ਪੁਲਸ ਨੇ ਜਲੰਧਰ-ਸ਼ਹਿਰ ਦੇ ਇਕ ਭਾਜਪਾ ਆਗੂ ਅਤੇ ਉਸ ਦੇ ਭਰਾ ਨੂੰ  ਨਸ਼ਿਆਂ ਦਾ ਕਾਰੋਬਾਰ ਕਰਨ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਹੈ। ਸਥਾਨਕ ਲਕਸ਼ਮੀਪੁਰਾ ਖੇਤਰ 'ਚ ਸੋਮਵਾਰ ਨੂੰ ਇਸ ਗੱਲ ਨੂੰ ਲੈ ਕੇ  ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇਨ੍ਹਾਂ ਦੋਹਾਂ ਨੂੰ ਗਸ਼ਤ ਕਰ ਰਹੀ ਪੁਲਸ ਦੀ ਟੁਕੜੀ ਨੇ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਲਿਆ। ਇਸ ਤੋਂ ਬਾਅਦ ਉਕਤ ਮੁਲਾਜ਼ਮ ਦੋਹਾਂ ਭਰਾਵਾਂ ਨੂੰ ਫੜ ਕੇ ਥਾਣੇ ਲੈ ਗਏ। ਥਾਣਾ ਨੰਬਰ-3 ਦੀ ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ। ਥਾਣਾ ਨੰਬਰ-3 ਦੇ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਭਰਾ ਨਸ਼ੇ ਦਾ ਕਾਰੋਬਾਰ ਕਰਦੇ ਹਨ। ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਦੋਵਾਂ ਨੂੰ ਰੰਗੇ ਹੱਥੀਂ ਫੜਨ ਲਈ ਪੁਲਸ ਮੁਲਾਜ਼ਮਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟ੍ਰੈਕ ਲਗਾਇਆ ਜਾ ਰਿਹਾ ਸੀ। ਉਨ੍ਹਾਂ ਦਸਿਆ ਕਿ ਸੋਮਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਭਾਜਪਾ ਆਗੂ ਅਤੇ ਉਸ ਦਾ ਭਰਾ ਖੇਤਰ ਵਿਚ ਨਸ਼ੀਲਾ ਪਦਾਰਥ ਲੈ ਕੇ ਆ ਰਹੇ ਹਨ। ਇਸ ਉਪਰੰਤ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਸ ਨੇ ਭਾਜਪਾ ਆਗੂ ਵਰੁਣ ਨਿਵਾਸੀ ਲਕਸ਼ਮੀ ਪੁਰਾ ਅਤੇ ਨਿਤਿਨ ਨੂੰ ਕਾਬੂ ਕਰ ਲਿਆ।