jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਭਰਵੀਂ ਬਾਰਿਸ਼ ਨੇ ਜਨ ਜੀਵਨ ਪ੍ਰਭਾਵਿਤ ਕੀਤਾ

www.sabblok.blogspot.com
ਰੂਪਨਗਰ, 10 ਅਗਸਤ (ਸਵਰਨ ਸਿੰਘ ਭੰਗੂ)-ਬੀਤੀ ਅੱਧੀ ਰਾਤ ਤੋਂ ਸਵੇਰੇ 10 ਵਜੇ ਤੱਕ ਲਗਾਤਾਰ ਪਈ ਤੇਜ਼ ਬਾਰਸ਼ ਨੇ ਜ਼ਿਲ੍ਹੇ ਅੰਦਰ ਜਨ ਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ | ਵਰਖਾ ਕਾਰਨ ਨੀਵੀਆਂ ਸੜਕਾਂ ਵਿਚ ਪਾਣੀ ਭਰਨ ਨਾਲ ਜਲ-ਥਲ ਇਕ ਹੋ ਗਿਆ, ਪਹੁੰਚ ਅਤੇ ਮੁੱਖ ਮਾਰਗਾਂ ਵਿਚ ਪਾੜ ਪੈ ਗਏ ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਰਾਹਗੀਰਾਂ ਨੂੰ ਪਿੰਡਾਂ ਵਿਚ ਰਸਤੇ ਲੱਭ- ਲੱਭ, ਜੋਖਮ ਉਠਾ ਕੇ ਆਪਣੀ ਮੰਜ਼ਿਲ ਵੱਲ ਵਧਣਾ ਪਿਆ | ਅਜਿਹਾ ਹੋਣ ਕਾਰਨ ਵੱਖ-ਵੱਖ ਮਾਰਗਾਂ 'ਤੇ ਜਾਮ ਵੀ ਲੱਗਦੇ ਰਹੇ | ਰੂਪਨਗਰ, ਨੰਗਲ, ਨੂਰਪੁਰ ਬੇਦੀ, ਚਮਕੌਰ ਸਾਹਿਬ, ਮੋਰਿੰਡਾ ਆਦਿ ਸ਼ਹਿਰਾਂ ਅਤੇ ਮੁਹੱਲਿਆਂ, ਵੱਖ ਵੱਖ ਇਲਾਕਿਆਂ ਦੇ ਕਈ ਪਿੰਡਾਂ ਵਿਚ ਪਾਣੀ ਭਰਨ ਦੀਆਂ ਖਬਰਾਂ ਹਨ | ਇਸ ਬਰਸਾਤ ਦੌਰਾਨ ਪਹਿਲੀ ਵਾਰ ਰੂਪਨਗਰ-ਚਮਕੌਰ ਸਾਹਿਬ ਮਾਰਗ 'ਤੇ ਪੈਂਦੀਆਂ ਬੁਦਕੀ ਅਤੇ ਸੀਸਵਾਂ ਨਦੀਆਂ ਵਿਚ ਤੇਜ਼ ਪਾਣੀ ਵਗਦਾ ਨੋਟ ਕੀਤਾ ਗਿਆ |
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ: ਬੀਤੀ ਰਾਤ ਹੋਈ ਜ਼ੋਰਦਾਰ ਵਰਖਾ ਕਾਰਨ ਇਲਾਕੇ ਵਿਚ ਦੂਰ ਦੂਰ ਤੱਕ ਪਾਣੀ ਹੀ ਪਾਣੀ ਦਿਖ ਰਿਹਾ ਹੈ | ਪਿੰਡ ਖੈਰਪੁਰ-ਢੰਗਰਾਲੀ, ਮੜੌਲੀ ਕਲਾਂ, ਮੜੌਲੀ ਖੁਰਦ, ਧਨੌਰੀ, ਰਸੂਲਪੁਰ, ਧਿਆਨਪੁਰ, ਮਾਨਖੇੜੀ, ਤਾਜਪੁਰਾ, ਸੱਖੋਮਾਜਰਾ, ਸੰਗਤਪੁਰਾ, ਡੂਮਛੇੜੀ, ਰਾਮ ਬਾਗ, ਦਾਤਾਰਪੁਰ, ਦਾਣਾ ਮੰਡੀ ਮੋਰਿੰਡਾ, ਵਾਰਡ ਨੰ: 2, 3 ਅਤੇ 4 ਦੇ ਕਈ ਘਰਾਂ ਵਿਚ 4-4 ਫੁੱਟ ਪਾਣੀ ਵੜ ਗਿਆ | ਸਵੇਰ ਤੋਂ ਹੀ ਪਿੰਡਾਂ ਤੋਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਉਨ੍ਹਾਂ ਦੇ ਪਿੰਡਾਂ ਦੀਆਂ ਗਲੀਆਂ ਅਤੇ ਘਰਾਂ ਵਿਚ ਚਾਰ-ਚਾਰ ਫੁੱਟ ਪਾਣੀ ਭਰ ਗਿਆ | ਦਾਣਾ ਮੰਡੀ ਦੀ ਕੰਧ ਢਹਿ ਗਈ, ਕਈ ਪਿੰਡਾਂ ਵਿਚ ਬਾਊਾਡਰੀਆਂ ਡਿੱਗ ਗਈਆਂ | ਦਾਣਾ ਮੰਡੀ ਮੋਰਿੰਡਾ ਦੀ ਬਾਊਾਡਰੀ ਬਾਲ ਵੀ ਪਾਣੀ ਦੇ ਵਹਾਅ ਨਾਲ ਡਿੱਗ ਗਈ | ਸਰਕਾਰੀ ਸੀ: ਸੈ: ਸਕੂਲ ਢੰਗਰਾਲੀ ਦੇ ਕੰਪਿਉਟਰਾਂ ਵਿਚ ਪਾਣੀ ਪੈ ਗਿਆ | ਜ਼ਿਆਦਾ ਪਾਣੀ ਦੇ ਆਉਣ ਦਾ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੀਆਂ ਕੀਤੀਆਂ ਉਚੀਆਂ ਸੜਕਾਂ ਕਾਰਨ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ | ਲੋਕਾਂ ਦੇ ਘਰਾਂ ਵਿਚ ਪਿਆ ਖਾਣ-ਪੀਣ ਦਾ ਸਮਾਨ ਖਰਾਬ ਹੋ ਗਿਆ | ਇਲਾਕੇ ਦੀ ਫਸਲਾਂ ਪਾਣੀ ਵਿਚ ਡੁੱਬ ਗਈਆਂ | ਸਵੇਰੇ 6 ਵਜੇ ਹੀ ਮੋਰਿੰਡਾ ਇਲਾਕੇ ਵਿਚ ਹੜ੍ਹ ਵਰਗੇ ਹਾਲਾਤਾਂ ਦੀ ਜਾਣਕਾਰੀ ਨੈਬ ਤਹਿਸੀਲਦਾਰ ਮੋਰਿੰਡਾ ਸ੍ਰੀਮਤੀ ਕਮਲਜੀਤ ਕੌਰ ਨੂੰ ਦੇ ਦਿੱਤੀ ਗਈ ਜਿਸ 'ਤੇ ਉਨ੍ਹਾਂ ਨਾਲ ਬੀ. ਡੀ. ਪੀ. ਓ. ਰਾਜਿੰਦਰ ਸਿੰਘ ਗੱਡੂ ਨੇ ਉਪਰੋਕਤ ਪਿੰਡਾਂ ਦਾ ਟਰੈਕਟਰ 'ਤੇ ਬੈਠ ਕੇ ਜਾਇਜ਼ਾ ਲਿਆ | ਸ੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਜਿਥੇ ਜਿਥੇ ਵੀ ਪਾਣੀ ਦੀ ਨਿਕਾਸੀ ਹੋ ਸਕਦੀ ਸੀ ਉਨ੍ਹਾਂ ਵੱਲੋਂ ਕਰਵਾ ਦਿੱਤੀ ਗਈ ਹੈ | ਢੰਗਰਾਲੀ ਪਿੰਡ ਵਿਚ ਪੁਲੀਆਂ ਆਦਿ ਲਗਾਉਣ ਲਈ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ | ਫਸਲਾਂ ਦੇ ਨੁਕਸਾਨ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 4-5 ਦਿਨਾਂ ਬਾਅਦ ਨੁਕਸਾਨ ਦਾ ਪਤਾ ਲੱਗੇਗਾ | ਅਗਰ ਫਸਲਾਂ ਦਾ ਨੁਕਸਾਨ ਹੋਇਆ ਤਾਂ ਗਿਰਦਾਵਰੀ ਕਰਵਾਈ ਜਾਵੇਗੀ |
ਨੀਲੋ ਮਾਰਗ 'ਤੇ ਦੋ ਥਾਵਾਂ 'ਤੇ ਪਏ ਪਾੜ, ਬੁੱਢੇ ਨਾਲੇ ਦੇ ਉੱਛਲਣ ਨਾਲ ਸੈਂਕੜੇ ਏਕੜ ਝੋਨਾ ਵੀ ਹੋਇਆ ਪ੍ਰਭਾਵਿਤ-ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ- ਬੀਤੀ ਰਾਤ ਇਲਾਕੇ 'ਚ ਹੋਈ ਭਾਰੀ ਬਾਰਿਸ਼ ਨੇ ਇਲਾਕੇ ਦੀਆਂ ਅਨੇਕਾਂ ਸੜਕਾਂ ਵਿਚ ਪਾੜ ਪਾ ਦਿੱਤੇ ਅਤੇ ਕਈ ਥਾਵਾਂ 'ਤੇ ਘਰਾਂ ਵਿਚ ਪਾਣੀ ਭਰ ਜਾਣ ਜਾਣ ਨਾਲ ਕੀਮਤੀ ਸਾਮਾਨ ਵੀ ਖਰਾਬ ਹੋ ਗਿਆ | ਰਾਤ ਕਰੀਬ 12 ਵਜੇ ਤੋਂ ਬਾਅਦ ਸ਼ੁਰੂ ਹੋਈ ਤੇਜ਼ ਬਰਸਾਤ ਕਾਰਨ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪਿੰਡ ਕਤਲੌਰ ਦੇ ਬੱਸ ਸਟੈਂਡ ਸਾਹਮਣੇ ਪਿੰਡ ਵੱਲੋਂ ਆਏ ਤੇਜ਼ ਪਾਣੀ ਨੇ ਕਰੀਬ 20 ਫੁੱਟ ਲੰਮੀ ਤੇ ਕਰੀਬ 5 ਫੁੱਟ ਚੌੜੀ ਸੜਕ ਪਾਣੀ ਵਿਚ ਵਹਾ ਦਿੱਤੀ ਜਿਸ ਕਾਰਨ ਇਸ ਸੜਕ 'ਤੇ ਪੰਜਾਬ, ਹਿਮਾਚਲ ਵਿਚਕਾਰ ਚਲਦੀ ਆਵਾਜਾਈ ਕਈ ਘੰਟੇ ਪ੍ਰਭਾਵਿਤ ਰਹੀ ਤੇ ਇਥੋਂ ਦੀ ਟਰੈਫਿਕ ਪੁਲਿਸ ਨੇ ਬਦਲਵੇਂ ਪ੍ਰਬੰਧਾਂ ਨਾਲ ਇਸ ਨੂੰ ਬਹਾਲ ਕੀਤਾ ਤੇ ਸੜਕ ਨੂੰ ਚੌੜਾ ਕਰ ਰਹੀ ਕੰਪਨੀ ਨੇ ਇਸ ਪਾੜ ਨੂੰ ਭਰ ਕੇ ਮੁੜ ਅਵਾਜਾਈ ਬਹਾਲ ਕੀਤੀ | ਇਸੇ ਤਰ੍ਹਾਂ ਇਥੋਂ ਦੇ ਪੁਲ ਨੇੜੇ ਵੀ ਪਏ ਪਾੜ ਕਾਰਨ ਸੜਕ ਦੀ ਦਸ਼ਾ ਬਹੁਤ ਗੰਭੀਰ ਬਣੀ ਹੋਈ ਹੈ | ਇਸ ਦੇ ਨਾਲ ਗੁ: ਗੜੀ ਸਾਹਿਬ ਅਤੇ ਗੁ: ਸ਼ਹੀਦੀ ਬੁਰਜ ਬਾਬਾ ਜੀਵਨ ਸਿੰਘ ਵਾਲੀ ਸੜਕ ਵੀ ਕਾਫੀ ਨੁਕਸਾਨੀ ਗਈ ਹੈ | ਵਾਰਡ ਨੰਬਰ 5, 6, 9 ਅਤੇ 11 ਵਿਚੋਂ ਨਿਕਲਦੇ ਬਰਸਾਤੀ ਨਾਲੇ ਵਿਚ ਵੀ ਪਾਣੀ ਭਰ ਜਾਣ ਨਾਲ ਇਸ ਦਾ ਪਾਣੀ ਵੀ ਲੋਕਾਂ ਦੇ ਘਰਾਂ ਵਿਚ ਵੜ ਗਿਆ | ਮੌਕੇ 'ਤੇ ਪੁੱਜੇ ਅਮਨਦੀਪ ਸਿੰਘ ਮਾਂਗਟ ਨੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਵਾਰਡ ਨੰਬਰ 11 ਵਿਚ ਜੇ. ਸੀ. ਬੀ. ਮਸ਼ੀਨ ਨਾਲ ਬਰਸਾਤੀ ਨਾਲੇ ਵਿਚ ਆਈਆਂ ਰੁਕਾਵਟਾਂ ਨੂੰ ਦੂਰ ਕਰਕੇ ਪਾਣੀ ਦਾ ਵਹਾਅ ਸਹੀ ਕਰਵਾਇਆ |
ਇਸੇ ਤਰ੍ਹਾਂ ਪਿੰਡ ਮਕੜੋਨਾ ਖੁਰਦ ਦੇ ਟੋਭੇ ਦਾ ਪਾਣੀ ਉੱਛਲ ਕੇ ਗੁ: ਸਾਹਿਬ ਸਮੇਤ ਦਰਜਨਾਂ ਘਰਾਂ ਵਿਚ ਪਾਣੀ ਵੜ ਗਿਆ। ਪਿੰਡ ਧੋਲਰਾਂ ਵਿਖੇ ਮਲਕੀਤ ਸਿੰਘ, ਕਰਮ ਸਿੰਘ ਤੇ ਗੁਰਮੀਤ ਸਿੰਘ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ। ਬਰਸਾਲਪੁਰ, ਦੁਗਰੀ, ਕੋਟਲੀ, ਰੁੜਕੀ ਹੀਰਾਂ, ਚੂਹੜਮਾਜਰਾ, ਸਲੇਮਪੁਰ ਆਦਿ ਪਿੰਡਾਂ ਵਿਚ ਵੀ ਟੋਭਿਆਂ ਵਿਚ ਬਰਸਾਤੀ ਪਾਣੀ ਉੱਛਲ ਕੇ ਲੋਕਾਂ ਦੇ ਘਰਾਂ ਵਿਚ ਵੜ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਬਰਸਾਤ ਨੇ ਚਮਕੌਰ ਸਾਹਿਬ ਦੇ ਅਨੇਕਾਂ ਵਾਰਡਾਂ ਵਿਚ ਨਵੀਆਂ ਬਣੀਆਂ ਗਲੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਬੇਟ ਇਲਾਕੇ ਵਿਚੋਂ ਲੰਘਦੇ ਬੁੱਢੇ ਨਾਲੇ ਦੇ ਵੀ ਉਫਾਨ 'ਤੇ ਹੋਣ ਕਾਰਨ ਨਾਲੇ ਦੇ ਆਲੇ-ਦੁਆਲੇ ਖੜਾ ਸੈਂਕੜੇ ਏਕੜ ਝੋਨਾ ਵੀ ਇਸ ਦੀ ਲਪੇਟ ਵਿਚ ਆਇਆ ਹੈ।
