ਟਾਂਡਾ ਉੜਮੁੜ(ਕੁਲਦੀਸ਼, ਮੋਮੀ)¸ਬੀਤੀ ਰਾਤ ਮਿਆਣੀ ਵਿਖੇ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਵਲੋਂ ਹੁਸ਼ਿਆਰਪੁਰ ਸਹਿਕਾਰੀ ਬੈਂਕ ਵਿਖੇ ਬੈਂਕ ਦੀ ਇਮਾਰਤ ਵਿਚ ਰੌਸ਼ਨੀ ਵੇਖ ਕੇ ਅੰਦਰ ਤਿੰਨ ਨੌਜਵਾਨਾਂ ਨੂੰ ਟਹਿਲਦੇ ਦੇਖਿਆ ਤਾਂ ਉਨ੍ਹਾਂ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ। ਰਾਤ ਕਰੀਬ 10.30 ਵਜੇ ਸਰਪੰਚ ਮਿਆਣੀ ਗੋਲਡੀ ਮੁਲਤਾਨੀ ਅਤੇ ਹੋਰਨਾਂ ਵਲੋਂ ਟਾਂਡਾ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਥਾਣਾ ਮੁਖੀ ਸਤਿੰਦਰ ਕੁਮਾਰ ਚੱਢਾ ਨੇ ਏ. ਐੱਸ. ਆਈ. ਜਗਤ ਸਿੰਘ ਅਤੇ ਪੁਲਸ ਟੀਮ ਨੂੰ ਫੌਰਨ ਮੌਕੇ 'ਤੇ ਭੇਜਿਆ। ਪੁਲਸ ਅਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਉਕਤ ਨੌਜਵਾਨਾਂ ਨੇ ਬੈਂਕ ਅੰਦਰੋਂ ਲਗਾਇਆ ਤਾਲਾ ਖੋਲ੍ਹਿਆ ਅਤੇ ਦੱਸਿਆ ਕਿ ਉਹ ਬੈਂਕ ਵਲੋਂ ਅਧਿਕਾਰਿਤ ਤੌਰ 'ਤੇ ਕੰਪਿਊਟਰ ਨੈੱਟਵਰਕ ਨਾਲ ਬੈਂਕ ਨੂੰ ਜੋੜਨ ਲਈ ਸੇਵਾਵਾਂ ਦੇਣ ਲਈ ਆਏ ਹਨ।ਉਕਤ ਨੌਜਵਾਨ ਜਿਨ੍ਹਾਂ ਵਿਚੋਂ ਦੋ ਬਿਹਾਰ ਅਤੇ ਇਕ ਝਾਰਖੰਡ ਨਾਲ ਸੰਬੰਧਤ ਹੈ, ਨਾਲ ਭੜਕੀ ਭੀੜ ਦੀ ਬਹਿਸ ਹੋ ਗਈ। ਉਕਤ ਨੌਜਵਾਨਾਂ ਨੂੰ ਸ਼ੱਕ ਕਾਰਨ ਟਾਂਡਾ ਪੁਲਸ ਥਾਣੇ ਲੈ ਆਈ। ਮਿਆਣੀ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਅੱਜਕਲ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ 'ਤੇ ਹਰ ਕੋਈ ਪ੍ਰੇਸ਼ਾਨ ਹੈ ਅਤੇ ਕੁਝ ਦਿਨ ਪਹਿਲਾਂ ਹੀ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਵਿਚੋਂ ਲੋਕਾਂ ਨੇ ਇਕ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਸੀ। ਡਰ ਦੇ ਮਾਹੌਲ ਅਤੇ ਅਫਵਾਹਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਅਤੇ ਉਹ ਕੋਈ ਅਜਿਹਾ ਮੌਕਾ ਨਹੀਂ ਛੱਡਣਾ ਚਾਹੁੰਦੇ ਜਿਸ ਨਾਲ ਉਨ੍ਹਾਂ ਦਾ ਅਤੇ ਇਲਾਕੇ ਵਿਚ ਕਿਸੇ ਹੋਰ ਦਾ ਨੁਕਸਾਨ ਹੋਵੇ। ਇਸ ਸੰਬੰਧੀ ਜਦ ਬੈਂਕ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਸ ਦਾ ਮੋਬਾਈਲ ਫੋਨ ਬੰਦ ਆਇਆ। ਜਦ ਡੀ. ਐੱਮ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਚਲਦਾ ਹੀ  ਰਹਿੰਦਾ ਹੈ ਕਿਉਂਕਿ ਉਕਤ ਨੌਜਵਾਨਾਂ ਨੇ ਬੀਅਰ ਦੀਆਂ ਬੋਤਲਾਂ ਪੀਤੀਆਂ ਸਨ। ਉਕਤ ਨੌਜਵਾਨ ਨੇ ਮੰਨਿਆ ਕਿ ਉਹ ਕੰਮਕਾਜ ਨਿਪਟਾ ਕੇ ਆਪਣਾ ਮਨੋਰੰਜਨ ਕਰ ਰਹੇ ਸਨ ਅਤੇ ਉਨ੍ਹਾਂ ਕੋਈ ਗਲਤ ਕੰਮ ਨਹੀਂ ਕੀਤਾ। ਪੰਜਾਬ ਪੁਲਸ ਦੇ ਮੁਲਾਜ਼ਮ ਵੇਖ ਕੇ ਉਨ੍ਹਾਂ ਬੈਂਕ ਦਾ ਸ਼ਟਰ ਖੋਲ੍ਹਿਆ। ਉਹ ਵਿਪਰੋ ਕੰਪਨੀ ਰਾਹੀਂ ਵੱਖ-ਵੱਖ ਬੈਂਕਾਂ ਨੂੰ ਆਨਲਾਈਨ ਕਰਨ ਲਈ ਕੰਮ ਕਰ ਰਹੇ ਹਨ।ਇਸ ਸੰਬੰਧੀ ਥਾਣਾ ਮੁਖੀ ਸਤਿੰਦਰ ਕੁਮਾਰ ਚੱਢਾ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਬੈਂਕ ਦੇ ਅਧਿਕਾਰੀਆਂ ਨੇ ਇਥੇ ਭੇਜਿਆ ਸੀ ਪਰ ਨਾ ਤਾਂ ਪੁਲਸ ਨੂੰ ਇਸ ਦੀ ਸੂਚਨਾ ਸੀ ਅਤੇ ਨਾ ਹੀ ਪੰਚਾਇਤ ਮਿਆਣੀ ਨੂੰ। ਜੇਕਰ ਉਨ੍ਹਾਂ ਦੇ ਧਿਆਨ ਵਿਚ ਇਹ ਹੁੰਦਾ ਤਾਂ ਅਜਿਹੀ ਬਹਿਸ ਉਕਤ ਨੌਜਵਾਨਾਂ ਨਾਲ ਨਾ ਹੁੰਦੀ। ਸਰਪੰਚ ਗੋਲਡੀ ਮੁਲਤਾਨੀ ਨੇ ਕਿਹਾ ਕਿ ਲੋਕਾਂ ਦੀ ਬਹਿਸ ਹੁੰਦੀ ਦੇਖ ਕੇ ਸ਼ੱਕ ਸਦਕਾ ਹੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵਲੋਂ ਜਾਂਚ ਕਰਨ ਤੋਂ ਬਾਅਦ ਕਿ ਉਕਤ ਨੌਜਵਾਨ ਬੈਂਕ ਵਿਚ ਕੰਮ ਕਰਨ ਲਈ ਆਏ ਹਨ ਜੋ ਅੱਜ ਸਵੇਰੇ ਛੱਡ ਦਿੱਤੇ ਗਏ।