www.sabblok.blogspot.com
ਪਟਿਆਲਾ : ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੀਆਂ ਦੋਗਲੀਆਂ ਨੀਤੀਆਂ 'ਤੇ ਚਲ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਪੰਜਾਬ 'ਚ ਇਨ੍ਹੀਂ ਦਿਨੀਂ ਫੈਲ ਰਹੀਆਂ ਕਾਲਾ ਕੱਛਾ ਗਿਰੋਹ ਦੀਆਂ ਅਫ਼ਵਾਹਾਂ ਪਿੱਛੇ ਵੀ ਬਾਜਵਾ ਅਤੇ ਕਾਂਗਰਸ ਦਾ ਹੱਥ ਹੋਣਾ ਦੱਸਦਿਆਂ ਕਿਹਾ ਕਿ ਇਹ ਅਫ਼ਵਾਹ ਵੀ ਕਾਂਗਰਸ ਦੀ ਹੀ ਇਕ ਕੋਝੀ ਸ਼ਰਾਰਤ ਹੈ, ਤਾਂ ਕਿ ਪੰਜਾਬ ਦੇ ਖੁਸ਼ਗਵਾਰ ਮਾਹੌਲ ਨੂੰ ਖ਼ਰਾਬ ਕਰਕੇ ਆਪਣੀਆਂ ਰਾਜਸੀ ਰੋਟੀਆਂ ਸੇਕੀਆਂ ਜਾ ਸਕਣ। ਸ. ਮਜੀਠੀਆ ਕੱਲ ਪਟਿਆਲਾ ਦੇ ਵਾਈ. ਪੀ. ਐੱਸ. ਸਟੇਡੀਅਮ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸ. ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਲੋਕ ਸਭਾ ਮੈਂਬਰਾਂ 'ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਪੰਜਾਬ 'ਚੋਂ ਇਕੱਤਰ ਹੁੰਦੇ ਟੈਕਸਾਂ 'ਚੋਂ 70 ਫੀਸਦੀ ਕੇਂਦਰ ਸਰਕਾਰ ਲੈ ਜਾਂਦੀ ਹੈ ਅਤੇ ਉਸ ਵਿਚੋਂ ਕੇਂਦਰ ਵਲੋਂ ਪੰਜਾਬ ਨੂੰ ਕੇਵਲ 1.38 ਫੀਸਦੀ ਹਿੱਸਾ ਹੀ ਦਿੱਤਾ ਜਾਂਦਾ ਹੈ ਪਰ ਕਾਂਗਰਸੀ ਐੱਮ. ਪੀਜ਼ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹਿੰਦੇ ਹਨ। ਉਨ੍ਹਾਂ ਸ. ਬਾਜਵਾ ਨੂੰ ਸਵਾਲ ਕੀਤਾ ਕਿ ਉਹ ਇਹ ਦੱਸਣ ਕਿ ਉਨ੍ਹਾਂ ਨੇ ਆਪਣੀ ਟੁੱਟੀ-ਭੱਜੀ ਪ੍ਰਧਾਨਗੀ ਦਾ ਪ੍ਰਾਜੈਕਟ ਲੈਣ ਤੋਂ ਸਿਵਾਏ ਆਪਣੇ ਇਲਾਕੇ ਮਾਝੇ ਜਾਂ ਪੂਰੇ ਪੰਜਾਬ ਲਈ ਕਿਹੜਾ ਵਿਸ਼ੇਸ਼ ਪ੍ਰਾਜੈਕਟ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਬੀਬੀ ਪਰਨੀਤ ਕੌਰ ਦੱਸਣ ਕਿ ਉਨ੍ਹਾਂ ਨੇ ਪਟਿਆਲਾ ਲਈ ਕੀ ਕੀਤਾ। ਸ਼੍ਰੀ ਮੁਨੀਸ਼ ਤਿਵਾੜੀ ਦੱਸਣ ਕਿ ਉਨ੍ਹਾਂ ਉਦਯੋਗਿਕ ਸ਼ਹਿਰ ਲੁਧਿਆਣਾ 'ਚ ਇਕ ਐੱਫ. ਐੱਮ. ਰੇਡੀਓ ਲਿਆਉਣ ਤੋਂ ਇਲਾਵਾ ਹੋਰ ਕੀ ਲਿਆਂਦਾ ਅਤੇ ਬੀਬੀ ਸੰਤੋਸ਼ ਚੌਧਰੀ ਨੇ ਕੇਵਲ 108 ਐਂਬੂਲੈਂਸਾਂ ਤੋਂ ਸ. ਬਾਦਲ ਦੀਆਂ ਤਸਵੀਰਾਂ ਉਤਰਵਾਉਣ ਦੇ ਬਿਆਨ ਦੇਣ ਤੋਂ ਇਲਾਵਾ ਹੋਰ ਪੰਜਾਬ ਲਈ ਕੀ ਲਿਆ ਕੇ ਦਿੱਤਾ? ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਨਾਮ 'ਤੇ ਜਿਹੜੀ ਵੀ ਸਕੀਮ ਲਾਗੂ ਹੋਈ, ਉਹ ਹੀ ਫੇਲ ਹੋਈ ਹੈ ਜਦਕਿ ਅਕਾਲੀ-ਭਾਜਪਾ ਕੋਲ ਅਨੇਕਾਂ ਅਜਿਹੇ ਪ੍ਰਾਜੈਕਟ ਹਨ, ਜੋ ਉਨ੍ਹਾਂ ਨੇ ਪੰਜਾਬ ਦੀ ਤਰੱਕੀ ਲਈ ਸ਼ੁਰੂ ਕੀਤੇ ਹਨ। ਪੱਤਰਕਾਰਾਂ ਵਲੋਂ ਪੁੱਛੇ ਇਕ ਸੁਆਲ ਦੇ ਜ਼ੁਆਬ 'ਚ ਸ. ਮਜੀਠੀਆ ਨੇ ਕਿਹਾ ਕਿ ਬਾਜਵਾ ਗੁਜਰਾਤ ਹੋਟਲ ਕਾਂਡ ਅਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਖ਼ਿਲਾਫ਼ ਮੁੜ ਜਾਂਚ ਖੋਲ੍ਹਣ ਦਾ ਵਿਰੋਧ ਕਰਨ ਦੇ ਮੁੱਦੇ 'ਤੇ ਵੀ ਕਾਂਗਰਸ ਦੀ ਦੋਗਲੀ ਨੀਤੀ 'ਤੇ ਹੀ ਚੱਲੇ ਸਨ ਅਤੇ ਹੁਣ ਫਿਰ ਪੰਜਾਬ 'ਚ ਲੋਕਾਂ ਨੂੰ ਕਾਲਾ ਕੱਛਾ ਗਿਰੋਹ ਦੇ ਮੁੱਦੇ 'ਤੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਮਨ-ਕਾਨੂੰਨ ਤੇ ਆਪਸੀ ਭਾਈਚਾਰਕ ਸਾਂਝ ਦੀ ਸਥਿਤੀ 'ਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਚੰਗਾ ਸਥਾਨ ਦਿੱਤਾ ਹੈ ਤਾਂ ਬਾਜਵਾ ਕੋਝੀ ਕਿਸਮ ਦੀਆਂ ਸ਼ਰਾਰਤੀ ਹਰਕਤਾਂ 'ਤੇ ਕਿਉਂ ਉਤਾਰੂ ਹੋ ਕੇ ਕਾਲਾ ਕੱਛਾ ਗਿਰੋਹ ਦੀਆਂ ਅਫ਼ਵਾਹਾਂ ਫੈਲਾਅ ਰਹੇ ਹਨ। ਪੱਤਰਕਾਰਾਂ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੁੰਮਸ਼ੁਦਗੀ ਬਾਰੇ ਪਟਿਆਲਾ 'ਚ ਲੱਗੇ ਪੋਸਟਰਾਂ ਸਬੰਧੀ ਪੁੱਛੇ ਸਵਾਲ ਦੇ ਜੁਆਬ 'ਚ ਸ. ਮਜੀਠੀਆ ਨੇ ਕਿਹਾ ਕਿ ਉਹ ਅਜਿਹੀ ਕਾਰਵਾਈ ਦੀ ਨਿੰਦਾ ਕਰਦੇ ਹਨ। ਕਾਂਗਰਸ ਵਲੋਂ ਰਾਜ ਵਿਚ ਖਾਨਾਂ ਦੇ ਗੈਰ-ਕਾਨੂੰਨੀ ਖਣਨ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜੁਆਬ 'ਚ ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਕਿਸੇ ਕਿਸਮ ਦੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਅਤੇ ਇਸ ਮੁੱਦੇ 'ਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ। ਇਸ ਮੌਕੇ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸੁਰਜੀਤ ਸਿੰਘ ਕੋਹਲੀ, ਅਜਾਇਬ ਸਿੰਘ ਮੁਖਮੇਲਪੁਰ, ਵਿਧਾਇਕ ਸ਼ੁਤਰਾਣਾ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ, ਵਿਧਾਇਕ ਘਨੌਰ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਸਾਬਕਾ ਮੈਂਬਰ ਰਾਜ ਸਭਾ ਬੀਬਾ ਅਮਰਜੀਤ ਕੌਰ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਦੀਪਿੰਦਰ ਸਿੰਘ ਢਿੱਲੋਂ, ਉੱਘੇ ਪ੍ਰਵਾਸੀ ਭਾਰਤੀ ਚਰਨਜੀਤ ਸਿੰਘ ਧਾਲੀਵਾਲ, ਹਰਪਾਲ ਜੁਨੇਜਾ, ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਸਤਵਿੰਦਰ ਸਿੰਘ ਟੌਹੜਾ, ਨਰਦੇਵ ਸਿੰਘ ਆਕੜੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਿੰਦਰਪਾਲ ਸਿੰਘ ਟੌਹੜਾ, ਹਰਵਿੰਦਰ ਸਿੰਘ ਹਰਪਾਲਪੁਰ, ਹਰਮੀਤ ਸਿੰਘ ਪਠਾਣਮਾਜਰਾ ਸਮੇਤ ਹੋਰ ਆਗੂ ਵੀ ਮੌਜੂਦ ਸਨ।
No comments:
Post a Comment