ਦੇਹਰਾਦੂਨ-ਪੂਰਾ ਦੇਸ਼ 15 ਅਗਸਤ ਵਾਲੇ ਦਿਨ ਜਿੱਥੇ ਜਸ਼ਨ-ਏ-ਆਜ਼ਾਦੀ 'ਚ ਡੁੱਬਿਆ ਹੋਇਆ ਸੀ, ਉੱਥੇ ਹੀ ਕੁਝ ਨੇਤਾ ਅਜਿਹੇ ਵੀ ਸਨ, ਜਿਨ੍ਹਾਂ ਦੇ ਦਿਲ 'ਚ ਤਿਰੰਗੇ ਲਈ ਕੋਈ ਸਨਮਾਨ ਨਹੀਂ ਦਿਖਾਈ ਦਿੱਤਾ। ਝੰਡਾ ਲਹਿਰਾਉਣ ਨੂੰ ਲੈ ਕੇ ਇਹ ਨੇਤਾ ਆਪਸ 'ਚ ਹੀ ਲੜ ਪਏ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਨੇਤਾ ਤਿਰੰਗੇ ਦਾ ਸਨਮਾਨ ਨਹੀਂ ਕਰਦੇ।
ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਹਿਲ ਸਟੇਸ਼ਨ ਮਸੂਰੀ 'ਚ ਝੰਡਾ ਲਹਿਰਾਉਣ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਦੇ ਨੇਤਾਵਾਂ 'ਚ ਝੜਪ ਹੋ ਗਈ। ਜਦੋਂ ਇਲਾਕੇ 'ਚ ਭਾਜਪਾ ਵਿਧਾਇਕ ਗਣੇਸ਼ ਜੋਸ਼ੀ ਸ਼ਹਿਰ ਦੇ ਗਾਂਧੀ ਚੌਕ 'ਚ ਇਕ ਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਮਸੂਰੀ ਨਗਰ ਨਿਗਮ ਦੇ ਮੁਖੀ ਮਨਮੋਹਨ ਸਿੰਘ ਮੱਲਾ ਅਤੇ ਉਸ ਦੇ ਸਮਰਥਕ ਉੱਥੇ ਪਹੁੰਚ ਗਏ ਅਤੇ ਫਿਰ ਝੰਡਾ ਲਹਿਰਾਉਣ ਲਈ ਇਨ੍ਹਾਂ ਵਿਧਾਇਕਾਂ 'ਚ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਦੋਹਾਂ ਨੇ ਝੰਡੇ ਦੀ ਰੱਸੀ ਖਿੱਚਣ ਦੀ ਕੋਸਿਸ਼ ਕੀਤੀ, ਜਿਸ ਕਾਰਨ ਇੱਥੇ ਆਏ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭੀੜ 'ਚ ਮੌਜੂਦ ਕੁਝ ਲੋਕਾਂ ਨੇ ਸਲਾਹ ਦਿੱਤੀ ਕਿ ਇਨ੍ਹਾਂ ਨੇਤਾਵਾਂ ਨੂੰ ਇਕੱਠੇ ਹੀ ਝੰਡਾ ਲਹਿਰਾਉਣ ਦੇਣਾ ਚਾਹੀਦਾ ਹੈ ਅਤੇ ਲੜਾਈ ਬੰਦ ਕਰਾਉਣੀ ਚਾਹੀਦੀ ਹੈ ਪਰ ਇਸ 'ਤੇ ਵੀ ਇਹ ਝਗੜਾ ਖਤਮ ਨਹੀਂ ਹੋਇਆ। ਇਸ ਤੋਂ ਬਾਅਦ ਇਕ ਬੱਚੀ ਨੂੰ ਸਟੇਜ 'ਤੇ ਲਿਆਂਦਾ ਗਿਆ, ਜਿਸ ਨੇ ਝੰਡਾ ਲਹਿਰਾ ਦਿੱਤਾ।