ਨਵੀਂ ਦਿੱਲੀ- ਦੇਸ਼ ਭਰ 'ਚ ਸ਼ੁੱਕਰਵਾਰ ਨੂੰ ਈਦ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਲੋਕ ਨਮਾਜ ਅਦਾ ਕਰਨ ਲਈ ਮਸਜਿਦਾਂ ਦਾ ਰੁਖ ਕਰ ਰਹੇ ਹਨ। ਦਿੱਲੀ ਦੀ ਜਾਮਾ ਮਸਜਿਦ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਈਦ ਦੀ ਨਮਾਜ ਅਦਾ ਕੀਤੀ। ਵੀਰਵਾਰ ਨੂੰ ਸਭ ਤੋਂ ਪਹਿਲਾਂ ਆਸਾਮ 'ਚ ਚੰਨ ਦਿਖਿਆ, ਜਿਸ ਦੇ ਕੁਝ ਹੀ ਦੇਰ ਬਾਅਦ ਦਿੱਲੀ ਸਮੇਤ ਦੇਸ਼ ਦੇ ਬਾਕੀ ਹਿੱਸਿਆਂ 'ਚ ਮੁਸਲਿਮ ਵਰਗ ਦੇ ਲੋਕਾਂ ਨੇ ਇਕ-ਦੂਜੇ ਨੂੰ ਗਲੇ ਲਾ ਕੇ ਇਕ-ਦੂਜੇ ਨੂੰ ਈਮ ਦੀ ਮੁਬਾਰਕਬਾਦ ਦਿੱਤੀ। ਈਮ ਦੀ ਖੁਸ਼ੀ ਸਾਰਿਆਂ ਨੂੰ ਹੈ ਤਾਂ ਉੱਥੇ ਰਮਜਾਨ ਦੇ ਮੁਬਾਰਕ ਮਹੀਨੇ ਦੇ ਖਤਮ ਹੋਣ ਦਾ ਦੁਖ ਵੀ ਹੈ। ਰਮਜਾਨ ਦਾ ਇਹ ਮਹੀਨਾ ਹਰ ਬੁਰਾਈ ਨੂੰ ਰੋਕਣ ਦੀ ਹਿਦਾਇਤ ਦਿੰਦਾ ਹੈ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨ ਈਦ-ਉਲ-ਫਿਤਰ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਦੂਜੇ ਪਾਸੇ ਮੁੰਬਈ ਦੀ ਹਰੀ ਮੁਸਜਿਦ 'ਚ ਲੋਕਾਂ ਨੇ ਈਦ ਦੀ ਨਮਾਜ ਅਦਾ ਕੀਤੀ। ਨਮਾਜ ਅਦਾ ਕਰਨ ਤੋਂ ਬਾਅਦ ਲੋਕ ਨੇ ਇਕ-ਦੂਜੇ ਨੂੰ ਵਧਾਈ ਦਿੱਤੀ। ਭੋਪਾਲ 'ਚ ਸੈਂਕੜੇ ਲੋਕਾਂ ਨੇ ਈਦਗਾਹ ਮਸਜਿਦਾਂ 'ਚ ਨਮਾਜ ਅਦਾ ਕੀਤੀ ਅਤੇ ਸਾਰੀਆਂ ਗੱਲਾਂ ਭੁਲਾ ਕੇ ਇਕ-ਦੂਜੇ ਦੇ ਗਲੇ ਮਿਲੇ। ਕੋਲਕਾਤਾ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਲੋਕਾਂ ਨੂੰ ਮਿਲੀ ਅਤੇ ਈਦ ਦੇ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ। ਪੇਰਿਸ ਦੀ ਸਭ ਤੋਂ ਵੱਡੀ ਮਸਜਿਦ 'ਚ ਨਮਾਜ ਅਦਾ ਕਰਨ ਲਈ ਲੋਕਾਂ ਦੀ ਭਾਰੀ ਭੀੜ ਪੁੱਜੀ ਹਾਲਾਂਕਿ ਹਰ ਕਿਸੇ ਨੂੰ ਮਸਜਿਦ 'ਚ ਜਗ੍ਹਾ ਨਹੀਂ ਮਿਲ ਸਕੀ ਇਸ ਲਈ ਉਨ੍ਹਾਂ ਨੂੰ ਬਾਹਰ ਹੀ ਨਮਾਜ ਅਦਾ ਕਰਨੀ ਪਈ। ਵਿਰੋਧ ਪ੍ਰਦਰਸ਼ਨਾਂ ਦਰਮਿਆਨ ਮਿਸਰ ਦੇ ਲੋਕ ਈਦ ਮਨਾ ਰਹੇ ਹਨ। ਇਸ ਪਵਿੱਤਰ ਮੌਕੇ 'ਤੇ ਲੋਕਾਂ ਨੇ ਦੁਆ ਮੰਗੀ ਕਿ ਮਿਸਰ 'ਚ ਹਾਲਾਤ ਜਲਦ ਆਮ ਹੋ ਜਾਣ।