ਵੱਖ-ਵੱਖ ਪਿੰਡਾਂ ਦੇ ਘਰਾਂ 'ਚ ਪਾਣੀ ਵੜਿਆ: ਕਾਹਨਪੁਰ ਖੂਹੀ ਤੋਂ ਗੁਰਬੀਰ ਸਿੰਘ ਵਾਲੀਆ ਅਨੁਸਾਰ- ਬਰਸਾਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਪਿੰਡਾਂ ਵਿਚ ਕੀਤੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁਲੀ ਜਦੋਂ ਖੇਤਰ ਦੇ ਕਈ ਪਿੰਡਾਂ ਦੇ ਘਰਾਂ ਵਿਚ ਬਰਸਾਤੀ ਪਾਣੀ ਨੇ ਆਪਣਾ ਕਹਿਰ ਮਚਾਇਆ। ਜਾਣਕਾਰੀ ਅਨੁਸਾਰ ਖੇਤਰ ਦੇ ਪਿੰਡ ਸਪਾਲਮਾਂ, ਖੇੜਾ ਕਲਮੋਟ, ਪਲਾਟਾ, ਭਨੂੰਰਾ ਅਤੇ ਕਾਹਨਪੁਰ ਖੂਹੀ ਵਿਖੇ ਬਰਸਾਤ ਦਾ ਪਾਣੀ ਇਕੱਠਾ ਹੋ ਕੇ ਘਰਾਂ ਵਿਚ ਵੜ ਗਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੇਵ ਰਾਜ ਵਾਸੀ ਕਾਹਨਪੁਰ ਖੂਹੀ ਦੇ ਘਰ ਵਿਚ ਪਾਣੀ ਵੜਣ ਨਾਲ ਘਰ ਦਾ ਜ਼ਰੂਰੀ ਸਮਾਨ ਡਬਲ ਬੈਡ, ਮੰਜੇ, ਕੱਪੜੇ ਅਤੇ ਕਣਕ ਦੀਆਂ ਬੋਰੀਆਂ ਆਦਿ ਭਿੱਜ ਕੇ ਖਰਾਬ ਹੋ ਗਈਆਂ ਹਨ। ਇਸ ਤਰ੍ਹਾਂ ਕਾਹਨਪੁਰ ਖੂਹੀ ਦੇ ਵਸਨੀਕ ਰਾਮ ਸ਼ਾਹ ਦੇ ਮਕਾਨ ਦੀਆਂ ਦੀਵਾਰਾਂ ਵੀ ਡਿੱਗਣ ਦਾ ਸਮਾਚਾਰ ਹੈ। ਇਸ ਮੌਕੇ ਸੁਨੀਤਾ ਦੇਵੀ ਸਰਪੰਚ ਖੇੜਾ, ਦੀਪਕ ਕੁਮਾਰ, ਸੰਜੂ ਕੁਮਾਰ ਸੰਮਤੀ ਮੈਂਬਰ, ਸਤੀਸ਼ ਕੁਮਾਰ ਫੌਜੀ, ਸੁਰਿੰਦਰ ਕੁਮਾਰ ਪੰਚ, ਦੇਵ ਦੱਤ ਪੰਚ, ਮੇਹਰ ਸਿੰਘ ਬੱਬੂ, ਰੋਸ਼ਨ ਲਾਲ, ਅਮਰ ਚੰਦ, ਰਾਮ ਕੁਮਾਰ, ਕਪਿਲ ਦੇਵ, ਸੋਮਾ ਦੇਵੀ, ਸ਼ਾਮ ਲਾਲ, ਰਾਜਾ ਰਾਮ, ਸੁਮਨ ਲਤਾ, ਮਹਿੰਦਰ ਪਾਲ, ਗਿਆਨ ਚੰਦ, ਸ਼ਾਮ ਲਾਲ, ਡਾ: ਜਸਵਿੰਦਰ ਸਿੰਘ, ਸਰਪੰਚ ਦਰਸਨਾ ਦੇਵੀ, ਰਾਮ ਸਰੂਪ ਪੰਚ, ਸੁਨੀਲ ਕੁਮਾਰ ਪੰਚ, ਸਾਬਕਾ ਸਰਪੰਚ ਰਾਮ ਪਾਲ, ਜੀਵਨ ਕੁਮਾਰ, ਬਲਦੀਪ ਚੰਦ, ਪ੍ਰਕਾਸ਼ ਚੰਦ, ਸੋਮ ਨਾਥ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾ ਕੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ।

No comments: