ਮੋਗਾ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਖਿਲਾਫ ਅਦਾਲਤ ਜਾਣ ਦੀ ਤਿਆਰੀ ਕਰ ਰਹੀ ਕਾਂਗਰਸ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਵਾਬੀ ਹਮਲਾ ਕੀਤਾ ਹੈ। ਮੋਗਾ 'ਚ ਸੁਖਬੀਰ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ 'ਚ ਪੂਰੀ ਤਰ੍ਹਾਂ ਨਾਲ ਆਜ਼ਾਦ ਹਨ ਅਤੇ ਉਹ ਕਿਤੇ ਵੀ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਗਤ ਦਰਸ਼ਨ ਹੁੰਦੇ ਰਹਿਣਗੇ। ਸੁਖਬੀਰ ਨੇ ਨਿਸ਼ਾਨਾ ਧਾਰਦੇ ਹੋਏ ਕਿਹਾ ਕਿ ਐਸ਼ ਪ੍ਰਸਤ ਕਾਂਗਰਸੀ ਮੁੱਖ ਮੰਤਰੀ ਵਾਂਗ ਦਿਨ 'ਚ 12-12 ਘੰਟੇ ਧੁੱਪ 'ਚ ਆਪਣਾ ਸਰੀਰ ਨਹੀਂ ਸਾੜ ਸਕਦੇ। ਬਾਜਵਾ ਸਾਹਿਬ ਇਕ ਦਿਨ ਮੁੱਖ ਮੰਤਰੀ ਨਾਲ ਰਹਿ ਕੇ ਦੇਖਣ ਤਾਂ ਹੀ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਸਮਝ ਆ ਸਕਦੀ ਹੈ। ਪਰ ਕਾਂਗਰਸ ਵਰਕਰਾਂ ਦਾ ਅਜਿਹਾ ਹੌਸਲਾ ਨਹੀਂ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਡੇਰਾ ਬਾਬਾ ਨਾਮਕ 'ਚ ਕਿਹਾ ਸੀ ਕਿ ਸਰਕਾਰ ਦੀ ਪ੍ਰਸ਼ਾਸਨਿਕ ਅਸਫਲਤਾ ਨੂੰ ਲੁਕਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦਾ ਢੋਂਗ ਕਰਦੇ ਹਨ ਅਤੇ ਕਾਂਗਰਸ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਅਦਾਲਤ 'ਚ ਚੁਣੌਤੀ ਦੇਵੇਗੀ। ਬਾਜਵਾ ਦੇ ਇਸ ਬਿਆਨ 'ਤੇ ਸੁਖਬੀਰ ਨੇ ਜਵਾਬੀ ਵਾਰ ਨਾਲ ਸੰਗਤ ਦਰਸ਼ਨ ਨੂੰ ਲੈ ਕੇ ਸਿਆਸਤ ਗਰਮਾਉਣ ਲੱਗੀ ਹੈ। ਹੁਣ ਦੇਖਣਾ ਇਹ ਹੈ ਕਿ ਕਾਂਗਰਸ ਇਸ ਮਾਮਲੇ ਨੂੰ ਅਦਾਲਤ 'ਚ ਲੈ ਕੇ ਜਾਂਦੀ ਹੈ ਜਾਂ ਨਹੀਂ।