www.sabblok.blogspot.com
ਫਾਜ਼ਿਲਕਾ : ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ 'ਚ ਹੜ੍ਹ ਦੇ ਨਾਲ-ਨਾਲ ਬਾਰਸ਼ ਨੇ ਵੀ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਹੋਈ ਮੂਸਲਾਧਾਰ ਬਾਰਸ਼ ਨਾਲ ਕਈ ਪਿੰਡ ਪਾਣੀ 'ਚ ਿਘਰ ਗਏ। ਇਸ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਜਾਣਕਾਰੀ ਅਨੁਸਾਰ ਦਰਿਆ 'ਤੇ ਪਿੰਡ ਕਾਂਵਾਂਵਾਲੀ ਨੇੜੇ ਬਣੇ ਪੁਲ ਦੇ ਉੱਪਰੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਲਗਪਗ 15 ਹਜ਼ਾਰ ਏਕੜ ਜ਼ਮੀਨ 'ਚ ਪਾਣੀ ਵੜ ਗਿਆ ਹੈ। ਇਸ ਨਾਲ ਉਕਤ ਜ਼ਮੀਨ 'ਚ ਬੀਜੀ ਗਈ ਲਗਪਗ ਸਾਰੀ ਫਸਲ ਬਰਬਾਦ ਹੋ ਗਈ ਹੈ। ਜ਼ਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ, ਮਹਾਤਮ ਨਗਰ, ਝੰਗੜ ਭੈਣੀ, ਗੱਟੀ ਨੰਬਰ ਤਿੰਨ, ਤੇਜਾ ਰੁਹੇਲਾ, ਦੋਨਾ ਨਾਨਕਾ, ਗੱਟੀ ਨੰਬਰ ਤਿੰਨ, ਲਾਭ ਸਿੰਘ ਵਾਲੀ ਭੈਣੀ ਆਦਿ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ। ਇਥੋਂ ਦੇ ਲੋਕ ਹਿਜ਼ਰਤ ਕਰਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ। ਸ਼ਨਿਚਰਵਾਰ ਨੂੰ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ। ਉਕਤ ਪਿੰਡਾਂ 'ਚ 10 ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਸਰਕਾਰੀ ਸਕੂਲਾਂ 'ਚ ਪਾਣੀ ਵੜ ਗਿਆ, ਜਿਸ ਕਾਰਨ ਇਨ੍ਹਾਂ ਸਕੂਲਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸਿੰਚਾਈ ਮੰਤਰੀ ਸੇਖੋਂ ਅਤੇ ਸੰਸਦ ਮੈਂਬਰ ਘੁਬਾਇਆ ਨਾਲ ਹੜ੍ਹ ਪ੍ਰਭਾਵਤ ਖੇਤਰਾਂ ਦੇ ਦੌਰੇ 'ਤੇ ਗਏ ਏਡੀਸੀ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਪ੍ਰਭਾਵਤ ਪਿੰਡਾਂ 'ਚ ਫੇਅਰ ਪ੍ਰਾਈਸ ਸ਼ਾਪ 'ਤੇ ਕੈਰੋਸੀਨ ਮੁਹੱਈਆ ਕਰਵਾ ਦਿੱਤਾ ਗਿਆ ਹੈ। ਨਾਲ ਹੀ ਹਰਾ ਚਾਰਾ ਡੁੱਬਣ ਕਾਰਨ ਹੋਰਨਾਂ ਖੇਤਰਾਂ 'ਚ ਹਰਾ ਚਾਰਾ ਪਸ਼ੂਆਂ ਲਈ ਪਹੁੰਚਾਇਆ ਜਾ ਰਿਹਾ ਹੈ। ਮੈਡੀਕਲ ਟੀਮਾਂ ਦੀ ਪਿੰਡਾਂ ਵਿਚ ਡਿਊਟੀ ਲਗਾਈ ਗਈ ਹੈ, ਤਾਂ ਕਿ ਲੋਕ ਬਿਮਾਰੀਆਂ ਦੀ ਲਪੇਟ ਵਿਚ ਨਾ ਆਉਣ। ਪਿੰਡ ਸਜਰਾਨਾ ਤੇ ਖੂਈਖੇੜਾ 'ਚ ਵਗਣ ਵਾਲੇ ਸੇਮ ਨਾਲੇ 'ਚ ਬਾਰਸ਼ ਕਾਰਨ ਪਾਣੀ ਓਵਰਫਲੋ ਹੋਣ ਕਾਰਨ ਸੈਂਕੜੇ ਏਕੜ ਫਸਲ ਡੁੱਬ ਗਈ ਹੈ। ਪ੍ਰਭਾਵਤ ਕਿਸਾਨ ਸੁਲੱਖਣ ਸਿੰਘ, ਨਰਾਇਣ ਸਿੰਘ, ਸੁਰਜੀਤ ਸਿੰਘ ਤੇ ਅਸ਼ੋਕ ਸਿੰਘ ਨੇ ਦੱਸਿਆ ਕਿ ਓਵਰਫਲੋ ਹੋਣ ਕਾਰਨ ਖੇਤਾਂ ਵਿਚ ਪਾਣੀ ਏਨਾ ਵੱਧ ਭਰ ਗਿਆ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਸੇਮ ਨਾਲਾ ਟੁੱਟ ਗਿਆ ਤਾਂ ਕੀ ਹੋਵੇਗਾ। ਰਾਵੀ ਦਰਿਆ ਦੇ ਪਾਣੀ 'ਚ ਿਘਰੇ 15 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਸੁਜਾਨਪੁਰ/ਮਾਧੋਪੁਰ : ਸੁਜਾਨਪੁਰ ਦੇ ਨੇੜਲੇ ਪਿੰਡ ਸ਼ਹਿਰ ਛੰਨੀ ਕੋਲ ਰਾਵੀ ਦਰਿਆ 'ਚ ਚਾਰੇ ਪਾਸਿਓਂ ਪਾਣੀ 'ਚ ਿਘਰੇ 15 ਲੋਕਾਂ ਨੂੰ ਸ਼ਨਿਚਰਵਾਰ ਸਵੇਰੇ ਪ੍ਰਸ਼ਾਸਨ ਨੇ ਫ਼ੌਜ ਦੇ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ। ਇਹ 15 ਲੋਕ ਜੇਸੀਬੀ ਮਸ਼ੀਨਾਂ ਲੈ ਕੇ ਜੰਮੂ ਕਸ਼ਮੀਰ 'ਚ ਪੈਂਦੇ ਰਾਵੀ ਦਰਿਆ ਦੇ ਇਲਾਕੇ 'ਚ ਕੰਮ ਕਰਨ ਲਈ ਗਏ ਸਨ ਕਿ ਵੀਰਵਾਰ ਨੂੰ ਅਚਾਨਕ ਰਾਵੀ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆ ਜਾਣ ਕਾਰਨ ਟਾਪੂ ਦੇ ਵਿਚਕਾਰ ਫਸ ਗਏ। ਇਹ ਸੂਚਨਾ ਸਥਾਨਕ ਲੋਕਾਂ ਨੇ ਸ਼ੁੱਕਰਵਾਰ ਨੂੰ ਪੁਲਸ ਥਾਣਾ ਸੁਜਾਨਪੁਰ ਨੂੰ ਦਿੱਤੀ। ਜਿਸ ਤੋਂ ਬਾਅਦ ਸੁਜਾਨਪੁਰ ਦੇ ਥਾਣਾ ਇੰਚਾਰਜ ਨੇ ਇਸ ਦੀ ਜਾਣਕਾਰੀ ਆਪਣੇ ਅਧਿਕਾਰੀਆਂ ਰਾਹੀਂ ਡੀਸੀ ਪਠਾਨਕੋਟ ਨੂੰ ਦਿੱਤੀ। ਜਿਸ ਤੋਂ ਬਾਅਦ ਸ਼ਨਿਚਰਵਾਰ ਨੂੰ ਉਧਮਪੁਰ ਤੋਂ ਆਏ ਫ਼ੌਜ ਦੇ ਹੈਲੀਕਾਪਟਰ ਨਾਲ ਇਨ੍ਹਾਂ ਲੋਕਾਂ ਨੂੰ ਦਰਿਆ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਚਾਏ ਗਏ ਲੋਕ ਵੱਖ ਵੱਖ ਕ੍ਰੈਸ਼ਰਾਂ 'ਤੇ ਕੰਮ ਕਰਦੇ ਹਨ। ਜੋ ਜ਼ਿਆਦਾ ਪਾਣੀ ਆਉਣ ਕਾਰਨ ਰਾਵੀ ਦਰਿਆ ਵਿਚਕਾਰ ਵੀਰਵਾਰ ਨੂੰ ਇਕ ਟਾਪੂ 'ਤੇ ਚਾਰੇ ਪਾਸਿਓਂ ਪਾਣੀ 'ਚ ਿਘਰ ਗਏ ਸਨ। ਫ਼ੌਜ ਦੇ ਹੈਲੀਕਾਪਟਰ ਵਲੋਂ ਉਨ੍ਹਾਂ ਨੂੰ ਪਾਣੀ 'ਚੋਂ ਕੱਢ ਕੇ ਸ਼ਹਿਰ ਛੰਨੀ ਪਤਨ 'ਤੇ ਉਤਾਰ ਦਿੱਤਾ ਗਿਆ। ਜਿਸ ਤੋਂ ਬਾਅਦ ਸੁਜਾਨਪੁਰ ਪੁਲਸ ਨੇ ਇਨ੍ਹਾਂ ਸਭ ਨੂੰ ਸੁਜਾਨਪੁਰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਤੇ ਬਾਅਦ 'ਚ ਛੱਡ ਦਿੱਤਾ। ਦਰਿਆ 'ਚ ਫਸੇ ਲੋਕਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਰਣਜੀਤ ਸਾਗਰ ਝੀਲ 'ਚ ਪਾਣੀ ਦਾ ਪੱਧਰ 523.35 ਮੀਟਰ ਹੋਇਆ : ਪਹਾੜੀ ਇਲਾਕਿਆਂ 'ਚ ਬਾਰਸ਼ ਹੋਣ ਨਾਲ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਸ਼ਨਿਚਰਵਾਰ ਸ਼ਾਮ ਛੇ ਵਜੇ ਰਣਜੀਤ ਸਾਗਰ ਝੀਲ ਦਾ ਜਲ ਪੱਧਰ 523.35 ਮੀਟਰ ਰਿਕਾਰਡ ਕੀਤਾ ਗਿਆ। ਜਦਕਿ ਸ਼ੁੱਕਰਵਾਰ ਸ਼ਾਮ ਨੂੰ ਛੇ ਵਜੇ 522.04 ਮੀਟਰ ਰਿਕਾਰਡ ਕੀਤਾ ਗਿਆ ਸੀ। ਸ਼ਨਿਚਰਵਾਰ ਨੂੰ ਝੀਲ 'ਚ 45700 ਕਿਊਸਿਕ ਪਾਣੀ ਆ ਰਿਹਾ ਸੀ। ਜਦਕਿ ਪ੍ਰਾਜੈਕਟਰ ਵਲੋਂ 150 ਮੈਗਾਵਾਟ ਦੀ ਸਮਰੱਥਾ ਨਾਲ ਇਕ ਯੂਨਿਟ ਤੋਂ ਬਿਜਲੀ ਪੈਦਾ ਕਰਕੇ 33642 ਕਿਊਸਿਕ ਪਾਣੀ ਮਾਧੋਪੁਰ ਨੂੰ ਛੱਡਿਆ ਗਿਆ। ਵਧਦੇ ਪਾਣੀ ਦੀ ਆਮਦ ਨੂੰ ਵੇਖਦਿਆਂ ਪ੍ਰਾਜੈਕਟ ਵਲੋਂ ਸਲਿੱਪ ਵੇ ਦੇ ਪੰਜ ਗੇਟ ਇਕ ਮੀਟਰ ਤੱਕ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਦੀ ਸੂਚਨਾ ਜ਼ਿਲ੍ਹਾ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਯਾਦ ਰਹੇ ਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ਦੀ ਸਮਰੱਥਾ 527 ਮੀਟਰ ਹੈ। ਜੋ ਕਿ ਸਿਰਫ਼ ਚਾਰ ਮੀਟਰ ਦੇ ਫਾਸਲੇ ਤੋਂ ਹੇਠਾਂ ਹੈ। ਅਜਿਹੀ ਹਾਲਤ 'ਚ ਡੈਮ ਪ੍ਰਾਜੈਕਟ ਵਲੋਂ ਵਧਦੇ ਪਾਣੀ ਨੂੰ ਸਿਰਫ਼ ਸਲਿੱਪ ਵੇ ਰਾਹੀਂ ਛੱਡਣਾ ਇਕੋ ਇਕ ਬਦਲ ਹੈ। ਰਾਵੀ ਨਦੀ 'ਚ ਪਾਣੀ ਵਧਣ ਪਿੱਛੋਂ ਚਿਤਾਵਨੀ ਜਾਰੀ ਅੰਮਿ੍ਰਤਸਰ : ਰਾਵੀ ਨਦੀ 'ਚ ਪਾਣੀ ਦਾ ਪੱਧਰ ਵਧਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਚਿਤਾਵਨੀ ਜਾਰੀ ਕਰ ਦਿੱਤੀ ਹੈ। ਰਾਵੀ ਨਦੀ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਜਨਾਲਾ ਦੇ ਪਿੰਡ ਬੱਲ ਲੱਬੇ ਦਰਿਆ ਨੇੜੇ ਬੀਐਸਐਫ ਦੀ ਚੌਕੀ ਸ਼ਾਹਪੁਰ ਨੇੜੇ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ ਸਥਾਨਕ ਲੋਕਾਂ ਦੀ ਮਦਦ ਕੀਤੀ ਹੈ। ਧੁੱਸੀ ਬੰਨ੍ਹ ਦੀ ਨੁਕਸਾਨ ਦੀ ਸੂਚਨਾ ਮਿਲਦੇ ਹੀ ਡੀਸੀ ਰਜਤ ਅਗਰਵਾਲ ਨੇ ਡ੍ਰੇਨੇਜ ਵਿਭਾਗ ਤੇ ਹੋਰਨਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਸੀ, ਪਰ ਪ੍ਰਸ਼ਾਸਨ ਵਲੋਂ ਲੋਕਾਂ ਦੇ ਸਹਿਯੋਗ ਨਾਲ ਇਸ ਬੰਨ੍ਹ ਦੀ ਮੁਰੰਮਤ ਕਰਕੇ ਦਰਾਰ ਆਉਣ ਤੋਂ ਬਚਾ ਲਿਆ ਸੀ। ਸ਼ਨਿਚਰਵਾਰ ਨੂੰ ਦੂਜੀ ਜਗ੍ਹਾ 'ਤੇ ਧੁੱਸੀ ਬੰਨ੍ਹ ਦੀ ਮਿੱਟੀ ਦਾ ਕਟਾਅ ਹੋਣ ਨਾਲ ਬੰਨ੍ਹ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜਿਸ ਨੂੰ ਠੀਕ ਕਰਨ ਲਈ ਪ੍ਰਸ਼ਾਸਨ ਵਲੋਂ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਬਾਕੀ ਕੰਮਾਂ ਦੀ ਨਿਗਰਾਨੀ ਕਰਦਿਆਂ ਡੀਸੀ ਨੇ ਡ੍ਰੇਨੇਜ ਵਿਭਾਗ, ਲੋਕ ਨਿਰਮਾਣ ਵਿਭਾਗ, ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਕਿਸੇ ਦੇਰੀ ਆਪਣੀ ਪੂਰੀ ਤਾਕਤ ਲਗਾ ਕੇ ਧੁੱਸੀ ਬੰਨ੍ਹ 'ਚ ਦਰਾਰ ਆਉਣ ਤੋਂ ਰੋਕੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਪੁਲਸ ਤੇ ਬੀਐਸਐਫ ਜਵਾਨਾਂ ਨੂੰ ਬਚਾਅ ਕਾਰਜਾਂ 'ਚ ਲੱਗਣ ਲਈ ਕਿਹਾ ਹੈ। ਡੀਸੀ ਰਜਤ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਸਾਰੀ ਮਸ਼ੀਨਰੀ ਧੁੱਸੀ ਬੰਨ੍ਹ ਦੇ ਨੁਕਸਾਨ ਨੂੰ ਰੋਕਣ ਲਈ ਲਗਾ ਦਿੱਤੀ ਗਈ ਹੈ। ਉਮੀਦ ਹੈ ਕਿ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਬੰਨ੍ਹ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਧੁੱਸੀ ਬੰਨ੍ਹ ਨੇੜੇ ਪਿੰਡਾਂ ਤੇ ਡੇਰਿਆਂ ਦੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਲਈ ਕਹਿ ਦਿੱਤਾ ਹੈ। ਸੰਭਾਵੀ ਹੜ੍ਹ ਦੇ ਖ਼ਤਰੇ ਨੂੰ ਵੇਖਦਿਆਂ ਇਸ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਲੱਬੇ ਦਰਿਆ 'ਚ ਸਰਕਾਰੀ ਸਕੂਲ ਦੀ ਇਮਾਰਤ 'ਚ ਇਕ ਆਰਜੀ ਕੈਂਪ ਸਥਾਪਤ ਕੀਤਾ ਗਿਆ ਹੈ। ਜਿਥੇ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।
No comments:
Post a Comment