www.sabblok.blogspot.com
* ਕੁੱਲ 13 ਹਜ਼ਾਰ ਏਕੜ ਜ਼ਮੀਨ ’ਚੋਂ ਵਿੱਚੋਂ 9700 ਏਕੜ
ਰਕਬਾ ਸ਼੍ਰੋਮਣੀ ਕਮੇਟੀ ਕੋਲ
* ਬਾਜ਼ਾਰੀ ਭਾਅ ਤੋਂ ਕਿਤੇ ਘਟ ਠੇਕੇ ’ਤੇ ਦਿੱਤੀ ਜਾ ਰਹੀ ਜ਼ਮੀਨ
ਅੰਮ੍ਰਿਤਸਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਥੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਮੁੱਖ ਸੰਵਿਧਾਨਕ ਜਥੇਬੰਦੀ ਹੈ, ਉਥੇ ਗੁਰਧਾਮਾਂ ਦੇ ਨਾਂ ਲੱਗੀ ਹਜ਼ਾਰਾਂ ਏਕੜ ਜ਼ਮੀਨ-ਜਾਇਦਾਦ ਦੀ ਸਾਂਭ-ਸੰਭਾਲ ਕਰਨ ਵਾਲੀ ਸਭ ਤੋਂ ਵੱਡੀ ਸਿੱਖ ਸੰਸਥਾ ਵੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਇਸ ਵੇਲੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੇ ਗੁਰਧਾਮ ਆਉਂਦੇ ਹਨ। ਜਿਨ੍ਹਾਂ ਗੁਰਦੁਆਰਿਆਂ ਦੀ ਸਾਲਾਨਾ ਆਮਦਨ 20 ਲੱਖ ਰੁਪਏ ਤੋਂ ਵੱਧ ਹੈ, ਉਹ ਸਾਰੇ ਸਿੱਖ ਗੁਰਦੁਆਰਾ ਐਕਟ 1925 ਦੇ ਸੈਕਸ਼ਨ 85 ਹੇਠ ਆਉਂਦੇ ਹਨ ਅਤੇ ਇਨ੍ਹਾਂ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਇਸ ਤੋਂ ਘੱਟ ਆਮਦਨ ਵਾਲੇ ਗੁਰਦੁਆਰੇ ਸੈਕਸ਼ਨ 87 ਹੇਠ ਆਉਂਦੇ ਹਨ ਅਤੇ ਇਨ੍ਹਾਂ ਦੇ ਪ੍ਰਬੰਧ ਲਈ ਸਥਾਨਕ ਪੱਧਰ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਹਨ। ਇਸ ਵੇਲੇ ਸੈਕਸ਼ਨ 85 ਹੇਠ 79 ਗੁਰਦੁਆਰੇ ਹਨ, ਜਦੋਂਕਿ ਸੈਕਸ਼ਨ 87 ਹੇਠ 197 ਗੁਰਦੁਆਰੇ ਹਨ ਜਿਨ੍ਹਾਂ ਵਿਚੋਂ 183 ਪੰਜਾਬ ਵਿਚ, 13 ਹਰਿਆਣਾ ਵਿਚ ਅਤੇ ਇਕ ਹਿਮਾਚਲ ਪ੍ਰਦੇਸ਼ ਵਿਚ ਹੈ।
ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆਉਂਦੇ 79 ਗੁਰਦੁਆਰਿਆਂ ਦੇ ਨਾਂ ਉਤੇ ਲਗਪਗ 13 ਹਜ਼ਾਰ ਏਕੜ ਜ਼ਮੀਨ ਹੈ, ਜਿਸ ਵਿਚੋਂ ਵਧੇਰੇ 80 ਫੀਸਦੀ ਜ਼ਮੀਨ ਪੰਜਾਬ ਅਤੇ ਬਾਕੀ ਹਰਿਆਣਾ ਵਿਚ ਹੈ। ਕੁਲ ਜ਼ਮੀਨ ਵਿਚੋਂ ਲਗਪਗ 75 ਫੀਸਦੀ ਜ਼ਮੀਨ ਭਾਵ 9700 ਏਕੜ ਰਕਬਾ ਸਿੱਧਾ ਗੁਰਦੁਆਰਿਆਂ ਦੇ ਨਾਂ ਹੋਣ ਕਾਰਨ ਉਹ ਸ਼੍ਰੋਮਣੀ ਕਮੇਟੀ ਦੀ ਮਲਕੀਅਤੀ ਹੇਠ ਹੈ, ਇਸ ਵਿੱਚੋਂ ਕੁਝ ਰਕਬੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਖੁਦ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਬਾਕੀ ਜ਼ਮੀਨ ਅਗਾਂਹ ਠੇਕੇ ’ਤੇ ਦਿੱਤੀ ਹੋਈ ਹੈ, ਜਦੋਂਕਿ ਲਗਪਗ 25 ਫੀਸਦੀ ਜ਼ਮੀਨ ਭਾਵ 3350 ਏਕੜ ਰਕਬਾ ਇਸ ਵੇਲੇ ਨਜਾਇਜ਼ ਕਬਜ਼ਿਆਂ ਹੇਠ ਹੈ, ਜਿਸ ਨੂੰ ਆਪਣੇ ਕਬਜ਼ੇ ਹੇਠ ਲੈਣ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਅਦਾਲਤਾਂ ਵਿਚ ਲਗਪਗ 200 ਮੁਕੱਦਮੇ ਲੜੇ ਜਾ ਰਹੇ ਹਨ। ਇਨ੍ਹਾਂ ਉਪਰ ਹਰ ਸਾਲ ਲੱਖਾਂ ਰੁਪਏ ਖਰਚ ਹੋ ਰਹੇ ਹਨ ਅਤੇ ਇਹ ਲੜਾਈ ਲੰਮੇ ਸਮੇਂ ਤੋਂ ਜਾਰੀ ਹੈ।
ਸ਼੍ਰੋਮਣੀ ਕਮੇਟੀ ਕੋਲ ਭਾਵੇਂ ਇਸ ਵੇਲੇ 13000 ਏਕੜ ਜ਼ਮੀਨ ਸਿੱਧੇ ਪ੍ਰਬੰਧ ਹੇਠ ਹੈ, ਪਰ ਇਸ ਵਿਚੋਂ 3350 ਏਕੜ ਜ਼ਮੀਨ ਵੱਖ ਵੱਖ ਥਾਵਾਂ ’ਤੇ ਮੁਜ਼ਾਰਿਆਂ ਕੋਲ ਨਾਜਾਇਜ਼ ਕਬਜੇ ਹੇਠ ਹੈ, ਜੋ ਇਸ ਜ਼ਮੀਨ ’ਤੇ ਵਾਹੀ ਕਰ ਰਹੇ ਹਨ ਅਤੇ ਇਹ ਜ਼ਮੀਨ ਉਹ ਆਪਣੇ ਨਾਂ ਹੋਣ ਦਾ ਦਾਅਵਾ ਕਰਦੇ ਹਨ। ਗੁਰੂ ਘਰ ਦੀਆਂ ਜ਼ਮੀਨਾਂ ’ਤੇ ਕਾਬਜ਼ ਇਨ੍ਹਾਂ ਲੋਕਾਂ ਨੂੰ ਸਿਆਸੀ ਸਮਰਥਨ ਵੀ ਪ੍ਰਾਪਤ ਹੈ ਅਤੇ ਇਹ ਸਿਆਸੀ ਸਮਰਥਨ ਦੇਣ ਵਾਲੇ ਕੋਈ ਹੋਰ ਨਹੀਂ ਸਗੋਂ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕਈ ਸਿਰਕੱਢ ਆਗੂ ਹਨ, ਜੋ ਖ਼ੁਦ ਵੀ ਸਿੱਖ ਹਨ। ਇਹ ਸਭ ਕੁਝ ਵੋਟ ਰਾਜਨੀਤੀ ਦਾ ਹਿੱਸਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਮੁਜ਼ਾਰਿਆਂ ਦੇ ਕਬਜ਼ੇ ਹੇਠਲੀ ਇਸ ਜ਼ਮੀਨ ਦਾ ਵਧੇਰੇ ਹਿੱਸਾ ਮਾਝੇ ਵਿਚ ਹੈ, ਜਿਸ ਨੂੰ ਸਿੱਖੀ ਦਾ ਧੁਰਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਵਿਚ ਆਉਂਦੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਦੀ 528 ਏਕੜ, ਗੁਰਦੁਆਰਾ ਤੇਜਾ ਕਲਾ ਦੀ 934 ਏਕੜ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ (ਅੰਮ੍ਰਿਤਸਰ) ਦੀ 1413 ਏਕੜ ਅਤੇ ਤਰਨ ਤਾਰਨ ਜ਼ਿਲ੍ਹੇ ਵਿਚ ਆਉਂਦੇ ਗੁਰਦੁਆਰਾ ਚੋਹਲਾ ਸਾਹਿਬ ਦੀ 362 ਏਕੜ ਜ਼ਮੀਨ ਸ਼ਾਮਲ ਹੈ। ਇਹ ਸਾਰੀ ਜ਼ਮੀਨ ਕੁਲ 3350 ਜ਼ਮੀਨ ਦਾ 3237 ਏਕੜ ਰਕਬਾ ਬਣਦੀ ਹੈ। ਇਸ ਤੋਂ ਇਲਾਵਾ ਕੁਝ ਜ਼ਮੀਨ ਅੱਜ ਵੀ ਮਹੰਤਾਂ ਦੇ ਕਬਜ਼ੇ ਹੇਠ ਹੈ। ਗੁਰੂ ਘਰਾਂ ਦੀ ਇਹ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਭਾਵੇਂ ਅਦਾਲਤੀ ਚਾਰਾਜੋਈ ਕੀਤੀ ਜਾ ਰਹੀ ਹੈ, ਪਰ ਇਹ ਜ਼ਮੀਨਾਂ ਨਾਜਾਇਜ਼ ਕਬਜ਼ਿਆਂ ਹੇਠ ਜਾਣ ਲਈ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖ ਸੰਸਥਾ ਹੀ ਜ਼ਿੰਮੇਵਾਰ ਹੈ। ਇਨ੍ਹਾਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਲਈ ਕਈ ਵਾਰ ਖ਼ੂਨੀ ਝੜਪਾਂ ਵੀ ਹੋ ਚੁੱਕੀਆਂ ਹਨ। ਮੁਜ਼ਾਰਿਆਂ ਨੇ ਇਨ੍ਹਾਂ ਜ਼ਮੀਨਾਂ ’ਤੇ ਕਾਸ਼ਤ ਕਰਦਿਆਂ ਚਲਾਕੀ ਨਾਲ ਇਨ੍ਹਾਂ ਦੀਆਂ ਗਿਰਦਾਵਰੀਆਂ ਆਪਣੇ ਨਾਂ ਕਰਵਾ ਲਈਆਂ ਅਤੇ ਇਨ੍ਹਾਂ ਨੂੰ ਅਗਾਂਹ ਵਧੇਰੇ ਉਚੇ ਰੇਟ ’ਤੇ ਠੇਕੇ ’ਤੇ ਦੇ ਦਿੱਤਾ ਗਿਆ। ਸਿੱਟੇ ਵਜੋਂ ਇਹ ਲੋਕ ਗੁਰੂ ਘਰ ਦੀਆਂ ਜ਼ਮੀਨਾਂ ਤੋਂ ਮੁਨਾਫ਼ਾ ਖਾ ਰਹੇ ਹਨ। ਇਸ ਨੂੰ ਪ੍ਰਬੰਧਕਾਂ ਦੀ ਕੋਤਾਹੀ ਹੀ ਆਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਦਾਨੀਆਂ ਵਲੋਂ ਗੁਰੂ ਘਰਾਂ ਨੂੰ ਅਮਾਨਤ ਵਜੋਂ ਭੇਟ ਕੀਤੀ ਗਈ ਹਜ਼ਾਰਾਂ ਏਕੜ ਜ਼ਮੀਨ ਨਾਜਾਇਜ਼ ਹੱਥਾਂ ਵਿਚ ਚਲੀ ਗਈ, ਜਿਸ ਨੂੰ ਮੁੜ ਪ੍ਰਾਪਤ ਕਰਨ ਲਈ ਹੁਣ ਲੰਮੀ ਜਦੋਜਹਿਦ ਕਰਨੀ ਪੈ ਰਹੀ ਹੈ। ਹੋਰ ਤਾਂ ਹੋਰ ਕਈ ਮੁਜ਼ਾਰੇ ਹੁਣ ਇਸ ਜ਼ਮੀਨ ਦਾ ਠੇਕਾ ਵੀ ਨਹੀਂ ਅਦਾ ਕਰ ਰਹੇ ਅਤੇ ਜੋ ਥੋੜ੍ਹੇ ਬਹੁਤ ਅਦਾ ਕਰ ਰਹੇ ਹਨ, ਉਹ ਮੌਜੂਦਾ ਠੇਕਾ ਰੇਟ ਦੀ ਤੁਲਨਾ ਵਿਚ ਨਾਂਮਾਤਰ ਹੈ। ਕਈ ਥਾਵਾਂ ’ਤੇ ਇਹ ਠੇਕਾ ਸਿਰਫ਼ ਪੰਜ ਤੋਂ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਦੇ ਹਿਸਾਬ ਨਾਲ ਆ ਰਿਹਾ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਥਾ ਦਾ ਪ੍ਰਬੰਧ ਸੰਭਾਲਣ ਮਗਰੋਂ ਇਨ੍ਹਾਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਠੇਕੇ ਦੇ ਰੇਟ ਵੀ ਵਧਾਏ ਹਨ। ਗੁਰਦੁਆਰਾ ਚੋਹਲਾ ਸਾਹਿਬ ਦੇ ਪ੍ਰਬੰਧ ਹੇਠ ਆਉਂਦੀ 362 ਏਕੜ ਜ਼ਮੀਨ ਵਿਚੋਂ ਪਹਿਲਾਂ ਕੁਝ ਜ਼ਮੀਨ ਦਾ ਠੇਕਾ 2004 ਤੋਂ 2008 ਤਕ ਸਿਰਫ਼ ਚਾਰ ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਮਿਲਦਾ ਸੀ। ਉਸ ਵੇਲੇ ਇਹ ਗੁਰਦੁਆਰਾ ਲੋਕਲ ਕਮੇਟੀ ਦੇ ਪ੍ਰਬੰਧ ਹੇਠ ਸੀ। 2008 ਤੋਂ 2010 ਤਕ ਇਹ ਠੇਕਾ ਦੋ ਗੁਣਾ ਅੱਠ ਹਜ਼ਾਰ ਰੁਪਿਆ ਵਧਾਇਆ ਗਿਆ ਅਤੇ 2010 ਤੋਂ ਬਾਅਦ ਹੁਣ ਇਥੇ 13000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕਾ ਮਿਲ ਰਿਹਾ ਹੈ। ਭਾਵੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਯਤਨਾਂ ਸਦਕਾ ਠੇਕੇ ਦਾ ਰੇਟ ਵਧਾਇਆ ਹੈ, ਪਰ ਇਸ ਖੇਤਰ ਵਿਚ ਜ਼ਮੀਨਾਂ ਦੇ ਠੇਕੇ ਦੇ ਰੇਟ ਔਸਤਨ 30,000 ਰੁਪਏ ਪ੍ਰਤੀ ਏਕੜ ਤਕ ਹਨ। ਇਹ ਜ਼ਮੀਨਾਂ ਟਿਊਬਵੈੱਲ ਅਤੇ ਨਹਿਰੀ ਪਾਣੀ ਵਾਲੀਆਂ ਹਨ, ਜਿਥੇ ਠੇਕੇ ਦਾ ਰੇਟ ਹੋਰ ਵੀ ਵਧੇਰੇ ਹੈ। ਤਰਨ ਤਾਰਨ ਜ਼ਿਲ੍ਹੇ ਦਾ ਇਹ ਇਲਾਕਾ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਤੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਪ੍ਰਭਾਵ ਵਾਲਾ ਹੈ।
ਡੇਰਾ ਬਾਬਾ ਗਾਂਧਾ ਸਿੰਘ, ਬਰਨਾਲਾ ਵਿਖੇ ਜ਼ਮੀਨਾਂ ਦਾ ਠੇਕਾ 2010-11 ਤਕ ਸਿਰਫ਼ 7700 ਰੁਪਏ ਪ੍ਰਤੀ ਏਕੜ ਸੀ, ਜੋ ਹੁਣ 30,000 ਰੁਪਏ ਪ੍ਰਤੀ ਏਕੜ ਤਕ ਵਧਾਇਆ ਗਿਆ। ਗੁਰਦਾਸਪੁਰ ਜ਼ਿਲ੍ਹੇ ਵਿਚ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਜਿਥੇ 528 ਏਕੜ ਜ਼ਮੀਨ ਮੁਜ਼ਾਰਿਆਂ ਦੇ ਕਬਜ਼ੇ ਹੇਠ ਹੈ, ਉਥੋਂ ਕੁਝ ਜ਼ਮੀਨ ਦਾ ਠੇਕਾ 2010-11 ਵਿਚ ਸਿਰਫ 10 ਹਜ਼ਾਰ ਰੁਪਏ ਪ੍ਰਤੀ ਏਕੜ ਮਿਲਦਾ ਸੀ, ਜੋ ਹੁਣ 18000 ਏਕੜ ਤਕ ਵਧਾਇਆ ਗਿਆ ਹੈ। ਇਹ ਇਲਾਕਾ ਵੀ ਵਧੇਰੇ ਨਹਿਰੀ ਪਾਣੀ ਤੇ ਟਿਊਬਵੈੱਲ ਨਾਲ ਸਿੰਜਾਈ ਵਾਲਾ ਹੈ, ਜਿਥੇ ਜ਼ਮੀਨਾਂ ਦੇ ਠੇਕੇ ਦੇ ਰੇਟ ਦੋ ਗੁਣਾ ਹਨ। ਇਹ ਇਲਾਕਾ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਤੇ ਸੁੱਚਾ ਸਿੰਘ ਲੰਗਾਹ ਦੇ ਪ੍ਰਭਾਵ ਵਾਲਾ ਹੈ। ਇਸੇ ਤਰ੍ਹਾਂ ਰਮਦਾਸ ਸਥਿਤ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਪ੍ਰਬੰਧ ਹੇਠ ਆਉਂਦੀ 1413 ਏਕੜ ਜ਼ਮੀਨ ਵਿਚੋਂ ਕੁਝ ਜ਼ਮੀਨ ਦਾ ਠੇਕਾ 2010 ਤਕ ਸਿਰਫ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮਿਲਦਾ ਸੀ ਜਦੋਂਕਿ ਹੁਣ ਇਹ ਠੇਕਾ ਵਧਾ ਕੇ 18500 ਰੁਪਏ ਪ੍ਰਤੀ ਏਕੜ ਕੀਤਾ ਗਿਆ ਹੈ, ਜੋ ਕਿ ਇਸ ਇਲਾਕੇ ਵਿਚ ਮੌਜੂਦਾ ਠੇਕੇ ਨਾਲੋਂ 30 ਫ਼ੀਸਦੀ ਘੱਟ ਹੈ। ਇਹ ਇਲਾਕਾ ਇਸ ਵੇਲੇ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੇ ਵਿਧਾਇਕ ਬੇਟੇ ਅਮਰਪਾਲ ਸਿੰਘ ਬੋਨੀ ਦੇ ਪ੍ਰਭਾਵ ਵਾਲਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਠੇਕੇ ’ਤੇ ਦਿੱਤੀ ਜਾਣ ਵਾਲੀ ਵਧੇਰੇ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਠੇਕੇ ’ਤੇ ਦਿੱਤਾ ਜਾਵੇ। ਖੁੱਲ੍ਹੀ ਬੋਲੀ ਰਾਹੀਂ ਜਿੰਨੀਆਂ ਵੀ ਜ਼ਮੀਨਾਂ ਠੇਕੇ ’ਤੇ ਦਿੱਤੀਆਂ ਗਈਆਂ ਹਨ, ਉਹ 30 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧ ਰੇਟ ’ਤੇ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਦੇ ਪ੍ਰਬੰਧ ਹੇਠ 300 ਤੋਂ ਵਧ ਦੁਕਾਨਾਂ ਵੀ ਹਨ, ਜਿਨ੍ਹਾਂ ਦਾ ਕਿਰਾਇਆ ਪਹਿਲਾਂ ਸਿਰਫ਼ 250-300 ਰੁਪਏ ਪ੍ਰਤੀ ਮਹੀਨਾ ਹੁੰਦਾ ਸੀ, ਜਿਸ ਨੂੰ ਹੁਣ 2500-3000 ਰੁਪਏ ਪ੍ਰਤੀ ਮਹੀਨਾ ਤਕ ਵਧਾਇਆ ਗਿਆ ਹੈ। ਕਈ ਦੁਕਾਨਾਂ ਜੋ ਦੁਕਾਨਦਾਰਾਂ ਨੇ ਅਗਾਂਹ ਪਗੜੀ ’ਤੇ ਦੇ ਦਿੱਤੀਆਂ ਹਨ, ਦਾ ਕਬਜ਼ਾ ਵੀ ਮੁੜ ਪ੍ਰਾਪਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਗਾਂਹ ਮੁੜ ਵੱਧ ਕਿਰਾਏ ’ਤੇ ਦਿੱਤਾ ਗਿਆ ਹੈ। ਇਸ ਨਾਲ ਗੁਰੂ ਘਰਾਂ ਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਹੁਣ ਆਪਣੀਆਂ ਜ਼ਮੀਨਾਂ ’ਤੇ ਬਾਗ ਲਾਏ ਜਾ ਰਹੇ ਹਨ। ਤਖ਼ਤ ਦਮਦਮਾ ਸਾਹਿਬ ਵਿਖੇ 10 ਏਕੜ ਰਕਬੇ ਵਿਚ ਅਮਰੂਦ ਦਾ ਬਾਗ ਤੇ ਦਸ ਏਕੜ ਰਕਬੇ ਵਿਚ ਕਿੰਨੂ ਦਾ ਬਾਗ ਸਥਾਪਤ ਕੀਤਾ ਗਿਆ ਹੈ। ਮਾਲਵਾ ਖੇਤਰ ਵਿਚ ਵੀ ਦਸ ਏਕੜ ਰਕਬੇ ਵਿਚ ਇਕ ਹੋਰ ਬਾਗ ਸਥਾਪਤ ਕਰਨ ਦੀ ਯੋਜਨਾ ਹੈ। ਪਟਿਆਲਾ ਸਥਿਤ ਸਰਕੜਾ ਫਾਰਮ ਵਿਖੇ ਸਫੈਦਾ ਅਤੇ ਬਰਮਾ ਟੀਕ ਦੇ ਦਰਖ਼ਤ ਲਾਏ ਗਏ ਹਨ। ਗੁਰਦੁਆਰਾ ਮਾਛੀਵਾੜਾ ਵਿਖੇ ਗੁਰੂ ਕਾਲ ਦੇ ਸਮੇਂ ਦਾ ਜੰਗਲ ਦਾ ਦ੍ਰਿਸ਼ ਪੇਸ਼ ਕਰਨ ਲਈ ਢਾਈ ਤਿੰਨ ਏਕੜ ਰਕਬੇ ਵਿਚ ਜੰਡ, ਪਿੱਪਲ ਤੇ ਕਿੱਕਰ ਦੇ ਬੂਟੇ ਲਾਏ ਗਏ ਹਨ। ਇਸੇ ਤਰ੍ਹਾਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਅੰਬ, ਅਮਰੂਦ ਤੇ ਕਿੰਨੂ ਦਾ ਬਾਗ ਸਥਾਪਤ ਕੀਤਾ ਗਿਆ ਹੈ। ਲੁਧਿਆਣਾ ਨੇੜੇ 50 ਏਕੜ ਰਕਬੇ ਵਿਚ ਖੇਤੀਬਾੜੀ ਫਾਰਮ ਸਥਾਪਤ ਕਰਨ ਦੀ ਯੋਜਨਾ ਹੈ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਕਾਲਜਾਂ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀ ਵਿਦਿਅਕ ਖੋਜਾਂ ਤੇ ਪ੍ਰਯੋਗ ਕਰ ਸਕਣਗੇ।
ਵਿਸ਼ੇਸ਼ ਮੁਹਿੰਮ ਆਰੰਭੀ: ਮੱਕੜ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਥਾ ਦਾ ਪ੍ਰਬੰਧ ਸੰਭਾਲਣ ਮਗਰੋਂ ਇਨ੍ਹਾਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਠੇਕੇ ਦੇ ਰੇਟ ਵੀ ਵਧਾਏ ਹਨ।ਉਨ੍ਹਾਂ ਵਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਠੇਕੇ ’ਤੇ ਦਿੱਤੀ ਜਾਣ ਵਾਲੀ ਵਧੇਰੇ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਠੇਕੇ ’ਤੇ ਦਿੱਤਾ ਜਾਵੇ। ਖੁੱਲ੍ਹੀ ਬੋਲੀ ਰਾਹੀਂ ਜਿੰਨੀਆਂ ਵੀ ਜ਼ਮੀਨਾਂ ਠੇਕੇ ’ਤੇ ਦਿੱਤੀਆਂ ਗਈਆਂ ਹਨ, ਉਹ 30 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧ ਰੇਟ ’ਤੇ ਗਈਆਂ ਹਨ।
-
No comments:
Post a Comment