ਰੋਹਤਕ-ਆਂਧਰਾ ਪ੍ਰਦੇਸ਼ ਹਨੂੰਮਾਨ ਜੰਕਸ਼ਨ ਪਿੰਡ ਦੇ ਇਕ ਸਰਪੰਚ ਨੇ ਮੁਰਾਹ ਨਸਲ ਦੀ ਮੱਝ ਨੂੰ ਮਰਸੀਡੀਜ਼ ਕਾਰ ਤੋਂ ਵੀ ਮਹਿੰਗੀ ਕੀਮਤ 'ਤੇ ਖਰੀਦ ਕੇ ਇਕ ਰਿਕਾਰਡ ਕਾਇਮ ਕਰ ਦਿੱਤਾ ਹੈ। ਉਸ ਨੇ ਇਸ ਮੱਝ ਨੂੰ ਹਰਿਆਣਾ ਦੇ ਇਕ ਕਿਸਾਨ ਤੋਂ 25 ਲੱਖ ਰੁਪਏ 'ਚ ਖਰੀਦਿਆ ਸੀ। ਜ਼ਿਕਰਯੋਗ ਹੈ ਕਿ ਸੂਬੇ 'ਚ ਕਿਸੇ ਵੀ ਮੱਝ ਦੀ ਇੰਨੀ ਕੀਮਤ ਕਦੇ ਨਹੀਂ ਲੱਗੀ ਸੀ। ਇਸ ਮੱਝ ਦੀ ਖਾਸੀਅਤ ਇਹ ਹੈ ਕਿ ਇਕ ਦਿਨ 'ਚ ਇਹ 30 ਤੋਂ 32 ਲੀਟਰ ਦੁੱਧ ਦਿੰਦੀ ਹੈ। ਇਹ ਮੱਝ ਬਹੁਤ ਸਾਰੇ ਮੁਕਾਬਲਿਆਂ 'ਚ ਹਿੱਸਾ ਲੈ ਚੁੱਕੀ ਹੈ ਅਤੇ ਲੱਖਾਂ ਦੇ ਇਨਾਮ ਜਿੱਤ ਚੁੱਕੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿੰਘਵਾ ਪਿੰਡ ਦੇ ਕਿਸਾਨ ਕਪੂਰ ਸਿੰਘ ਨੇ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਇਸ ਮੱਝ ਨੂੰ ਢਾਈ ਲੱਖ ਰੁਪਏ 'ਚ ਖਰੀਦਿਆ ਸੀ ਅਤੇ ਇਹ ਮੱਝ ਹੁਣ ਤੱਕ ਦੁੱਧ ਮੁਕਾਬਲਿਆਂ 'ਚ ਬਹੁਤ ਸਾਰੇ ਇਨਾਮ ਜਿੱਤ ਚੁੱਕੀ ਹੈ, ਇਸ ਲਈ ਉਸ ਨੇ ਇਸ ਦਾ ਨਾਂ ਲਕਸ਼ਮੀ ਰੱਖਿਆ ਸੀ। ਕਪੂਰ ਸਿੰਘ ਨੇ ਦੱਸਿਆ ਕਿ ਉਹ ਮੱਝ ਵੇਚਣੀ ਨਹੀਂ ਚਾਹੁੰਦਾ ਸੀ ਪਰ ਆਂਧਰਾ ਪ੍ਰਦੇਸ਼ ਦੇ ਹਨੂੰਮਾਨ ਜੰਕਸ਼ਨ ਪਿੰਡ ਦੇ ਸਰਪੰਚ ਨੂੰ ਕੁਝ ਪਸ਼ੂ ਵਪਾਰੀ ਉਸ ਦੇ ਘਰ ਲੈ ਆਏ ਅਤੇ ਕਪੂਰ ਸਿੰਘ ਨੇ ਉਸ ਕੋਲੋਂ ਮੱਝ ਦੀ ਕੀਮਤ 25 ਲੱਖ ਰੁਪਏ ਮੰਗੀ। ਰਾਜੀਵ ਨੂੰ ਮੱਝ ਇੰਨੀ ਪਸੰਦ ਆਈ ਕਿ ਉਸ ਨੇ ਤੁਰੰਤ ਹੀ ਇਹ ਸੌਦਾ ਪੱਕਾ ਕਰ ਲਿਆ। ਇਹ ਮੱਝ ਲਕਸ਼ਮੀ ਜੀਂਦ 'ਚ ਹੋਈ ਪਸ਼ੂ ਪ੍ਰਦਰਸ਼ਨੀ 'ਚ ਰੈਂਪ 'ਤੇ ਵੀ ਜਲਵਾ ਦਿਖਾ ਚੁੱਕੀ ਹੈ।