ਟਾਂਡਾ(ਜੌੜਾ, ਪੱਪੂ, ਮੋਮੀ, ਜਸਵਿੰਦਰ, ਕੁਲਵਿੰਦਰ)¸ਅੱਜ ਦੁਪਹਿਰ ਕਰੀਬ 11 ਵਜੇ ਟਾਂਡਾ-ਸ੍ਰੀਹਰਗੋਬਿੰਦਪੁਰ ਮਾਰਗ 'ਤੇ ਸਥਿਤ ਰੜਾ ਮੋੜ 'ਤੇ ਬੇਟ ਖੇਤਰ ਦੇ ਕਿਸਾਨਾਂ ਵਲੋਂ ਉਨ੍ਹਾਂ ਦੀਆਂ ਜ਼ਮੀਨਾਂ 'ਚੋਂ ਬਿਆਸ ਦਰਿਆ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਰੋਸ ਵਜੋਂ ਟਰੈਫਿਕ ਜਾਮ ਕਰਕੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਅਨੁਸਾਰ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਬਿਆਸ ਦਰਿਆ ਦਾ ਪਾਣੀ ਉਨ੍ਹਾਂ ਦੀਆਂ ਨਾਲ ਲਗਦੀਆਂ ਸੈਂਕੜੇ ਏਕੜ ਜ਼ਮੀਨਾਂ 'ਚ ਜਮ੍ਹਾ ਹੋ ਜਾਂਦਾ ਹੈ। ਇਸ ਪਾਣੀ ਦਾ ਕਿਸੇ ਵੀ ਪਾਸਿਓਂ ਕੋਈ ਨਿਕਾਸ ਨਾ ਹੋਣ ਕਾਰਨ ਉਨ੍ਹਾਂ ਵਲੋਂ ਖੂਨ-ਪਸੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਫਸਲ ਬੁਰੀ ਤਰ੍ਹਾਂ ਤਬਾਹ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦਾ ਆਏ ਸਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਪਰ ਉਨ੍ਹਾਂ ਵਲੋਂ ਇਸ ਗੰਭੀਰ ਸਮੱਸਿਆ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਉੱਚਾ ਹੋ ਜਾਣ ਕਾਰਨ ਉਨ੍ਹਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਬੇਸ਼ੱਕ ਆਉਣ ਵਾਲੇ ਦਿਨਾਂ ਅੰਦਰ ਪਾਣੀ ਦਾ ਪੱਧਰ ਨੀਵਾਂ ਹੋ ਜਾਵੇਗਾ ਪਰ ਉਨ੍ਹਾਂ ਦੀਆਂ ਫਸਲਾਂ 'ਚ ਪਿਆ ਪਾਣੀ ਨਿਕਾਸ ਨਾ ਹੋਣ ਕਾਰਨ ਦੋ ਤੋਂ ਤਿੰਨ ਮਹੀਨਿਆਂ ਤੱਕ ਸੁੱਕੇਗਾ ਨਹੀਂ।
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਬਰਸਾਤ ਦੇ ਇਨ੍ਹੀਂ ਦਿਨੀਂ ਪ੍ਰਸ਼ਾਸਨ ਵਲੋਂ ਬਿਆਸ ਦਰਿਆ 'ਤੇ ਬਣੇ ਪੁਲ ਦੀ ਸਲੈਬ ਸ਼ੁਰੂ ਹੁੰਦਿਆਂ ਹੀ ਪੁਲ ਦੀਆਂ ਦੀਵਾਰਾਂ ਦੇ ਆਰ-ਪਾਰ ਪਾਈਪ ਪਾ ਕੇ ਖੇਤਾਂ 'ਚੋਂ ਪਾਣੀ ਦਾ ਨਿਕਾਸ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਾਰਾ ਸਾਲ ਬੀਤਣ 'ਤੇ ਵੀ ਪੁਲ ਦੀਆਂ ਦੀਵਾਰਾਂ ਦੇ ਆਰ-ਪਾਰ ਪਾਈਪ ਨਹੀਂ ਪੈ ਸਕੀ।  ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਸ ਮਸਲੇ ਵੱਲ ਧਿਆਨ ਕੇਂਦ੍ਰਿਤ ਕਰਵਾਉਣ ਲਈ ਅੱਜ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਲਦੀ ਹੀ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ  ਤਾਂ ਉਹ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਚੱਕਾ ਜਾਮ ਕਰਨਗੇ।  ਇਸ ਮੌਕੇ ਪਹੁੰਚੇ ਡੀ. ਐੱਸ. ਪੀ. ਹਰਜਿੰਦਰ ਸਿੰਘ, ਐੱਸ. ਐੱਚ. ਓ. ਸਤਿੰਦਰ ਕੁਮਾਰ ਚੱਢਾ,  ਨਾਇਬ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ ਵਲੋਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਲਿਆਉਣ ਦਾ ਭਰੋਸਾ ਦਿੱਤਾ ਗਿਆ ਤੇ ਜਾਮ ਖੁਲ੍ਹਵਾਇਆ ਗਿਆ।  ਇਸ ਮੌਕੇ ਸਰਪੰਚ ਬਗੀਚਾ ਸਿੰਘ ਗੰਧੋਵਾਲ, ਸਰਪੰਚ ਤਰਸੇਮ ਸਿੰਘ, ਸਰਪੰਚ ਜਸਵੰਤ ਸਿੰਘ ਬਿੱਟੂ ਅਬਦੁੱਲਾਪੁਰ, ਪੰਚ ਬਲਵੀਰ ਸਿੰਘ, ਬਲਜੀਤ ਸਿੰਘ, ਗੇਜਾ ਸਿੰਘ, ਸਤਨਾਮ ਸਿੰਘ, ਦੀਦਾਰ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਪਾਲੂ ਭੂਲਪੁਰ, ਅਜੈਬ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ ਸੰਧੂ, ਤਾਰਾ ਸਿੰਘ, ਪਟਵਾਰੀ ਰਾਕੇਸ਼ ਸਾਗਰ ਵੀ ਹਾਜ਼ਰ ਸਨ।