ਟਾਂਡਾ(ਜੌੜਾ, ਮੋਮੀ, ਪੱਪੂ, ਕੁਲਦੀਸ਼, ਸ਼ਰਮਾ)-ਅੱਜ ਦੁਪਹਿਰ ਕਰੀਬ 3 ਵਜੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਚੌਲਾਂਗ 'ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਟੋਲ ਟੈਕਸ ਬੈਰੀਅਰ ਲਗਾਉਣ ਦੀਆਂ ਚੱਲ ਰਹੀਆਂ ਤਿਆਰੀਆਂ ਦੌਰਾਨ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਲੋਂ ਇਸ ਦਾ ਸਖਤ ਵਿਰੋਧ ਕਰਦਿਆਂ ਜੀ. ਟੀ. ਰੋਡ 'ਤੇ ਚੱਕਾ ਜਾਮ ਕਰਕੇ ਐੱਨ. ਐੱਚ. ਆਈ. ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਅਨੁਸਾਰ ਅੱਡਾ ਚੌਲਾਂਗ ਸੈਣੀ ਫੈਕਟਰੀ ਦੇ ਸਾਹਮਣੇ ਟੋਲ ਟੈਕਸ ਬੈਰੀਅਰ ਲਗਾਉਣ ਲਈ ਇਕ ਨਿੱਜੀ ਕੰਪਨੀ ਵਲੋਂ ਬੈਰੀਅਰ ਸਬੰਧੀ ਕੰਟੇਨਰ ਵੀ ਪਹੁੰਚਾ ਦਿੱਤੇ ਗਏ ਹਨ ਅਤੇ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਬੈਰੀਅਰ ਸਬੰਧੀ ਲਗਾਏ ਗਏ ਜਾਮ 'ਚ ਆਮ ਲੋਕਾਂ ਦੇ ਇਕੱਠ ਨੂੰ ਵੱਖ-ਵੱਖ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ ਜਿਸ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਵਲੋਂ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਲਗਾਏ ਜਾਣ ਵਾਲੇ ਨਿਯਮਾਂ ਨੂੰ ਛਿੱਕੇ ਟੰਗਦੇ  ਹੋਏ ਬੈਰੀਅਰ ਲਗਾ ਕੇ ਇਥੋਂ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਹੀ ਜੀ. ਟੀ. ਰੋਡ 'ਤੇ ਮੁਕੇਰੀਆਂ ਨਜ਼ਦੀਕ ਮਾਨਸਰ ਸਥਿਤ ਇਕ ਟੋਲ ਟੈਕਸ ਬੈਰੀਅਰ ਲਗਾਇਆ ਗਿਆ ਹੈ ਜਦ ਕਿ ਦੂਸਰਾ ਬੈਰੀਅਰ 40 ਕਿਲੋਮੀਟਰ ਦੇ ਘੇਰੇ ਤੋਂ ਅੱਗੇ ਲਗਾਉਣਾ ਚਾਹੀਦਾ ਸੀ। ਇਸ ਮੌਕੇ ਡਾ. ਕੁਲਵਿੰਦਰ ਸਿੰਘ ਨਰਵਾਲ, ਕਾਂਗਰਸੀ ਆਗੂ ਰਾਕੇਸ਼ ਵੋਹਰਾ, ਸਰਪੰਚ ਸੁਖਰਾਜ ਸਿੰਘ ਖਰਲ, ਸਰਪੰਚ ਕ੍ਰਿਪਾਲ ਸਿੰਘ ਜੌੜਾ, ਭੁਪਿੰਦਰ ਸਿੰਘ ਸਰਪੰਚ ਰਾਪੁਰ, ਰਵਿੰਦਰ ਸਿੰਘ ਰਵੀ, ਪੰਮਾ ਖਰਲ ਖੁਰਦ, ਪ੍ਰਸ਼ੋਤਮ ਸੈਣੀ ਚੌਲਾਂਗ, ਡਾ. ਸੁਖਦੇਵ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ ਜੱਸਾ, ਕਸ਼ਮੀਰ ਸਿੰਘ ਚੱਕ, ਜਸਵੀਰ ਸਿੰਘ ਚੌਲਾਂਗ ਨੇ ਵੀ ਸੰਬੋਧਨ ਕੀਤਾ।