ਨਵੀਂ ਦਿੱਲੀ  (ਸੁਨੀਲ ਪਾਂਡੇ) — ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਚਾਲ, ਚਰਿੱਤਰ ਅਤੇ ਚਿਹਰਾ ਬਦਲਣ ਜਾ ਰਿਹਾ ਹੈ। ਦਿੱਲੀ ਵਿਚ ਪਾਰਟੀ ਨੇ ਆਪਣਾ ਆਧਾਰ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਹਰ ਉਮਰ, ਹਰ ਵਰਗ ਅਤੇ ਹਰ ਧਰਮ ਨੂੰ ਨਾਲ ਲੈ ਕੇ ਅੱਗੇ ਵਧਣ ਦੇ ਏਜੰਡੇ ਦੇ ਤਹਿਤ ਪਾਰਟੀ ਨੇ ਦਿੱਲੀ ਦੇ ਆਪਣੇ ਸਾਰੇ ਸਿਪਹਸਲਾਰਾਂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਮਕਸਦ ਸਿਰਫ ਇਕ ਹੈ ਕਿ ਦਿੱਲੀ ਵਿਧਾਨ ਸਭਾ ਵਿਚ ਹਰ ਹਾਲਤ ਵਿਚ ਖਾਤਾ ਖੋਲ੍ਹਣਾ।  ਪਾਰਟੀ ਦੇ ਮੁਖੀ ਅਤੇ ਪਾਰਟੀ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿਸ ਅੰਦਾਜ਼ ਅਤੇ ਮੈਨੇਜਮੈਂਟ ਦੇ ਬਲ 'ਤੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਜਿੱਤਿਆ ਅਤੇ ਉਸਦੇ ਠੀਕ ਬਾਅਦ ਦਿੱਲੀ ਵਿਚ ਹੋਏ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਝੰਡਾ ਲਹਿਰਾਇਆ, ਠੀਕ ਉਸੇ ਅੰਦਾਜ਼ ਵਿਚ ਸੁਖਬੀਰ ਬਾਦਲ ਦਿੱਲੀ ਵਿਧਾਨ ਸਭਾ ਵਿਚ ਵੱਡੀ ਖੇਡ ਕਰਨ ਲਈ ਬੇਤਾਬ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ  ਪਾਰਟੀ ਦੀ ਦਿੱਲੀ ਇਕਾਈ ਨੂੰ ਹਰ ਤਰ੍ਹਾਂ ਨਾਲ ਉਤਾਰ ਦਿੱਤਾ ਹੈ। ਪਾਰਟੀ ਨੇ ਦੋ ਤਰ੍ਹਾਂ ਦੀਆਂ ਟੀਮਾਂ ਉਤਾਰੀਆਂ ਹਨ। ਪਹਿਲੀ ਟੀਮ ਵਿਚ ਤਾਂ ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਤੇ ਹੋਏ ਮੈਂਬਰ ਹਨ, ਜਿਨ੍ਹਾਂ ਦੀ ਗਿਣਤੀ 41 ਹੈ। ਇਨ੍ਹਾਂ ਸਾਰੇ ਮੈਂਬਰਾਂ ਨੂੰ ਦੋ-ਦੋ ਹਜ਼ਾਰ ਨਵੇਂ ਮੈਂਬਰ ਜੋੜਨ ਦਾ ਹੁਕਮ ਦਿੱਤਾ ਗਿਆ ਹੈ। ਦੂਸਰੀ ਟੀਮ ਵਿਚ ਪਾਰਟੀ ਅਹੁਦੇਦਾਰਾਂ,  ਵੱਖਰੇ-ਵੱਖਰੇ  ਵਿੰਗਾਂ ਦੇ ਨੇਤਾਵਾਂ, ਦਿੱਲੀ  ਨਾਲ  ਸਬੰਧ  ਰੱਖਣ ਵਾਲੇ ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਜ਼ਿੰਮੇਵਾਰੀ  ਸੌਂਪੀ ਗਈ ਹੈ। ਦਿੱਲੀ ਵਿਚ ਸਿੱਖਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਮੌਜੂਦਾ ਸਮੇਂ ਕਰੀਬ 10 ਤੋਂ 15 ਲੱਖ ਵੋਟਰ ਸਿੱਖ ਸਮਾਜ ਨਾਲ ਜੁੜੇ ਹੋਏ ਹਨ।