈ। ਮੈਂ ਆਪਣੇ ਮਾਪਿਆਂ ਦੇ ਘਰ ਜਨਮ ਲੈਣ ਵਾਲੀ ਤੀਜੀ ਕੁੜੀ ਹਾਂ ਪਰ ਮੈਨੂੰ ਕਦੀ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਧੀ ਹਾਂ, ਮੈਨੂੰ ਸਦਾ ਪੁੱਤਰ ਵਾਂਗ ਰੱਖਿਆ ਗਿਆ। ਮੇਰੇ ਜਨਮ ਸਮੇਂ ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ ਪਰ ਫਿਰ ਵੀ ਮੇਰੇ ਦੇਵਤਾ ਸਮਾਨ ਪਿਓ ਨੇ ਖਿੜੇ ਮੱਥੇ ਮੇਰਾ ਸਵਾਗਤ ਕੀਤਾ। ਮੇਰੀ ਦਾਦੀ ਨੇ ਮੇਰੇ ਜਨਮ 'ਤੇ 'ਹਾਏ' ਕਿਹਾ ਪਰ ਮੇਰੇ ਪਿਤਾ ਜੀ ਨੇ ਮੈਨੂੰ ਗੋਦੀ ਚੁੱਕ ਕਿਹਾ, ''ਇਹੋ ਜਿਹੀਆਂ ਤਾਂ ਭਾਵੇਂ ਰੱਬ 3 ਕੁੜੀਆਂ ਮੈਨੂੰ ਹੋਰ ਦੇ ਦੇਵੇ।'' ਕਿੰਨਾ ਜਿਗਰਾ ਮੇਰੇ ਮਾਪਿਆਂ ਦਾ, ਜੋ ਰੱਬ ਅੱਗੇ ਹੋਰ ਧੀਆਂ ਦੀ ਅਰਦਾਸ ਕਰ ਗਏ ਤੇ ਬੜੀ ਹਮਦਰਦੀ ਹੁੰਦੀ ਹੈ ਉਨ੍ਹਾਂ ਨਾਲ, ਜੋ ਇਕ ਧੀ ਜਿਊਂਦੀ ਨੀ ਪਾਲ ਸਕਦੇ।  ਮੈਂ ਸੋਚਦੀ ਸੀ ਕਿ ਇਹ ਅਨਪੜ੍ਹ ਲੋਕਾਂ ਦੀ ਸੋਚ ਹੈ ਕਿ ਜੋ ਕੁੜੀਆਂ ਅਤੇ ਮੁੰਡਿਆਂ ਵਿਚ ਫ਼ਰਕ ਸਮਝਦੇ ਹਨ ਪਰ ਮੈਂ ਹੈਰਾਨ ਹਾਂ ਕਿ ਕੁੜੀਆਂ ਦੀ ਭਰੂਣ ਹੱਤਿਆ ਵਿਚ ਪੜ੍ਹਿਆ-ਲਿਖਿਆ ਵਰਗ ਅੱਗੇ ਹੈ, ਜੋ ਆਪਣੇ ਧਨ ਦੇ ਪ੍ਰਭਾਵ ਨਾਲ ਵਿਗਿਆਨਕ ਤਕਨੀਕ ਦਾ ਦੁਰਉਪਯੋਗ ਕਰਦੇ ਹਨ। ਇਹ ਅਕਲਾਂ ਵਾਲੇ ਲੋਕ ਹੀ ਕਾਇਨਾਤ ਦੇ ਕਾਦਰ ਨੂੰ ਚੁਣੌਤੀ ਦੇ ਰਹੇ ਹਨ।  ਹੇ ਪ੍ਰਮਾਤਮਾ! ਮੈਂ ਤੇਰਾ ਲੱਖ-ਲੱਖ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਹੋ ਜਿਹੇ ਮਾਪੇ ਦਿੱਤੇ, ਜਿਨ੍ਹਾਂ ਮੈਨੂੰ ਤੇ ਮੇਰੀਆਂ ਭੈਣਾਂ ਨੂੰ ਆਪਣੇ ਪੁੱਤਰ ਵਾਂਗ ਪਾਲਿਆ, ਕਦੀ ਵੀ ਸਾਡੇ ਤੇ ਸਾਡੇ ਭਰਾ ਵਿਚ ਫ਼ਰਕ ਨਾ ਸਮਝਿਆ।  ਸਾਡੇ ਦਿਲ ਦੀ ਹਰ ਰੀਝ ਪੂਰੀ ਕੀਤੀ। ਮੈਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਅਤੇ ਇਸ ਪ੍ਰੇਰਨਾ ਸਦਕਾ ਹੀ ਅੱਜ ਮੈਂ ਆਪਣੇ ਪਰਾਂ 'ਤੇ ਖੜ੍ਹੀ ਹਾਂ। ਉਹ ਹਿੱਕ ਤਾਣ ਕਹਿੰਦੇ ਹਨ, ''ਇਹ ਸਾਡੀ ਧੀ ਹੈ।'' ਮੈਂ ਵੀ ਆਪਣੇ ਮਾਪਿਆਂ ਦੇ ਵਿਸ਼ਵਾਸ 'ਤੇ ਖਰੀ ਉਤਰਾਂਗੀ ਅਤੇ ਹਮੇਸ਼ਾ ਵਾਂਗ ਉਨ੍ਹਾਂ ਦਾ ਨਾਂ ਰੌਸ਼ਨ ਕਰਾਂਗੀ ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ।    
-ਸੰਦੀਪ ਕੌਰ ਸਿੱਧੂ