* ਪਾਕਿਸਤਾਨੀ ਹਮਲੇ 'ਚ ਭਾਰਤੀ ਜਵਾਨਾਂ ਦੀ ਮੌਤ ਦਾ ਕਾਰਨ ਕੇਂਦਰ ਸਰਕਾਰ ਦੀ ਲਾਪਰਵਾਹੀ : ਬਾਦਲ * ਖਰਾਬ ਮੌਸਮ ਦੇ ਚਲਦਿਆਂ ਦੂਜੇ ਦਿਨ ਦਾ ਸੰਗਤ ਦਰਸ਼ਨ ਗਿੱਦੜਬਾਹਾ ਦੀ ਅਨਾਜ ਮੰਡੀ ਵਿਚ ਕੀਤਾ
ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, (ਚਾਵਲਾ, ਪਵਨ, ਰਾਜੀਵ, ਕੁਲਭੂਸ਼ਣ) - ਬੁੱਧਵਾਰ ਨੂੰ ਹਲਕੇ ਦੇ ਪਿੰਡ ਪਿਓਰੀ, ਦੌਲਾ, ਹੁਸਨਰ, ਕੋਟਭਾਈ, ਭਾਰੂ, ਰੁਖਾਲਾ, ਮਧੀਰ, ਬੁੱਟਬ ਬਖੂਆ ਆਦਿ ਪਿੰਡਾਂ ਦਾ ਸੰਗਤ ਦਰਸ਼ਨ ਮੁੱਖ ਮੰਤਰੀ ਵਲੋਂ ਗਿੱਦੜਬਾਹਾ ਦੀ ਦਾਣਾ ਮੰਡੀ ਵਿਖੇ ਆਯੋਜਿਤ ਕੀਤਾ ਗਿਆ। ਇਸ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਸ. ਬਾਦਲ ਨੇ ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਆਸੀ ਦੁਸ਼ਮਣੀ ਛੱਡ ਕੇ ਆਪਣੇ ਵਿਰੋਧੀ ਗੁੱਟਾਂ ਦੇ ਘਰ ਜਾ ਕੇ ਚਾਹ ਦਾ ਕੱਪ ਪੀਣ ਅਤੇ ਰਲ ਮਿਲ ਕੇ ਪਿੰਡਾਂ ਵਿਚ ਵਿਕਾਸ ਦੇ ਕਾਰਜ ਤੇਜ਼ ਕਰਨ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡਾਂ ਦੀਆਂ ਪੰਚਾਇਤਾਂ ਦੀ ਡਿਮਾਂਡ ਅਨੁਸਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਸ. ਬਾਦਲ ਨੇ ਜੰਮੂ ਦੇ ਪੁੰਛ ਜ਼ਿਲੇ ਵਿਚ ਪਾਕਿਸਤਾਨ ਵਲੋਂ ਹਮਲਾ ਕਰਕੇ 5 ਭਾਰਤੀ ਫੌਜੀਆਂ ਦਾ ਕਤਲ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਹਮਲਾ ਕੇਂਦਰ ਸਰਕਾਰ ਦੀ ਨਾਲਾਇਕੀ ਨੂੰ ਦਰਸਾਉਂਦਾ ਹੈ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸਰਹੱਦਾਂ ਦੀ ਰਾਖੀ ਕਰਨ ਵਿਚ ਅਸਫਲ ਹੈ ਅਤੇ ਕੇਂਦਰ ਸਰਕਾਰ ਨੂੰ ਦਿਨ-ਬ-ਦਿਨ ਵਧ ਰਹੇ ਪਾਕਿਸਤਾਨੀ ਹਮਲਿਆਂ ਨਾਲ ਸਖਤੀ ਨਾਲ ਨਿਪਟਣਾ ਚਾਹੀਦਾ ਹੈ। ਗੁਜਰਾਤ ਸਰਕਾਰ ਵਲੋਂ 690 ਸਿੱਖ ਪਰਿਵਾਰਾਂ ਨੂੰ ਉਜਾੜਨ ਦੇ ਸਵਾਲ ਵਿਚ ਸ. ਬਾਦਲ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਕਿਸੇ ਵੀ ਸਿੱਖ ਦਾ ਨੁਕਸਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਪੰਜਾਬ ਸਰਕਾਰ ਇਸ ਸਬੰਧੀ ਕਾਨੂੰਨੀ ਲੜਾਈ ਵੀ ਲੜੇਗੀ। ਇਟਲੀ ਦੇ ਰੋਮ ਵਿਚ ਏਅਰਪੋਰਟ 'ਤੇ ਮਨਜੀਤ ਸਿੰਘ ਜੀ.