jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਹੜ੍ਹ ਕਾਰਨ ਰਾਵੀ ਦਾ ਪਾਣੀ ਸਰਹੱਦੀ ਪਿੰਡਾਂ ਵਿੱਚ ਦਾਖ਼ਲ

www.sabblok.blogspot.com

ਜਤਿੰਦਰ ਸਿੰਘ ਬੈਂਸ
ਗੁਰਦਾਸਪੁਰ, 4 ਅਗਸਤਬਮਿਆਲ ਸੈਕਟਰ ਵਿਖੇ ਉੱਝ ਦਰਿਆ ’ਚ ਹੜ੍ਹ ਆਉਣ ਮਗਰੋਂ ਗੁਰਦਾਸਪੁਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਤੇ ਰਾਵੀ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕ 1988 ਵਰਗੇ ਹੜ੍ਹਾਂ ਦੀ ਸੋਚ ਤੋਂ ਖੌਫ਼ਜ਼ਦਾ ਹਨ। ਉਦੋਂ ਹੜ੍ਹਾਂ ਨੇ ਇਲਾਕੇ ਅੰਦਰ ਇੰਨੇ ਵੱਡੇ ਪੱਧਰ ਉੱਤੇ ਤਬਾਹੀ ਮਚਾਈ ਸੀ ਕਿ ਪਿੰਡਾਂ ਦੇ ਪਿੰਡ ਦਾ ਉਜਾੜਾ ਕਰ ਦਿੱਤਾ ਸੀ। ਉੱਝ ਦਰਿਆ ਵਿਖੇ ਹੜ੍ਹ ਆਉਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੇ ਇਸ ਇਲਾਕੇ ਅੰਦਰ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਮਕੌੜਾ ਪੱਤਣ ਵਿਖੇ ਰਾਵੀ ਦਰਿਆ ਪਾਰਲੇ ਦਰਜਨਾਂ ਪਿੰਡਾਂ ਦਾ ਇਲਾਕੇ ਨਾਲੋਂ ਲਗਪਗ ਸੰਪਰਕ ਟੁੱਟ ਗਿਆ ਹੈ ਕਿਉਂਕਿ ਦਰਿਆ ਅੰਦਰ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਕਿਸ਼ਤੀ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਦਰਿਆ ਅੰਦਰ ਪਾਣੀ ਦੀ ਪੱਧਰ ਵਧਣ ਉਪਰੰਤ ਸਥਿਤੀ ਭਿਆਨਕ ਬਣ ਗਈ ਹੈ ਅਤੇ ਪਾਣੀ ਦਰਿਆ ਵਿੱਚੋਂ ਓਵਰਫਲੋਅ ਹੋ ਕੇ ਬਾਹਰ ਖੇਤਾਂ ਅਤੇ ਦਰਿਆ ਪਾਰਲੇ ਪਿੰਡਾਂ ਅੰਦਰ ਫੈਲ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਜਨਤਕ ਨੁਮਾਇੰਦਾ ਦਰਿਆ ਕੰਢੇ ਵਸੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਾ। ਇਸ ਕਾਰਨ ਇਲਾਕੇ ਦੇ ਲੋਕਾਂ ਅੰਦਰ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਮਕੌੜਾ ਪੱਤਣ ਵਿਖੇ ਉੱਝ ਦਰਿਆ ਦਾ ਰਾਵੀ ਵਿੱਚ ਸੰਗਮ ਹੋਣ ਉਪਰੰਤ ਅੱਗੇ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਵਧ ਜਾਂਦਾ ਹੈ। ਦਰਿਆ ਅੰਦਰ ਪਾਣੀ 15 ਫੁੱਟ ਤੋਂ  ਉੱਤੇ ਵਗ ਰਿਹਾ ਹੈ। ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਲਈ ਸਬੰਧਤ ਵਿਭਾਗ ਵੱਲੋਂ ਬਣਾਏ ਸੱਪਰ ਨਾਕਾਮ ਸਾਬਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਕੰਢੇ ਵੱਸੇ  ਇਥੋਂ ਦੇ ਪਿੰਡਾਂ ਦੇ ਲੋਕ ਸਾਲ 1988 ਵਿੱਚ ਭਿਆਨਕ ਹੜ੍ਹਾਂ ਦੀ ਤਬਾਹੀ ਕਾਰਨ  ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਇਲਾਕੇ ਅੰਦਰ ਕਈ-ਕਈ ਫੁੱਟ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਅਤੇ ਦਰਖਤਾਂ ਉੱਤੇ ਚੜ੍ਹ ਕੇ ਸਮਾਂ ਲੰਘਾਉਣ ਲਈ ਮਜਬੂਰ ਹੋਣਾ ਪਿਆ ਸੀ। ਇਸੇ ਤਰ੍ਹਾਂ 1992, 95 ਅਤੇ 97 ਦੇ ਹੜ੍ਹਾਂ ਦਾ ਸੰਤਾਪ ਵੀ ਲੋਕ ਅਜੇ ਭੁੱਲੇ ਨਹੀਂ ਹਨ। ਇਨ੍ਹਾਂ ਪਿੰਡਾਂ ਦੇ ਲੋਕ ਅਜੇ ਮਸਾਂ ਆਪਣੇ ਪੈਰਾਂ ’ਤੇ ਖੜ੍ਹੇ ਹੁੰਦੇ ਹਨ ਕਿ ਦਰਿਆ ਅੰਦਰ ਮੁੜ ਹੜ ਆਉਣ  ਕਾਰਨ ਲੋਕਾਂ ਦੀ ਸਥਿਤੀ ਮੁੜ ਪਹਿਲੇ ਥਾਂ ਪੁੱਜ ਜਾਂਦੀ ਹੈ। ਲੇਕਿਨ ਪਿਛਲੇ ਸਮੇਂ ਦੌਰਾਨ ਹੜ੍ਹਾਂ ਦੀ ਤਬਾਹੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਸਿੱਖਿਆ। ਬਰਸਾਤਾਂ ਦੌਰਾਨ ਸੰਭਾਵਿਤ ਹੜ੍ਹਾਂ ਨੂੰ ਰੋਕਣ ਦੇ        ਦਾਅਵੇ ਕਾਗਜ਼ਾਂ ਤਕ ਹੀ ਸੀਮਤ ਰਹਿ ਜਾਂਦੇ ਹਨ। ਹਾਲਾਂਕਿ ਡੇਢ ਕੁ ਮਹੀਨਾ ਪਹਿਲਾਂ ਇਲਾਕੇ ਬਾਰੇ ਤਫਸੀਲੀ ਰਿਪੋਰਟ ਨਸ਼ਰ ਕਰਨ ਦੇ ਬਾਵਜੂਦ ਪ੍ਰਸ਼ਾਸਨ ਹਰਕਤ ਵਿੱਚ ਨਹੀਂ  ਆਇਆ ਸੀ ਜਿਸ ਦਾ ਖਾਮਿਆਜ਼ਾ ਹੁਣ ਇਥੋਂ ਦੇ ਲੋਕਾਂ ਨੂੰ ਮੁੜ ਭੁਗਤਣਾ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿਖੇ 90 ਕਿਲੋਮੀਟਰ ਦੇ ਕਰੀਬ ਧੁੱਸੀ ਬੰਨ੍ਹ ਦੌਰਾਨ ਅਨੇਕਾਂ ਨਾਜ਼ੁਕ ਥਾਵਾਂ ਹਨ ਜਿਥੇ ਹੜ੍ਹਾਂ ਦਾ ਖਤਰਾ ਸਭ ਤੋਂ ਵਧ ਬਣਿਆ ਰਹਿੰਦਾ ਹੈ। ਮਕੌੜਾ ਪੱਤਣ ਵਿਖੇ ਉੱਝ ਦਰਿਆ ਦਾ ਦਰਿਆ ਰਾਵੀ ਵਿੱਚ ਸੰਗਮ ਹੁੰਦਾ ਹੈ ਅਤੇ ਅੱਗੇ ਦੋਵੇਂ ਦਰਿਆ ਨਾਲ-ਨਾਲ ਚੱਲਦੇ ਹਨ। ਇਸ ਵਾਰ ਬਾਰਸ਼ਾਂ ਜ਼ਿਆਦਾ ਹੋਣ ਕਾਰਨ ਪਹਿਲਾਂ ਸਮਿਆਂ ਦੌਰਾਨ ਆਏ ਹੜ੍ਹਾਂ ਵਾਂਗ ਹੀ ਸਥਿਤੀ ਭਿਆਨਕ ਬਣ ਗਈ ਹੈ ਜਿਸ ਕਾਰਨ ਪਾਰਲੇ ਪਿੰਡਾਂ ਚੇਬੇ, ਭਰਿਆਲ, ਮੰਮੀ ਚੱਕਰੰਗਾ, ਕਜ਼ਲੇ, ਲਸਿਆਨ, ਤੂਰ, ਕੂਕਰ ਆਦਿ ਤੋਂ ਇਲਾਵਾ ਧੁੱਸੀ ਨਾਲ ਲੱਗਦੇ ਪਿੰਡਾਂ  ਚੌਂਤਰਾ, ਸਲਾਚ, ਕਮਾਲਪੁਰ, ਰੋਸੇ, ਠਾਕੁਰਪੁਰ, ਜੈਨਪੁਰ, ਹਸਨਪੁਰ, ਗੱਜੂਪੁਰ ਸਮੇਤ  ਅਨੇਕਾਂ ਹੋਰ ਪਿੰਡ ਹੜ੍ਹਾਂ ਦੇ ਸਾਏ ਹੇਠ ਹਨ।
ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਅੰਦਰ ਭਿਆਨਕ ਹੜ੍ਹਾਂ ਦਾ ਖ਼ਤਰਾ ਨਿਰੰਤਰ ਮੰਡਰਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜੇ ਤਾਂ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਅਤੇ ਇਲਾਕੇ ਅੰਦਰ ਹੀ ਫੈਲਿਆ ਹੈ ਅਤੇ ਦਰਿਆ  ਕੰਢੇ ਵਸੇ ਗੁੱਜਰ ਹੀ ਪ੍ਰਭਾਵਿਤ ਹੋਏ ਹਨ। ਲੇਕਿਨ ਜਿਸ ਤਰ੍ਹਾਂ ਸਥਿਤੀ ਬਣਦੀ ਜਾ ਰਹੀ ਹੈ ਉਸ ਕਾਰਨ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਹਨ।  ਉਨ੍ਹਾਂ ਕਿਹਾ ਕਿ ਖੁਦ ਨੂੰ ਜਨਤਕ ਨੁਮਾਇੰਦੇ ਅਖਵਾਉਣ ਵਾਲਿਆਂ ਨੂੰ ਵੀ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਯਾਦ ਕਿਸੇ ਤਰ੍ਹਾਂ ਦੀਆਂ ਚੋਣਾਂ ਦੌਰਾਨ ਹੀ ਆਉਂਦੀ ਹੈ। ਇਲਾਕੇ ਦੇ ਲੋਕਾਂ ਨੇ ਹੜ੍ਹ ਆਉਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਲਾਕੇ ਦਾ ਦੌਰਾ ਕਰਕੇ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।
ਉਧਰ, ਜ਼ਿਲ੍ਹਾ ਪ੍ਰਸ਼ਾਸਨ ਦੇ ਪੰਜ ਅਗਸਤ ਦੇ ਕਾਹਨੂੰਵਾਨ ਦਾਣਾ ਮੰਡੀ ਵਿਖੇ ਸਰਪੰਚਾਂ ਤੇ ਪੰਚਾਂ ਨੂੰ ਸਹੁੰ ਚੁੱਕਣ ਲਈ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮਾਂ ਨੂੰ ਸਫ਼ਲ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।

No comments: