jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਮੁੱਖ ਮੰਤਰੀ ਬਾਦਲ ਵੱਲੋਂ ਵੀ ਦਸਤਾਰ ਮੁੱਦੇ ’ਤੇ ਕੇਂਦਰ ਨੂੰ ਸਖ਼ਤ ਸੁਨੇਹਾ

www.sabblok.blogspot.com

PhotoPhoto
ਸੁਖਬੀਰ ਨੇ ਮੁੱਦਾ ਪ੍ਰਧਾਨ ਮੰਤਰੀ ਕੋਲ ਉਠਾਇਆ

ਚੰਡੀਗੜ੍ਹ ਹਰੀਸ਼ ਚੰਦਰ ਬਾਗਾਂ ਵਾਲਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ, ਮਨਜੀਤ ਸਿੰਘ ਜੀ.ਕੇ. ਨੂੰ ਇਟਲੀ ਦੇ ਰੋਮ ਹਵਾਈ ਅੱਡੇ ’ਤੇ ਪੱਗ ਉਤਾਰਨ ਲਈ ਕਹਿਣ ਦੇ ਮਸਲੇ ’ਤੇ ਤਿੱਖਾ ਵਿਰੋਧ ਜਤਾਉਂਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਪੱਤਰ ਲਿਖਕੇ ਸਿੱਖਾਂ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਸ਼ਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਸ੍ਰੀ ਬਾਦਲ ਨੇ ਸ੍ਰੀ ਜੀ ਕੇ ਵੱਲੋਂ ਆਪਣੀਆਂ ਸਿੱਖ ਕਦਰਾਂ ਕੀਮਤਾਂ ’ਤੇ ਡਟ ਕੇ ਪਹਿਰਾ ਦਿੰਦਿਆਂ ਪੱਗ ਉਤਾਰਨ ਤੋਂ ਇਨਕਾਰ ਕਰਨ ਦੀ ਵੀ ਜ਼ੋਰਦਾਰ ਸ਼ਲਾਘਾ ਕੀਤੀ। ਸ. ਬਾਦਲ ਨੇ ਪੱਤਰ ਵਿਚ ਲਿਖਿੱਆ ਹੈ ਕਿ ਸਿੱਖਾਂ ਨੂੰ ਇਟਲੀ ਦੇ ਹਵਾਈ ਅੱਡਿਆਂ ’ਤੇ ਜਾਣਬੁੱਝਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਕੇਂਦਰ ਸਰਕਾਰ ਸਿੱਖਾਂ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਵੇ। ਸ, ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੈਟ ਏਅਰਵੇਜ਼ ਦੇ ਕਮਾਂਡਰ ਦੀ ਮਿਲਾਨ ਹਵਾਈ ਅੱਡੇ ਅਤੇ ਹੁਣ ਸ. ਮਨਜੀਤ ਸਿੰਘ ਜੀ.ਕੇ. ਦੀ ਰੋਮ ਹਵਾਈ ਅੱਡੇ ’ਤੇ ਪੱਗ ਉਤਾਰਨ ਲਈ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ, ਸ਼ਾਨ ਦੀ ਵਿਦੇਸ਼ਾਂ ਵਿਚ ਰਾਖੀ ਕਰਨ ਵਿਚ ਨਖਿੱਧ ਸਾਬਤ ਹੋਈ ਹੈ। ਕੇਂਦਰ ਸਰਕਾਰ ਵਲੋਂ ਇਟਲੀ ਦੀ ਸਰਕਾਰ ’ਤੇ ਦਬਾਅ ਬਣਾਉਣ ਵਿਚ ਨਾਕਾਮ ਰਹਿਣ ’ਤੇ ਤਿੱਖਾ ਹਮਲਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜਦ ਜੈਟ ਏਅਰਵੇਜ਼ ਦੇ ਕਮਾਂਡਰ

ਰਵੀਜੋਧ ਸਿੰਘ ਧੂਪੀਆ ਦੀ ਮਿਲਾਨ ਦੇ ਹਵਾਈ ਅੱਡੇ ’ਤੇ ਪੱਗ ਉਤਾਰੀ ਗਈ ਸੀ ਤਾਂ ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਸੀ ਤਾਂ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਉਹ ਇਸ ਬਾਰੇ ਇਟਲੀ ਸਰਕਾਰ ਕੋਲ ਮੁੱਦਾ ਉਠਾਉਣਗੇ ਤੇ ਅਜਿਹੀ ਘਟਨਾ ਦੁਬਾਰਾ ਨਹੀਂ ਹੋਵੇਗੀ, ਪਰ ਮੰਦਭਾਗੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਿੱਖਾਂ ਦੀਆਂ ਇਟਲੀ ਵਿਚ ਪੱਗਾਂ ਉਤਾਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸਿੱਖਾਂ ਨੂੰ ਕਿਸੇ ਖਾਸ ਇਰਾਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਤੇ ਨਾਬਰਦਾਸ਼ਤਯੋਗ ਹੈ ਕਿ ਅੰਤਰਰਾਸ਼ਟਰੀ ਹਵਾਈ ਅੱਡਿਆਂ ’ਤੇ ਸੁਰੱਖਿਆ ਦੇ ਨਾਂ ’ਤੇ ਸਿੱਖਾਂ ਦੀਆਂ ਪੱਗਾਂ ਉਤਾਰੀਆਂ ਜਾਣ। ਸ. ਬਾਦਲ ਨੇ ਕਿਹਾ ਕਿ ਭਾਵੇਂ ਕਿ ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਵਲੋਂ ਵੀ ਕਈ ਵਾਰ ਸੰਸਦ ਵਿਚ ਵੀ ਭਰੋਸਾ ਦਿੱਤਾ ਜਾ ਚੁੱਕਾ ਹੈ, ਜੋ ਕਿ ਬਿਲਕੁਲ ਨਿਰਮੂਲ ਸਾਬਿਤ ਹੋਇਆ ਹੈ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੀ ਪੱਗ ਦੀ ਮਹੱਤਤਾ ਬਾਰੇ ਦੂਜੇ ਦੇਸ਼ਾਂ ਨੂੰ ਜਾਣੂੰ ਕਰਵਾਉਣ ਲਈ ਉੱਥੇ ਵਫਦ ਭੇਜੇ ਤੇ ਅਜਿਹੇ ਮਾਮਲੇ ਰੋਕਣ ਲਈ ਇਟਲੀ ਨਾਲ ਕੂਟਨੀਤਕ ਪੱਧਰ ’ਤੇ ਇਹ ਮਸਲਾ ਪ੍ਰਮੁੱਖਤਾ ਨਾਲ ਉਠਾਇਆ ਜਾਵੇ।
ਗਿੱਦੜਬਾਹਾ ਹਰਜੀਤ ਸਿੰਘ ਕੋਹਲੀ-ਦਸਤਾਰ ਨੂੰ ਸਿੱਖ ਪਛਾਣ ਦਾ ਅਟੁੱਟ ਅੰਗ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖੀ ਦੇ ਇਸ ਅਟੁੱਟ ਅੰਗ ਦੇ ਸਤਿਕਾਰ ਦੀ ਬਹਾਲੀ ਲਈ ਅਤੇ ਵਿਦੇਸ਼ੀ ਮੁਲਕਾਂ ਨੂੰ ਪੱਗੜੀ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰੇ। ਅੱਜ ਇਥੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ ਨੂੰ ਇਟਲੀ ਦੇ ਇਕ ਹਵਾਈ ਅੱਡੇ ‘ਤੇ ਚੈਕਿੰਗ ਲਈ ਪੱਗੜੀ ਉਤਾਰੇ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਮੁਖ ਮੰਤਰੀ ਨੇ ਕਿਹਾ ਕਿ ਅਜਿਹੇ ਵਰਤਾਰੇ ਨੂੰ ਰੋਕਣ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੱਖ-ਵੱਖ ਮੁਲਕਾਂ ‘ਚ ਸਥਾਪਤ ਆਪਣੀਆਂ ਸਫਾਰਤਖਾਨਿਆਂ ਰਾਹੀਂ ਹੋਰਨਾਂ ਮੁਲਕਾਂ ਨੂੰ ਇਸ ਗੱਲ ਤੋਂ ਜ਼ੋਰਦਾਰ ਤਰੀਕੇ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ ਕਿ ਚੈਕਿੰਗ ਦੇ ਨਾਂ ਹੇਠ ਪੱਗੜੀ ਉਤਰਵਾਏ ਜਾਣਾ ਸਿੱਖ ਮਾਨਸਿਕਤਾ ਨੂੰ ਸਿੱਧੇ ਰੂਪ ਵਿੱਚ ਚੋਟ ਪਹੁੰਚਾਉਣਾ ਹੈ। ਇਸ ਸਬੰਧੀ ਜਲਦ ਕਾਰਵਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ ਪਾਸ ਇਹ ਮਸਲਾ ਉਠਾਉਣ ਦੀ ਗੱਲ ਆਖਦਿਆਂ ਸ. ਬਾਦਲ ਨੇ ਕਿਹਾ ਕਿ ਸਿੱਖੀ ਦੇ ਇਸ ਅਹਿਮ ਅੰਗ ਨੂੰ ਕਿਸੇ ਵੀ ਰੂਪ ਵਿੱਚ ਠੇਸ ਪਹੁੰਚਾਉਣ ਵਾਲੇ ਅਜਿਹੇ ਵਰਤਾਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ‘ਚ ਪਾਕਿਸਤਾਨੀ ਫੌਜ ਵੱਲੋਂ ਅਸਲ ਕੰਟਰੋਲ ਰੇਖਾ ਪਾਰ ਕਰਕੇ ਭਾਰਤ ਦੇ

ਪੰਜ ਫੌਜੀ ਜਵਾਨਾ ਨੂੰ ਮਾਰਨ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮੁਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਰ ਫਰੰਟ ਉੱਪਰ ਅਸਫਲ ਹੋ ਚੁੱਕੀ ਹੈ ਅਤੇ ਇਸਨੂੰ ਸੱਤਾ ਵਿੱਚ ਰਹਿਣ ਦਾ ਹੁਣ ਕੋਈ ਨੈਤਿਕ ਅਧਿਕਾਰ ਨਹੀਂ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮੁਲਕ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਪੱਖੋਂ ਪੂਰੀ ਤਰ੍ਹਾਂ ਨਿਕੰਮੀ ਸਿੱਧ ਹੋਈ ਹੈ। ਜਿਸ ਕਰਕੇ ਮੁਲਕ ਦੀ ਅਖੰਡਤਾ ਖਤਰੇ ਵਿੱਚ ਆ ਚੁੱਕੀ ਹੈ। ਸ. ਬਾਦਲ ਨੇ ਕਿਹਾ ਕਿ ਇਕ ਪਾਸੇ ਚੀਨ ਅਤੇ ਪਾਕਿਸਤਾਨ ਵਰਗੇ ਗਵਾਂਢੀ ਮੁਲਕ ਭਾਰਤ ਨਾਲ ਹੋਈਆਂ ਸਰਹੱਦੀ ਸੰਧੀਆਂ ਦੀ ਉਲੰਘਣਾ ਕਰ ਰਹੇ ਹਨ ਤੇ ਦੂਜੇ ਪਾਸੇ ਨਕਸਲਵਾਦ ਅਤੇ ਅੱਤਵਾਦ ਕਾਰਨ ਮੁਲਕ ਦੀ ਅੰਦਰਨੀ ਸੁਰੱਖਿਆ ਦੀ ਸਥਿਤੀ ਅਤੀ ਸੰਵੇਦਨਸ਼ੀਲ ਬਣੀ ਹੋਈ ਹੈ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਅਤੇ ਪੀ.ਪੀ.ਪੀ. ਆਗੂ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਪਾਰਟੀ ਦਾ ਹੱਥਠੋਕਾ ਬਣ ਚੁਕਿਆ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਆਪਣਾ ਸਿਆਸੀ ਵਾਰਸ ਬਣਾਇਆ ਸੀ ਪਰ ਬਦਕਿਸਮਤੀ ਨਾਲ ਮਨਪ੍ਰੀਤ ਬਾਦਲ ਨੇ ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੇ ਮਨਪ੍ਰੀਤ ਬਾਦਲ ਦੇ ਇਸ ਧੋਖੇ ਦਾ ਢੁਕਵਾਂ ਜਵਾਬ ਦੇ ਦਿੱਤਾ ਹੈ ਜਿਸ ਕਰਕੇ ਇਹ ਪੀ.ਪੀ.ਪੀ. ਆਗੂ ਅੱਜ ਆਪਣੀ ਸਿਆਸੀ ਹੋਂਦ ਬਚਾਉਣ ਲਈ ਕਾਂਗਰਸ ਪਾਰਟੀ ਵਿੱਚ ਸ਼ਰਨ ਲੈਣ ਲਈ ਘੁੰਮ ਰਿਹਾ ਹੈ। ਮੁਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਹੱਥ ਮਿਲਾ ਕੇ ਮਨਪ੍ਰੀਤ ਬਾਦਲ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਸਦੀ ਕੋਈ ਵੀ ਵਿਚਾਰਧਾਰਕ ਪ੍ਰਤੀਬੱਧਤਾ ਨਹੀਂ ਹੈ। ਸ. ਬਾਦਲ ਨੇ ਪੀ.ਪੀ.ਪੀ. ਵਿੱਚ ਜਾਣ ਵਾਲੇ ਸਾਰੇ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਮਨਪ੍ਰੀਤ ਬਾਦਲ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣ ਲਈ ਕਿਹਾ। ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਨਾ ਹੀ ਆਪਣੀ ਮਾਂ ਪਾਰਟੀ ਪ੍ਰਤੀਬੱਧਤਾ ਨਿਭਾਈ ਅਤੇ ਨਾ ਹੀ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਦੀ ਧਰਤੀ ਉੱਪਰ ਲੋਕਾਂ ਨਾਲ ਕੀਤੇ ਵਾਅਤੇ ਨਿਭਾਏ ਜਿਸ ਕਰਕੇ ਹੁਣ ਮਨਪ੍ਰੀਤ ਬਾਦਲ ਦੇ ਇਸ਼ਾਰੇ ‘ਤੇ ਸ਼੍ਰੋਮਣੀ ਅਕਾਲੀ ਦਲ ਛੱਡਣ ਵਾਲਿਆਂ ਲਈ ਸਹੀ ਸਮਾਂ ਹੈ ਕਿ ਉਹ ਆਪਣੀ ਪੁਰਾਣੀ ਪਾਰਟੀ ਵਿੱਚ ਵਾਪਸ ਆ ਜਾਣ। ਗਿੱਦੜਬਾਹਾ ਦੀ ਧਰਤੀ ਨੂੰ ਪਵਿੱਤਰ ਆਖਦਿਆ ਸ. ਬਾਦਲ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਹੈ ਉਸ ਸਮੇਂ ਤੋਂ ਹੀ ਇਸ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ। ਮੁਖ ਮੰਤਰੀ ਨੇ ਕਿਹਾ ਕਿ ਉਹ ਖੁਦ ਇਥੋਂ ਦੇ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਹਨ। ਇਸ ਹਲਕੇ ਦੇ ਸਰਬਪੱਖੀ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਨੂੰ ਦਹੁਰਾਉਂਦਿਆਂ ਸ.ਬਾਦਲ ਨੇ ਕਿਹਾ ਕਿ ਇਸ ਹਲਕੇ ਦੀ ਹਰ ਸਮੱਸਿਆ ਦਾ ਹੱਲ ਪੰਜਾਬ ਸਰਕਾਰ ਕਰੇਗੀ। ਆਪਣੇ ਨਾਲ ਵੱਖ-ਵੱਖ ਅਕਾਲੀ ਸੰਘਰਸ਼ਾਂ ਦੌਰਾਨ ਜੇਲ੍ਹਾਂ ਕੱਟਣ ਵਾਲੇ 122 ਅਕਾਲੀ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਬਹੁਤ ਲੰਮੇਂ ਸਮੇਂ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ ਕਿਉਂਕਿ ਇਨ੍ਹਾਂ ਮਹਾਨ ਆਗੂਆਂ ਨੇ ਸੂਬੇ ਵਿੱਚ ਅਕਾਲੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕੀਤਾ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਪੰਜਾਬ ਭਰ ਦੇ ਮੌਜੂਦਾ ਅਕਾਲੀ ਆਗੂਆਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਮਹਾਨ ਆਗੂਆਂ ਜਾਂ ਉਨ੍ਹਾਂ ਦੇ ਵਾਰਸਾਂ ਨਾਲ ਸੰਪਰਕ ਸਾਧ ਕੇ ਵੇਰਵੇ ਇਕੱਠੇ ਕਰਨ ਤਾਂ ਜੋ ਇਨ੍ਹਾਂ ਸਬੰਧੀ ਇਤਿਹਾਸਕ ਐਲਬਮ ਤਿਆਰ ਕੀਤੀ ਜਾ ਸਕੇ। ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਪਿਓਰੀ, ਦੌਲਾ, ਭਾਰੂ, ਬੁੱਟਰ ਬਖੂਹਾ, ਕੋਟਭਾਈ, ਰੁਖਾਲਾ, ਮਧੀਰ ਅਤੇ ਹੁਸਨਰ ਦੀਆਂ ਪੰਚਾਇਤਾਂ ਅਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਨਾਲ ਨਾਲ ਸਬੰਧਤ ਵਿਭਾਗਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਮੈਂਬਰ ਲੋਕ ਸਭਾ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਉਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਡੀ.ਆਈ.ਜੀ. ਸ: ਅਮਰ ਸਿੰਘ ਚਹਿਲ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਜੱਥੇਦਾਰ ਨਵਤੇਜ ਸਿੰਘ ਕਾਊਣੀ ਅਤੇ ਜੱਥੇਦਾਰ ਗੁਰਪਾਲ ਸਿੰਘ ਗੋਰਾ ਤਿੰਨੋਂ ਐਸ.ਜੀ.ਪੀ.ਸੀ. ਮੈਂਬਰ, ਸ: ਸੁਰਜੀਤ ਸਿੰਘ ਗਿਲਜ਼ੇਵਾਲਾ, ਸ: ਸੰਤ ਸਿੰਘ ਬਰਾੜ, ਐਡਵੋਕੇਟ ਗੁਰਮੀਤ ਸਿੰਘ ਮਾਨ ਆਦਿ ਵੀ ਹਾਜਰ ਸਨ।

No comments: