ਮਾਲੇਰਕੋਟਲਾ,(ਜ਼ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਆਲੋਚਨਾ ਕਰਨ 'ਤੇ ਅਕਾਲੀ ਲੀਡਰਸ਼ਿਪ ਉਤੇ ਪਲਟਵਾਰ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਨੇ ਅਕਾਲੀਆਂ ਨੂੰ ਤਿਆਗ ਦੀ ਮਿਸਾਲ ਕਾਇਮ ਕਰਨ ਵਾਲੇ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਕਾਰਜਸ਼ੈਲੀ ਤੋਂ ਸਬਕ ਸਿੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਵਲੋਂ ਬਾਦਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਚਲਾਈ ਜਾ ਰਹੀ ਜਨ-ਸੰਪਰਕ ਮੁਹਿੰਮ ਨੂੰ ਮਿਲ ਰਹੀ ਸਫਲਤਾ ਦੇਖ ਕੇ  ਅਕਾਲੀ ਬੌਖਲਾ ਗਏ ਹਨ।
ਉਨ੍ਹਾਂ ਨੇੜਲੇ ਪਿੰਡ ਜਿਤਵਾਲ ਕਲਾਂ ਵਿਖੇ ਜਸਵੰਤ ਸਿੰਘ ਗੱਜਣਮਾਜਰਾ ਮੁਖੀ ਤਾਰਾ ਗਰੁੱਪ ਆਫ ਇੰਡਸਟਰੀ ਵਲੋਂ ਰੱਖੇ ਗਏ ਸਨਮਾਨ ਸਮਾਰੋਹ ਮੌਕੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜਦ ਚਾਹੁਣ ਸੱਤਾ ਵਿਚ ਆ ਸਕਦੇ ਹਨ ਪਰ ਉਹ ਸੱਤਾ ਤੋਂ ਬਾਹਰ ਰਹਿ ਕੇ ਆਮ ਲੋਕਾਂ ਤੇ ਦੇਸ਼ ਲਈ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ। ਸੋਨੀਆ ਗਾਂਧੀ, ਰਾਹੁਲ ਅਤੇ ਡਾ. ਮਨਮੋਹਨ ਸਿੰਘ ਦੀ ਯੋਗ ਅਗਵਾਈ ਵਿਚ ਯੂ. ਪੀ. ਏ. ਸਰਕਾਰ ਦੀਆਂ ਸਰਵਪੱਖੀ ਵਿਕਾਸ, ਵਿਦੇਸ਼ੀ, ਆਰਥਿਕ ਅਤੇ ਗਰੀਬ ਪੱਖੀ ਨੀਤੀਆਂ ਕਾਰਨ ਵਿਸ਼ਵ ਪੱਧਰ 'ਤੇ ਭਾਰਤ ਦੀ ਸਾਖ ਵਧੀ ਹੈ। ਰਾਹੁਲ ਵਲੋਂ ਆਮ ਲੋਕਾਂ ਤੇ ਗਰੀਬਾਂ ਲਈ ਇਕ ਸੈਨਿਕ ਦੀ ਭੂਮਿਕਾ ਨਿਭਾਉਣ ਨਾਲ ਜਿੱਥੇ ਕਾਂਗਰਸ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਰਿਹਾ ਹੈ, ਉਥੇ ਹੀ ਐੱਨ. ਡੀ. ਏ. ਵਲੋਂ ਪ੍ਰਧਾਨ ਮੰਤਰੀ ਲਈ ਉਮੀਦਵਾਰ ਨਰਿੰਦਰ ਮੋਦੀ ਦਾ ਫਿਰਕਾਪ੍ਰਸਤੀ ਤੇ ਸਿੱਖ ਕਿਸਾਨਾਂ ਵਿਰੋਧੀ ਹੋਣ ਕਾਰਨ ਉਸ ਦਾ ਤਲਿਸਮ ਟੁੱਟ ਚੁੱਕਾ ਹੈ ਤੇ ਉਸ ਦਾ ਤੇਜ਼ੀ ਨਾਲ ਹੇਠਾਂ ਡਿਗਦਾ ਸਿਆਸੀ ਗਰਾਫ਼ ਵੇਖ ਕੇ ਅਕਾਲੀ-ਭਾਜਪਾ ਆਗੂਆਂ 'ਚ ਘਬਰਾਹਟ ਸਪੱਸ਼ਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਅਤੇ ਕਬਾਇਲੀ ਲੋਕਾਂ ਦੇ ਭਲੇ ਲਈ ਕੀਤੇ ਗਏ ਕੰਮਾਂ ਉਪਰੰਤ ਹੁਣ ਖੁਰਾਕ ਸੁਰੱਖਿਆ ਕਾਨੂੰਨ ਅਤੇ ਜ਼ਮੀਨ ਹਾਸਲ ਕਰਨ ਤੇ ਉਸ ਦਾ ਯੋਗ ਮੁਆਵਜ਼ਾ ਦੇਣ ਦੀਆਂ ਲੋਕ-ਪੱਖੀ ਨੀਤੀਆਂ ਕਾਰਨ 2014 ਵਿਚ ਵੀ ਮੁੜ ਕਾਂਗਰਸ ਨੂੰ ਸੱਤਾ ਸੌਂਪਣ ਦਾ ਲੋਕਾਂ ਨੇ ਮਨ ਬਣਾ ਲਿਆ ਹੈ। ਉਨ੍ਹਾਂ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਉਜਾੜਨ 'ਤੇ ਤੁਲੇ ਮੋਦੀ ਨੂੰ ਬਾਦਲਾਂ ਵਲੋਂ ਕਲੀਨ ਚਿੱਟ ਦੇਣ ਦੀ ਵੀ ਸਖ਼ਤ ਆਲੋਚਨਾ ਕਰਦਿਆਂ ਮੋਦੀ 'ਤੇ ਸੁਪਰੀਮ ਕੋਰਟ 'ਚ ਪਾਈ ਗਈ ਐੱਸ. ਐੱਲ. ਪੀ. ਵਾਪਸ ਕਰਾਉਣ ਨੂੰ ਕਿਹਾ।
ਉਨ੍ਹਾਂ ਪੰਜ ਭਾਰਤੀ ਸੈਨਿਕਾਂ ਦੀ ਜੰਮੂ-ਕਸ਼ਮੀਰ ਸਰਹੱਦ 'ਤੇ ਹੋਈ ਸ਼ਹਾਦਤ 'ਤੇ ਸਿਆਸਤ ਕਰਨ ਲਈ ਅਕਾਲੀ ਲੀਡਰਸ਼ਿਪ ਨੂੰ ਲੰਮੇ ਹੱਥੀਂ ਲੈਂਦਿਆਂ ਉਕਤ ਮੁੱਦੇ 'ਤੇ ਸਿਆਸੀ ਰੋਟੀਆਂ ਸੇਕ ਕੇ ਆਪਣੀ ਸੰਵੇਦਨਸ਼ੀਲਤਾ ਨਾ ਗੁਆਉਣ ਲਈ ਕਿਹਾ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਨੂੰ ਮਜੀਠੀਆ ਪਰਿਵਾਰ ਵਲੋਂ ਭੂ-ਮਾਫੀਆ ਨਾਲ ਮਿਲ ਕੇ ਹਰਿਆਣੇ ਵਿਚ ਲੋਕਾਂ ਦੀਆਂ ਜਾਇਦਾਦਾਂ 'ਤੇ ਜਬਰੀ ਕਬਜ਼ੇ ਕਰਨ ਸੰਬੰਧੀ ਅਦਾਲਤ ਵਿਚ ਇਕ ਵਿਅਕਤੀ ਵਲੋਂ ਹਾਈਕੋਰਟ 'ਚ ਪਾਈ ਰਿੱਟ ਪਟੀਸ਼ਨ ਸੰਬੰਧੀ ਜਵਾਬ ਦੇਣ ਲਈ ਵੀ ਕਿਹਾ। ਇਸ ਮੌਕੇ ਜਸਵੰਤ ਸਿੰਘ ਗੱਜਣਮਾਜਰਾ ਤੋਂ ਇਲਾਵਾ ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਨਿਰਭੈ ਸਿੰਘ, ਰਘਵੀਰ ਸਿੰਘ ਬਾਲੇਵਾਲ, ਪੰਚ ਭਿੰਦਰ ਸਿੰਘ ਬਿਜੋਕੀ, ਗੁਰਪਾਲ ਸਿੰਘ ਉਪੋਕੀ, ਅਬਦੁੱਲਾ ਖਾਂ, ਨਿਰਭੈ ਸਿੰਘ ਨੱਥੋਮਾਜਰਾ, ਸੱਤਾਰ ਮੁਹੰਮਦ ਐਡਵੋਕੇਟ, ਆਤਮਾ ਸਿੰਘ ਤੇ ਜਵਾਲਾ ਸਿੰਘ ਚੇਅਰਮੈਨ ਆਦਿ ਵੀ ਮੌਜੂਦ ਸਨ।