ਕੇ. ਨੂੰ ਪੱਗ ਉਤਾਰਨ ਲਈ ਮਜਬੂਰ ਕਰਨ ਦੀ ਵੀ ਸ. ਬਾਦਲ ਨੇ ਨਿੰਦਾ ਕੀਤੀ ਅਤੇ ਕੇਂਦਰ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਤੋਂ ਸਮੇਂ ਹਲਕੇ ਵਿਚ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾ ਆਉਣ ਦਾ ਕਾਰਨ ਮਨਪ੍ਰੀਤ ਬਾਦਲ ਸੀ ਪਰ ਮਨਪ੍ਰੀਤ ਬਾਦਲ ਨੇ ਸਾਡੀ ਪਿੱਠ ਵਿਚ ਛੁਰਾ ਖੋਭਿਆ ਹੈ। ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਾਂਗਰਸ ਪਾਰਟੀ ਦੀਆਂ ਚਾਲਾਂ ਵਿਚ ਆ ਕੇ ਖੁਦ ਦਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੇ ਸਾਡੇ ਪਰਿਵਾਰ ਤੋਂ ਵੱਖ ਹੋਣ ਕਾਰਨ ਮੈਂ ਆਪਣੀ ਜਾਨ ਤੋਂ ਪਿਆਰੇ ਆਪਣੇ ਭਰਾ ਗੁਰਦਾਸ ਬਾਦਲ ਤੋਂ ਵੀ ਵਿਛੜ ਗਿਆ।  ਸ. ਬਾਦਲ ਨੇ ਕਿਹਾ ਕਿ ਉਹ ਅੱਜ ਵੀ ਗੁਰਦਾਸ ਬਾਦਲ ਨੂੰ ਜਾਨ ਤੋਂ ਵਧ ਪਿਆਰ ਕਰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐੱਸ. ਚੀਮਾ, ਡਿਪਟੀ ਕਮਿਸ਼ਨਰ ਪਰਮਜੀਤ ਸਿੰਘ, ਆਈ. ਜੀ. ਐੱਨ.ਐੱਸ. ਢਿੱਲੋਂ, ਐੱਸ.ਐੱਸ.ਪੀ. ਸੁਰਜੀਤ ਸਿੰਘ, ਐੱਸ.ਡੀ.ਐੱਮ. ਕੁਮਾਰ ਅਮਿਤ, ਪਰਮਜੀਤ ਕੌਰ ਗੁਲਸ਼ਨ, ਹਲਕਾ ਇੰਚਾਰਜ ਡਿੰਪੀ ਢਿੱਲੋਂ, ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਗੁਰਪਾਲ ਸਿੰਘ ਗੋਰਾ, ਜਥੇਦਾਰ ਨਵਤੇਜ ਸਿੰਘ ਕਾਉਣੀ, ਸੀਨੀਅਰ ਆਗੂ ਸੰਤ Îਸੰਘ ਬਰਾੜ, ਚੇਅਰਮੈਨ ਸੁਰਜੀਤ ਸਿੰਘ ਗਿਲਜੇਵਾਲਾ, ਸੰਨੀ ਢਿੱਲੋਂ, ਜਗਸੀਰ ਸਿੰਘ ਫਕਰਸਰ, ਜਗਤਾਰ ਸਿੰਘ ਧਾਲੀਵਾਲ, ਰੈਸ਼ਟੀ ਰੰਧਾਵਾ, ਲੱਖੀ ਕਿੰਗਰਾ, ਰਾਜੂ ਚਹਿਲ ਫਕਰਸਰ, ਗੁਰਮੀਤ ਸਿੰਘ ਮਾਨ ਆਦਿ ਵੀ ਹਾਜ਼ਰ ਸਨ।