ਨਵੀਂ ਦਿੱਲੀ—ਭਾਰਤ ਅਤੇ ਚੀਨੀ ਫੌਜ ਵਿਚਕਾਰ ਤਣਾਅ ਦੀ ਸਥਿਤੀ ਲਗਾਤਾਰ ਕਾਇਮ ਹੈ। ਇਸੇ ਤਣਾਅ ਦੌਰਾਨ ਬੀਤੇ ਹਫਤੇ ਭਾਰਤ ਅਤੇ ਚੀਨ ਦੇ ਫੌਜੀਆਂ ਦਾ ਆਹਮਣਾ-ਸਾਹਮਣਾ ਹੋ ਗਿਆ ਪਰ ਇਹ ਤਣਾਅ ਰਸਗੁੱਲੇ ਅਤੇ ਬੀਅਰ ਦੇ ਲੈਣ-ਦੇਣ ਨਾਲ ਖਤਮ ਹੋਇਆ।
ਸੂਤਰਾਂ ਅਨੁਸਾਰ ਦੋਹਾਂ ਦੇਸ਼ਾਂ ਦੇ ਫੌਜੀਆਂ ਦਾ ਸਾਹਮਣਾ ਪੂਰਬੀ ਸਿੱਕਮ 'ਚ 16 ਹਜ਼ਾਰ ਫੁੱਟ ਦੀ ਉਚਾਈ 'ਤੇ ਤੰਗਕਾਰ ਲਾਅ ਦਰੇ ਦੇ ਕੋਲ ਹੋਇਆ। ਭਾਰਤੀ ਫੌਜੀਆਂ ਨੇ ਦੇਖਿਆ ਕਿ ਚੀਨ ਦਾ ਇਕ ਗਸ਼ਤੀ ਦਲ ਭਾਰਤੀ ਖੇਤਰ 'ਚ ਪ੍ਰਵੇਸ਼ ਕਰ ਗਿਆ ਹੈ। ਇਸ ਦਲ 'ਚ ਇਕ ਨੌਜਵਾਨ ਲੈਫਟੀਨੈਂਟ ਤੋਂ ਇਲਾਵਾ 9 ਜਵਾਨ ਸ਼ਾਮਲ ਸਨ। ਭਾਰਤੀ ਗਸ਼ਤੀ ਦਲ ਨੇ ਚੀਨੀ ਫੌਜੀਆਂ ਨੂੰ ਰੋਕਿਆ ਅਤੇ ਵਾਪਸ ਆਪਣੇ ਖੇਤਰ 'ਚ ਜਾਣ ਲਈ ਕਿਹਾ। ਇਸ ਸਮੇਂ ਦੋਹਾਂ ਪੱਖਾਂ ਨੇ ਸ਼ਾਂਤਮਈ ਢੰਗ ਨਾਲ ਨਿਰਧਾਰਤ ਬੈਨਰ ਡ੍ਰਿਲ ਦਾ ਪਾਲਣ ਕੀਤਾ। ਜਾਣਕਾਰੀ ਅਨੁਸਾਰ ਚੀਨ ਦੇ ਫੌਜੀਆਂ ਨੇ ਵਾਪਸ ਜਾਂਦੇ ਸਮੇਂ ਭਾਰਤੀ ਫੌਜੀਆਂ ਨੂੰ ਬੀਅਰ ਦੇ ਕੈਨ ਦਿੱਤੇ, ਜਦੋਂ ਕਿ ਭਾਰਤੀ ਫੌਜੀਆਂ ਨੇ ਉਨ੍ਹਾਂ ਨੂੰ ਰਸਗੁੱਲੇ ਦੇ ਪੈਕ ਦਿੱਤੇ। ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਦੋਹਾਂ ਪੱਖਾਂ 'ਚ ਚੀਜ਼ਾਂ ਦਾ ਲੈਣ-ਦੇਣ ਹੋਇਆ। ਇਸ ਤੋਂ ਪਹਿਲਾਂ ਵੀ ਚੁਮਾਰ 'ਚ ਭਾਰਤੀ ਸਰਹੱਦ 'ਚ ਦਾਖਲ ਹੋਏ ਚੀਨੀ ਫੌਜੀਆਂ ਨੇ ਭਾਰਤ ਦੀ ਗਸ਼ਤ ਪਾਰਟੀ ਨੂੰ ਰੋਟੀ ਦੀ ਮੰਗ ਕੀਤੀ ਸੀ। ਇਸ 'ਤੇ ਭਾਰਤੀ ਫੌਜੀਆਂ ਨੇ ਉਨ੍ਹਾਂ ਨੂੰ ਪੀਣ ਲਈ ਜੂਸ ਦਿੱਤਾ ਸੀ। ਜ਼ਿਕਰਯੋਗ ਹੈ ਭਾਰਤ ਅਤੇ ਚੀਨ ਦਰਮਿਆਨ ਸਾਢੇ ਚਾਰ ਹਜ਼ਾਰ ਕਿਲੋਮੀਟਰ ਤੋਂ ਵੀ ਲੰਬੀ ਅਸਲ ਕੰਟਰੋਲ ਰੇਖਾ ਹੈ, ਜਿਸ ਕਾਰਨ ਦੋਹਾਂ ਦੇਸ਼ਾਂ ਦੇ ਫੌਜੀ ਆਪਣੀ ਧਾਰਣਾ ਅਨੁਸਾਰ ਗਸ਼ਤ ਕਰਦੇ ਹਨ ਅਤੇ ਅਜਿਹੇ 'ਚ ਉਹ ਕਈ ਵਾਰ ਇਕ-ਦੂਜੇ ਦੇ ਸਾਹਮਣੇ ਹੋ ਜਾਂਦੇ ਹਨ।