www.sabblok.blogspot.com
ਭਾਰਤ ਨੇ ਵੀ ਦਿੱਤਾ ਢੁੱਕਵਾਂ ਜਵਾਬ, ਸਰਹੱਦ 'ਤੇ ਭਾਰੀ ਤਣਾਅ
ਜੰਮੂ, 10 ਅਗਸਤ (ਏਜੰਸੀ)- ਭਾਰਤੀ ਖੇਤਰ ਵਿਚ ਦਾਖਲ ਹੋ ਕੇ 5 ਜਵਾਨਾਂ ਨੂੰ ਸ਼ਹੀਦ ਕਰ ਦੇਣ ਕਾਰਨ ਪੈਦਾ ਹੋਏ ਤਨਾਅ ਦੇ ਦਰਮਿਆਨ ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਪੁਣਛ ਜਿਲੇ੍ਹ ਵਿਚ ਨਿਯੰਤਰਣ ਰੇਖਾ ਦੇ ਨਾਲ ਭਾਰਤੀ ਚੌਕੀਆਂ ਉਪਰ ਕੋਈ 7 ਘੰਟੇ ਭਾਰੀ ਗੋਲਾਬਾਰੀ ਕੀਤੀ ਜਿਸ ਦੌਰਾਨ 7000 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ | ਭਾਰਤੀ ਫੌਜ ਨੇ ਇਸ ਨੂੰ ਜੰਗਬੰਦੀ ਦੀ ਵੱਡੀ ਉਲੰਘਣਾ ਕਰਾਰ ਦਿੱਤਾ ਹੈ ਜੋ ਲੰਘੀ ਰਾਤ ਕੀਤੀ ਗਈ | ਭਾਰਤੀ ਜਵਾਨਾਂ ਨੇ ਵੀ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ | ਰੱਖਿਆ ਵਿਭਾਗ ਦੇ ਬੁਲਾਰੇ ਐਸ.ਐਨ ਅਚਾਰੀਆ ਨੇ ਕਿਹਾ ਹੈ ਕਿ ਇਸ ਗੋਲੀਬਾਰੀ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਰਾਤ 10 ਵਜੇ ਤੋਂ ਬਾਅਦ ਦੁਰਗਾ ਬਟਾਲੀਅਨ ਖੇਤਰ ਵਿਚ ਅਗਲੀਆਂ ਚੌਕੀਆਂ ਉਪਰ ਬਿਨਾਂ ਕਾਰਨ ਗੋਲੀਬਾਰੀ ਕੀਤੀ | ਬੁਲਾਰੇ ਅਨੁਸਾਰ ਭਾਰੀ ਹਥਿਆਰਾਂ ਤੇ ਦਰਮਿਆਨੀ ਮਾਰ ਕਰਨ ਵਾਲੀਆਂ ਤੋਪਾਂ ਨਾਲ ਕੀਤੀ ਗਈ ਗੋਲਾਬਾਰੀ ਦਾ ਮਕਸਦ ਜਾਨੀ ਨੁਕਸਾਨ ਕਰਨਾ ਸੀ | ਇਹ ਗੋਲਾਬਾਰੀ ਤੜਕਸਾਰ 4.30 ਵਜੇ ਤੱਕ ਜਾਰੀ ਰਹੀ | ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ 'ਚ ਭਾਰਤੀ ਜਵਾਨਾਂ ਨੇ ਦਰਮਿਆਨੀ ਮਾਰ ਕਰਨ ਵਾਲੀਆਂ ਮਸ਼ੀਨ ਗੰਨਾਂ ਤੇ ਤੋਪਾਂ ਤੇ ਹੋਰ ਹਥਿਆਰਾਂ ਨਾਲ ਢੁੱਕਵਾਂ ਜਵਾਬ ਦਿੱਤਾ | ਬੁਲਾਰੇ ਨੇ ਦੱਸਿਆ ਕਿ ਸਰਹੱਦ ਉਪਰ ਤਨਾਅ ਕਾਇਮ ਹੈ | ਜੰਗਬੰਦੀ ਉਲੰਘਣਾ ਦੀ ਇਸ ਘਟਨਾ ਨੇ ਦੋਵਾਂ ਦੇਸ਼ਾਂ ਵਿਚਾਲੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਗੱਲਬਾਤ ਪ੍ਰਕਿਰਿਆ ਨੂੰ ਵੀ ਧੁੰਦਲਾ ਕਰ ਦਿੱਤਾ ਹੈ | ਨਿਊਯਾਰਕ ਵਿਚ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਮੌਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਪਾਕਿਸਤਾਨੀ ਹਮ ਰੁਤਬਾ ਨਵਾਜ਼ ਸ਼ਰੀਫ ਵਿਚਾਲੇ ਗੱਲਬਾਤ ਹੋਣੀ ਹੈ | ਇਸ ਸਾਲ ਦੇ ਸ਼ੁਰੂ ਵਿਚ 8 ਜਨਵਰੀ ਨੂੰ ਪਾਕਿਸਤਾਨੀ ਫੌਜੀਆਂ ਵੱਲੋਂ ਭਾਰਤੀ ਖੇਤਰ ਵਿਚ ਦਾਖਲ ਹੋ ਕੇ 2 ਭਾਰਤੀ ਫੌਜੀਆਂ ਦੀਆਂ ਬੇਰਹਿਮੀ ਨਾਲ ਹੱਤਿਆਵਾਂ ਕਰ ਦੇਣ ਉਪਰੰਤ ਇਸ ਗੱਲਬਾਤ ਪ੍ਰਕਿਰਿਆ ਵਿਚ ਵਿਘਨ ਪੈ ਗਿਆ ਸੀ | ਇਥੇ ਵਰਣਨਯੋਗ ਹੈ ਕਿ ਬੀਤੇ ਦਿਨ ਰਖਿਆ ਮੰਤਰੀ ਨੇ ਸੰਸਦ ਵਿਚ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਸੰਜਮ ਵਰਤਣ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਨਾ ਹੀ ਇਸ ਨੂੰ ਗਰੰਟੀ ਵਜੋਂ ਲਿਆ ਜਾਵੇ |
No comments:
Post a Comment