ਟਾਂਡਾ (ਜੌੜਾ, ਪੱਪੂ)-ਸੂਬੇ ਅੰਦਰ ਡੈਮਾਂ 'ਚ ਪਾਣੀ ਦਾ ਪੱਧਰ ਦਿਨੋ-ਦਿਨ  ਵਧਣ ਕਾਰਨ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੋਣ ਕਾਰਨ ਬੀ. ਬੀ. ਐੱਮ. ਬੀ. ਵਲੋਂ 48 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਦ ਕਿ  ਆਉਣ ਵਾਲੇ ਦਿਨਾਂ ਵਿਚ 40 ਹਜ਼ਾਰ ਕਿਊਸਿਕ ਹੋਰ ਪਾਣੀ ਛੱਡਿਆ ਜਾ ਰਿਹਾ ਹੈ  ਜਿਸ ਨਾਲ  ਨੱਕੋ-ਨੱਕ ਭਰੇ ਡੈਮਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ ਬੀ. ਬੀ. ਐੱਮ. ਬੀ. ਵਲੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ 'ਚ ਪਾਣੀ ਨੇ ਆਪਣਾ ਰੰਗ  ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਿਆਣੀ ਨਜ਼ਦੀਕ ਧੁੱਸੀ ਬੰਨ੍ਹ ਦੇ ਅੰਦਰ ਪੈਂਦੇ ਪਿੰਡ ਅਬਦੁੱਲਾਪੁਰ  ਅਤੇ ਮਿਆਦੀਆਂ ਤੱਕ ਦਰਿਆ ਦਾ ਪਾਣੀ ਆਪਣੀ ਪਹੁੰਚ ਕਰ ਚੁੱਕਾ ਹੈ। ਅੱਜ ਪਿੰਡ ਅਬਦੁੱਲਾਪੁਰ ਦੇ ਸਰਪੰਚ ਜਸਵੰਤ ਸਿੰਘ ਬਿੱਟੂ, ਪ੍ਰੇਮ ਸਿੰਘ, ਮੱਖਣ ਸਿੰਘ, ਮਨਜੀਤ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਉੱਚਾ ਹੋ ਜਾਣ ਕਾਰਨ ਧੁੱਸੀ ਬੰਨ੍ਹ ਦੇ ਅੰਦਰ ਆਉਂਦੇ ਪਿੰਡ ਮਿਰਜ਼ਾਪੁਰ ਭੈਣੀ, ਮਿਆਦੀਆਂ, ਗੰਭੋਵਾਲ, ਅਬਦੁੱਲਾਪੁਰ ਮੰਡ ਆਦਿ ਪਿੰਡਾਂ ਦੇ ਨੇੜੇ ਪਾਣੀ ਪਹੁੰਚ ਚੁੱਕਾ ਹੈ। ਸਰਪੰਚ ਅਬਦੁੱਲਾਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਮਿਆਣੀ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ ਜਿਥੇ ਪਾਣੀ ਕਾਰਨ ਮਿਆਣੀ ਨੂੰ ਆਉਣ-ਜਾਣ ਲਈ ਰਸਤੇ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਪਿੰਡ ਅਬਦੁੱਲਾਪੁਰ ਦੇ ਬੱਚੇ ਜੋ ਕਿ ਮਿਆਣੀ ਦੇ ਵੱਖ-ਵੱਖ ਸਕੂਲਾਂ 'ਚ  ਪੜ੍ਹਦੇ ਹਨ, ਉਨ੍ਹਾਂ ਦੇ ਆਉਣ-ਜਾਣ ਲਈ ਭਾਰੀ ਪ੍ਰੇਸ਼ਾਨੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨੂੰ ਮੱਦੇਨਜ਼ਰ ਰਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਧਰ-ਉਧਰ ਜਾਣ ਲਈ ਬੇੜੀਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਪਰ ਇਸ ਵਾਰ ਉਨ੍ਹਾਂ ਦੇ ਪਿੰਡਾਂ ਤੱਕ ਕੋਈ ਬੇੜੀ ਨਹੀਂ ਪਹੁੰਚ ਸਕੀ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਵਲੋਂ ਬੇੜੀਆਂ ਦਾ ਪ੍ਰਬੰਧ ਹੋ ਜਾਵੇ ਤਾਂ ਬੱਚਿਆਂ ਲਈ ਸਕੂਲ ਜਾਣ, ਖਾਣ-ਪੀਣ ਦੀਆਂ ਵਸਤਾਂ ਲਿਆਉਣ, ਬੀਮਾਰੀ ਦੀ ਹਾਲਤ 'ਚ ਇਲਾਜ ਕਰਵਾਉਣ ਲਈ ਇਧਰ-ਉਧਰ ਜਾਣ ਲਈ ਸੌਖਾ ਹੋ ਜਾਵੇਗਾ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ : ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਵਰੁਣ ਰੂਜ਼ਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ  ਕਿਹਾ ਕਿ ਜੇਕਰ ਬਰਸਾਤ ਆਉਣ ਵਾਲੇ ਦਿਨਾਂ 'ਚ ਹੁੰਦੀ ਰਹੇਗੀ ਤਾਂ ਬੀ. ਬੀ. ਐੱਮ. ਬੀ. ਵਲੋਂ ਇਕ ਲੱਖ ਕਿਊਸਿਕ ਪਾਣੀ ਹੋਰ ਛੱਡਿਆ ਜਾਵੇਗਾ ਜੋ ਕਿ ਖਤਰੇ ਤੋਂ ਬਾਹਰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ  ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਿੰਡ ਅਬਦੁੱਲਾਪੁਰ ਅਤੇ ਹੋਰ ਧੁੱਸੀ ਬੰਨ੍ਹ ਦੇ ਅੰਦਰ ਆਉਂਦੇ ਪਿੰਡਾਂ ਵਿਚ ਕਿਸ਼ਤੀਆਂ ਦੇ ਤੁਰੰਤ  ਪ੍ਰਬੰਧ ਕੀਤੇ ਜਾ ਰਹੇ ਹਨ।