ਮੈਲਬੋਰਨ - ਪੂਰੀ ਦੁਨੀਆ 'ਚ ਸਾਫ-ਸੁਥਰੀ ਗਾਇਕੀ ਕਾਰਨ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਵਾਰਿਸ ਭਰਾ 'ਪੰਜਾਬੀ ਵਿਰਸਾ-2013' ਲੜੀ ਅਧੀਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਧਮਾਲਾਂ ਪਾਉਣਗੇ। ਇਸ ਲੜੀ ਅਧੀਨ ਦੋਹਾਂ ਦੇਸ਼ਾਂ 'ਚ 9 ਸ਼ੋਅ ਕੀਤੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ 'ਸੀਗ' ਕੰਪਨੀ ਦੇ ਮੁੱਖ ਪ੍ਰਬੰਧਕ ਨੀਲੂ ਦੁੱਗਲ ਅਤੇ ਜਤਿੰਦਰ ਵਿੱਕੀ ਨੇ ਦੱਸਿਆ ਕਿ ਪੰਜਾਬੀ ਵਿਰਸੇ ਦਾ ਪਹਿਲਾ ਸ਼ੋਅ 11 ਅਗਸਤ ਨੂੰ ਕੇਨਬਰਾ, 14 ਅਗਸਤ ਨੂੰ ਵੁਲਗੂਲਗਾ, 18 ਅਗਸਤ ਨੂੰ ਬ੍ਰਿਸਬੇਨ, 24 ਅਗਸਤ ਨੂੰ ਸਿਡਨੀ, 25 ਅਗਸਤ ਨੂੰ ਐਡੀਲੇਡ, 30 ਅਗਸਤ ਨੂੰ ਆਕਲੈਂਡ, 1 ਸਤੰਬਰ ਨੂੰ ਪਰਥ, 6 ਸਤੰਬਰ ਨੂੰ ਗ੍ਰਿਫਿਥ ਅਤੇ 8 ਸਤੰਬਰ ਨੂੰ ਆਖਰੀ ਸ਼ੋਅ ਮੈਲਬੋਰਨ 'ਚ ਹੋਵੇਗਾ। ਇਸ ਸ਼ੋਅ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ। ਇਨ੍ਹਾਂ ਸ਼ੋਆਂ ਬਾਰੇ ਮਨਮੋਹਨ ਵਾਰਸ ਨੇ ਦੱਸਿਆ ਕਿ ਇਸ ਵਾਰ ਪੰਜਾਬੀ ਵਿਰਸਾ ਸਿਡਨੀ 'ਚ ਰਿਕਾਰਡ ਕਰਕੇ ਪੂਰੀ ਦੁਨੀਆ 'ਚ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਤਿੰਨੇ ਭਰਾ ਨਵੇਂ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬੀ ਵਿਰਸਾ ਸ਼ੋਆਂ ਕਾਰਨ ਪੰਜਾਬੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।